ਫੌਜ ਵਿਚਲੇ ਖਾਲੀ ਅਹੁਦਿਆਂ ਨੂੰ ਤੁਰੰਤ ਭਰਿਆ ਜਾਵੇ

ਜਿਸ ਸਮੇਂ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਤਨਾਓ ਜਾਂ ਟਕਰਾਓ ਦੀਆਂ ਖਬਰਾਂ ਆ ਰਹੀਆਂ ਹਨ, ਉਸ ਸਮੇਂ ਇਹ ਗੱਲ ਚਿੰਤਾ ਵਿੱਚ ਪਾਉਣ ਵਾਲੀ ਹੈ ਕਿ ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਵੱਡੀ ਗਿਣਤੀ ਵਿੱਚ ਫੌਜੀਆਂ ਦੇ ਅਹੁਦੇ ਖਾਲੀ ਪਏ ਹਨ| ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਕਿਸੇ ਵੀ ਫੌਜੀ ਹਮਲੇ ਦੀ ਹਾਲਤ ਵਿੱਚ ਦੇਸ਼ ਦੇ ਤਿਆਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਦੂਜੇ ਪਾਸੇ ਭਾਰੀ ਪੈਮਾਨੇ ਉਤੇ ਫੌਜੀਆਂ ਦੀ ਕਮੀ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ| ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਰੱਖਿਆ ਮੰਤਰੀ ਨੇ ਦੱਸਿਆ ਕਿ ਤਿੰਨਾਂ ਸੈਨਾਵਾਂ ਵਿੱਚ 52 ਹਜਾਰ ਤੋਂ ਜ਼ਿਆਦਾ ਕਰਮੀਆਂ ਦੀ ਕਮੀ ਹੈ| ਹਾਲਾਂਕਿ 14 ਲੱਖ ਤੋਂ ਜ਼ਿਆਦਾ ਫੌਜੀਆਂ ਦੀ ਮੰਜੂਰ ਗਿਣਤੀ ਵਿੱਚ 52 ਹਜਾਰ ਕਰਮੀਆਂ ਦੀ ਕਮੀ ਕੋਈ ਵੱਡੀ ਚਿੰਤਾ ਦਾ ਮਾਮਲਾ ਨਹੀਂ ਹੈ, ਪਰੰਤੂ ਫੌਜੀ ਤਿਆਰੀਆਂ ਅਤੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੇ ਮੱਦੇਨਜਰ ਦੇਖੀਏ ਤਾਂ ਕਈ ਵਾਰ ਅਜਿਹੀ ਛੋਟੀ ਗਿਣਤੀ ਨੂੰ ਵੀ ਨਜਰਅੰਦਾਜ ਕਰਨਾ ਉਚਿਤ ਨਹੀਂ ਹੁੰਦਾ| ਜੇਕਰ ਰੱਖਿਆ ਬਜਟ ਤੋਂ ਲੈ ਕੇ ਫੌਜ ਦੀ ਹਰ ਜ਼ਰੂਰਤ ਪੂਰੀ ਕਰਨ ਦੇ ਕਿਸੇ ਵੀ ਮੋਰਚੇ ਤੇ ਸਰਕਾਰ ਜਾਗਰੂਕ ਹੈ, ਤਾਂ ਇੰਨੀ ਵੱਡੀ ਗਿਣਤੀ ਵਿੱਚ ਫੌਜੀਆਂ ਦੀ ਕਮੀ ਦਾ ਮੁੱਦਾ ਹਾਸ਼ੀਏ ਤੇ ਕਿਉਂ ਦਿਸਦਾ ਹੈ|
