ਫੌਜੀ ਜਵਾਨਾਂ ਦਾ ਸੇਵਾਕਾਲ ਵਧਾਉਣ ਦੀ ਜਨਰਲ ਵਿਪਿਨ ਰਾਵਤ ਦੀ ਤਜਵੀਜ ਦਾ ਸਾਬਕਾ ਫੌਜੀਆਂ ਵਲੋਂ ਵਿਰੋਧ


ਐਸ ਏ ਐਸ ਨਗਰ, 15 ਦਸੰਬਰ (ਸ.ਬ.) ਸਾਬਕਾ ਫੌਜੀਆਂ ਦੀ ਸੰਸਥਾ ਐਕਸ ਸਰਵਿਸਮੈਨ ਗ੍ਰਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਅਤੇ ਫੌਜ ਮੁਖੀ ਜਨਰਲ ਵਿਪਿਨ ਰਾਵਤ ਫੌਜ ਨੂੰ ਕਮਜੋਰ ਕਰਨ ਦਾ ਕੰਮ ਕਰ ਰਹੇ ਹਨ ਅਤੇ ਇਸ ਕਾਰਨ ਆਉਣ ਵਾਲੇ ਸਮੇਂ ਦੌਰਾਨ ਦੇਸ਼ ਦੀ ਸੁਰਖਿਆ ਵਾਸਤੇ ਗੰਭੀਰ ਖਤਰਾ ਪੈਦਾ ਹੋ ਜਾਣਾ ਹੈ| 
ਸਕਾਈ ਹਾਕ ਟਾਈਮਜ਼ ਨਾਲ ਗੱਲ ਕਰਦਿਆਂ ਸ੍ਰ. ਸੋਹੀ ਨੇ ਕਿਹਾ ਕਿ ਜਨਰਲ ਵਿਪਿਨ ਰਾਵਤ ਵਲੋਂ ਇਹ ਤਜਵੀਜ ਦਿੱਤੀ ਗਈ ਹੈ ਕਿ ਫੌਜ ਦੇ ਜਵਾਨਾਂ ਦੀ ਨੌਕਰੀ ਦਾ ਘੱਟੋ ਘੱਟ ਸਮਾਂ 35 ਸਾਲ ਕਰ ਦਿੱਤਾ ਜਾਵੇ ਅਤੇ 35 ਸਾਲ ਦੀ ਨੌਕਰੀ ਮੁਕੰਮਲ ਕਰਨ ਵਾਲੇ ਜਵਾਨਾਂ ਨੂੰ ਹੀ ਪੂਰੀ ਪੈਂਸ਼ਨ ਦਾ ਲਾਭ ਦਿੱਤਾ ਜਾਵੇ| ਇਸਦੇ ਨਾਲ ਹੀ ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਜਿਹੜੇ ਜਵਾਨ ਇਸਤੋਂ ਪਹਿਲਾਂ ਰਿਟਾਇਰਮੈਂਟ ਲੈਣ ਉਹਨਾਂ ਨੂੰ ਅੱਧੀ ਪੈਂਸ਼ਨ ਦਿੱਤੀ ਜਾਵੇ| ਸ੍ਰ. ਸੋਹੀ ਨੇ ਕਿਹਾ ਕਿ ਜਨਰਲ ਵਿਪਿਨ ਰਾਵਤ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਫੌਜ ਵਿੱਚ ਕੰਮ ਕਰਨਾ ਸਿਰਫ ਨੌਕਰੀ ਨਹੀਂ ਹੈ ਬਲਕਿ ਉੱਥੇ ਜਾਨ ਤਲੀ ਤੇ ਧਰ ਕੇ ਦੁਸ਼ਮਨ ਦਾ ਟਾਕਰਾ ਕਰਨਾ ਪੈਂਦਾ ਹੈ ਜਿਸ ਵਾਸਤੇ ਨੌਜਵਾਨ ਲੜਾਕਿਆਂ ਦੀ ਲੋੜ ਹੁੰਦੀ ਹੈ ਪਰੰਤੂ ਜਨਰਲ ਰਾਵਤ ਦੀ ਇਹ ਤਜਵੀਜ ਲਾਗੂ ਹੋਣ ਨਾਲ ਜਵਾਨਾਂ ਨੂੰ 55 ਤੋਂ 60 ਸਾਲ ਦੀ ਉਮਰ ਤਕ ਨੌਕਰੀ ਕਰਨੀ ਪਵੇਗੀ ਅਤੇ ਇੰਨੀ ਜਿਆਦਾ ਉਮਰ ਦੇ ਸਿਪਾਹੀ ਭਲਾ ਕੀ ਲੜਾਈ ਕਰ ਪਾਣਗੇ| 
ਉਹਨਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਬਲਕਿ ਫੌਜ ਦੇ ਆਧੁਨਿਕੀਕਰਨ ਦੇ ਨਾਮ ਤੇ 1 ਲੱਖ ਫੌਜ ਘੱਟ ਕਰਨ ਦੀ ਤਜਵੀਜ ਦਿੱਤੀ ਗਈ ਹੈ ਜਿਸ ਨਾਲ ਫੌਜ ਹੋਰ ਕਮਜੋਰ ਹੋਵੇਗੀ ਜਦੋਂ ਕਿ ਚੀਨ ਅਤੇ ਪਾਕਿਸਤਾਨ ਵਲੋਂ ਸਰਹੱਦ ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਫੌਜ ਦੀ ਨਫਰੀ ਵਧਾਉਣ ਦੀ ਲੋੜ ਹੈ ਪਰੰਤੂ ਜਨਰਲ ਇਸਨੂੰ ਘੱਟ ਕਰਨ ਦੀ ਸਿਫਾਰਿਸ਼ ਕਰ ਰਹੇ ਹਨ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਰਖਿਆ ਬਜਟ ਵੀ ਦੋ ਫੀਸਦੀ ਤੋਂ ਘਟਾ ਕੇ 1.5 ਫੀਸਦੀ ਕਰ ਦਿੱਤਾ ਗਿਆ ਹੈ ਜਦੋਂਕਿ ਮੌਜੂਦਾ ਖਤਰਿਆਂ ਨੂੰ ਮੁੱਖ ਰੱਖਦਿਆਂ ਇਸ ਬਜਟ ਵਿੱਚ ਵਾਧਾ ਕਰਨ ਦੀ ਲੋੜ ਹੈ| ਉਹਨਾਂ ਕਿਹਾ ਕਿ ਇਸ ਸਾਰੇ ਕੁੱਝ ਲਈ ਦੇਸ਼ ਦੀ ਸੱਤਾ ਸੰਭਾਲਣ ਵਾਲੀ ਉਹ ਸਿਆਸੀ ਅਗਵਾਈ ਜਿੰਮੇਵਾਰ ਹੈ ਜਿਹੜੀ ਨਾ ਤਾਂ ਕਦੇ ਖੁਦ ਫੌਜ ਵਿੱਚ ਰਹੀ ਹੈ ਅਤੇ ਨਾ ਹੀ ਉਸਨੇ ਕਦੇ ਆਪਣੇ ਬੱਚਿਆਂ ਨੂੰ ਫੌਜ ਵਿੱਚ                ਭੇਜਿਆ ਹੈ| ਉਹਨਾਂ ਮੰਗ ਕੀਤੀ ਹੈ ਕਿ ਇਹ ਤਜਵੀਜ ਤੁਰੰਤ ਵਾਪਸ ਲਈ ਜਾਵੇ|

Leave a Reply

Your email address will not be published. Required fields are marked *