ਵੈਸੇ ਸਰਕਾਰ ਨੇ ਹਥਿਆਰਬੰਦ ਦਸਤਿਆਂ ਵਿੱਚ ਫੌਜੀਆਂ ਦੀ ਕਮੀ ਨੂੰ ਦੂਰ ਕਰਨ ਲਈ ਕਈ ਕਦਮ ਚੁੱਕਣ ਦੀ ਗੱਲ ਕਹੀ ਹੈ| ਪਰੰਤੂ ਅਜਿਹੇ ਭਰੋਸਾ ਲੰਬੇ ਸਮੇਂ ਤੋਂ ਪੇਸ਼ ਕੀਤੇ ਜਾਂਦੇ ਰਹੇ ਹਨ ਅਤੇ ਹਾਲਾਤ ਵਿੱਚ ਕੋਈ ਵੱਡਾ ਫਰਕ ਨਹੀਂ ਆਇਆ ਹੈ| ਤਕਰੀਬਨ ਤਿੰਨ ਸਾਲ ਪਹਿਲਾਂ ਉਸ ਸਮੇਂ ਦੇ ਰੱਖਿਆ ਮੰਤਰੀ ਮਨੋਹਰ ਪੱਰੀਕਰ ਨੇ ਵੀ ਲੋਕਸਭਾ ਵਿੱਚ 52 ਹਜਾਰ ਅਹੁਦੇ ਖਾਲੀ ਹੋਣ ਦੀ ਗੱਲ ਕਹੀ ਸੀ| ਸਵਾਲ ਹੈ ਕਿ ਜਦੋਂ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਦੇ ਸੌਦਿਆਂ ਉਤੇ ਭਾਰੀ ਖਰਚ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ, ਉਸ ਵਿੱਚ ਫੌਜੀਆਂ ਦੀ ਕਮੀ ਦੇ ਮਾਮਲੇ ਵਿੱਚ ਇਸ ਪੱਧਰ ਦੀ ਉਦਾਸੀਨਤਾ ਕਿੰਨੀ ਠੀਕ ਹੈ! ਕੀ ਇਹ ਹਾਲਤ ਭਰਤੀਆਂ ਦੇ ਪ੍ਰਤੀ ਢਿੱਲੇ – ਢਾਲੇ ਰਵਈਏ ਜਾਂ ਫਿਰ ਫੌਜੀ ਸੇਵਾਵਾਂ ਦੇ ਪ੍ਰਤੀ ਨੌਜਵਾਨਾਂ ਦੇ ਆਕਰਸ਼ਤ ਨਾ ਹੋਣ ਦਾ ਨਤੀਜਾ ਹੈ? ਜੇਕਰ ਅਜਿਹਾ ਹੈ ਤਾਂ ਇਸ ਨਾਲ ਨਿਪਟਨ ਲਈ ਸਰਕਾਰ ਕੀ ਕਰ ਰਹੀ ਹੈ ? ਕਈ ਸਾਲ ਪਹਿਲਾਂ ਤੋਂ ਨੌਜਵਾਨਾਂ ਨੂੰ ਫੌਜ ਵਿੱਚ ਸ਼ਾਮਿਲ ਕਰਨ ਲਈ ਸਰਕਾਰ ਕਈ ਉਪਾਅ ਕਰਨ ਦੀ ਗੱਲ ਕਹਿ ਰਹੀ ਹੈ| ਇਸ ਵਾਰ ਵੀ ਕਿਹਾ ਗਿਆ ਹੈ ਕਿ ਫੌਜੀਆਂ ਦੀ ਕਮੀ ਦੂਰ ਕਰਨ ਲਈ ਦੇਸ਼ ਦੇ ਹਰੇਕ ਹਿੱਸੇ ਵਿੱਚ ਭਰਤੀ ਜੋਨਾਂ ਦੀ ਗਿਣਤੀ ਵਧਾਈ ਗਈ ਹੈ, ਸੋਸ਼ਲ ਮੀਡੀਆ ਦੇ ਪ੍ਰਯੋਗ ਤੋਂ ਇਲਾਵਾ ਆਨਲਾਈਨ ਪ੍ਰੀਕ੍ਰਿਆ ਉਤੇ ਖਾਸ ਜ਼ੋਰ ਦੇਣ ਦੇ ਨਾਲ-ਨਾਲ ਚੋਣ ਦੇ ਤੌਰ – ਤਰੀਕੇ ਨੂੰ ਆਸਾਨ ਬਣਾਇਆ ਜਾ ਰਿਹਾ ਹੈ|
ਪਰੰਤੂ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਫੌਜੀ ਦਸਤਿਆਂ ਵਿੱਚ ਭਰਤੀਆਂ ਰੁਜਗਾਰ ਦੇ ਦੂਜੇ ਖੇਤਰਾਂ ਦੀ ਤਰ੍ਹਾਂ ਨਹੀਂ ਹਨ| ਇਹ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਸੰਵੇਦਨਸ਼ੀਲ ਮਾਮਲਾ ਹੈ| ਸਰਹੱਦ ਖੇਤਰਾਂ ਵਿੱਚ ਜਾਂ ਫਿਰ ਦੇਸ਼ ਦੇ ਅੰਦਰ ਕਈ ਵਾਰ ਗ਼ੈਰ-ਮਾਮੂਲੀ ਹਾਲਾਤਾਂ ਵਿੱਚ ਲੋੜੀਂਦੇ ਫੌਜੀਆਂ ਦੀ ਜ਼ਰੂਰਤ ਪੈ ਸਕਦੀ ਹੈ| ਖਾਸ ਤੌਰ ਤੇ ਹਾਲ ਦੇ ਦਿਨਾਂ ਵਿੱਚ ਸਰਹੱਦ ਉਤੇ ਪਾਕਿਸਤਾਨ ਅਤੇ ਡੋਕਲਾਮ ਖੇਤਰ ਦੇ ਬਹਾਨੇ ਚੀਨ ਦੇ ਵਰਗੇ ਰੁਖ਼ ਸਾਹਮਣੇ ਆ ਰਹੇ ਹਨ, ਉਸ ਵਿੱਚ ਇਸ ਮੋਰਚੇ ਉਤੇ ਜਰਾ ਵੀ ਕਸਰ ਨਹੀਂ ਵਰਤੀ ਜਾਣੀ ਚਾਹੀਦੀ ਹੈ| ਪਰੰਤੂ ਹਥਿਆਰਬੰਦ ਦਸਤਿਆਂ ਵਿੱਚ ਕਰਮੀਆਂ ਦੀ ਕਮੀ ਦੀ ਖਬਰ ਤੋਂ ਇਲਾਵਾ ਸੱਚ ਇਹ ਵੀ ਹੈ ਕਿ ਲਗਭਗ 8 ਮਹੀਨੇ ਪਹਿਲਾਂ ਕੈਗ ਨੇ ਸੰਸਦ ਵਿੱਚ ਪੇਸ਼ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਦੇਸ਼ ਦੀ ਫੌਜ ਦੇ ਕੋਲ ਗੋਲਾ-ਬਾਰੂਦ ਦੀ ਭਾਰੀ ਕਮੀ ਹੈ ਅਤੇ ਅਚਾਨਕ ਲੜਾਈ ਦੀ ਹਾਲਤ ਵਿੱਚ ਜ਼ਰੂਰਤ ਪੈਣ ਉਤੇ ਦਸ ਦਿਨ ਤੋਂ ਵੀ ਘੱਟ ਦੀ ਖੇਪ ਮੌਜੂਦ ਹੈ| ਇਸ ਹਾਲਾਤ ਵਿੱਚ ਬਾਹਰੀ ਜਾਂ ਅੰਦਰੂਨੀ ਮੋਰਚੇ ਤੇ ਸੁਰੱਖਿਆ ਦੇ ਸਵਾਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਕਿਵੇਂ ਰਿਹਾ ਜਾ ਸਕਦਾ ਹੈ|
ਪ੍ਰਭਸਿਮਰਨ

Leave a Reply

Your email address will not be published. Required fields are marked *