ਫੌਜ ਵਿੱਚ ਔਰਤਾਂ ਦੀ ਭੂਮਿਕਾ ਲਈ ਆਧੁਨਿਕ ਨਜਰੀਏ ਦੀ ਲੋੜ

ਮਿਲੀਟਰੀ ਪੁਲੀਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ| ਰੱਖਿਆ ਮੰਤਰੀ ਨੇ ਮਿਲੀਟਰੀ ਪੁਲੀਸ ਵਿੱਚ ਔਰਤਾਂ ਨੂੰ ਬਤੌਰ ਜਵਾਨ ਭਰਤੀ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ| ਹੁਣ ਤੱਕ ਉਨ੍ਹਾਂ ਨੂੰ ਆਰਮੀ ਵਿੱਚ ਬਤੌਰ ਅਫਸਰ ਕੁੱਝ ਸੀਮਿਤ ਸੇਵਾਵਾਂ ਵਿੱਚ ਭਰਤੀ ਹੋਣ ਦੀ ਇਜਾਜਤ ਸੀ| ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਬੀਤੇ ਦਿਨੀਂ ਕਿਹਾ ਕਿ ਫੌਜ ਪੁਲੀਸ ਵਿੱਚ ਔਰਤਾਂ ਨੂੰ ਚਰਣਬੱਧ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇਗਾ ਅਤੇ ਆਖਿਰ ਉਸ ਵਿੱਚ ਇਹਨਾਂ ਦੀ ਗਿਣਤੀ 20 ਫ਼ੀਸਦੀ ਤੱਕ ਹੋ ਜਾਵੇਗੀ| ਫਿਲਹਾਲ ਫੌਜ ਨੇ ਘੱਟ ਤੋਂ ਘੱਟ 800 ਔਰਤਾਂ ਨੂੰ ਫੌਜ ਪੁਲੀਸ ਵਿੱਚ ਸ਼ਾਮਿਲ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਜੋ ਬਲਾਤਕਾਰ ਅਤੇ ਛੇੜਛਾੜ ਵਰਗੇ ਮਾਮਲਿਆਂ ਦੀ ਜਾਂਚ ਕਰਨਗੀਆਂ|
ਫੌਜ ਪੁਲੀਸ ਦਾ ਕੰਮ ਫੌਜੀ ਅਦਾਰਿਆਂ ਦੇ ਨਾਲ ਕੈਂਟੋਨਮੈਂਟ ਇਲਾਕਿਆਂ ਦੀ ਦੇਖਭਾਲ ਕਰਨਾ ਹੁੰਦਾ ਹੈ| ਇਹ ਸ਼ਾਂਤੀ ਅਤੇ ਲੜਾਈ ਦੇ ਸਮੇਂ ਜਵਾਨਾਂ ਅਤੇ ਸਾਜੋ ਸਾਮਾਨ ਦੀ ਮੂਵਮੈਂਟ ਨੂੰ ਸੰਚਾਲਿਤ ਕਰਦੀ ਹੈ| ਫੌਜ ਮੁੱਖੀ ਬਿਪਿਨ ਰਾਵਤ ਨੇ ਪਿਛਲੇ ਸਾਲ ਔਰਤਾਂ ਨੂੰ ਫੌਜ ਪੁਲੀਸ ਵਿੱਚ ਸ਼ਾਮਿਲ ਕਰਨ ਦੀ ਘੋਸ਼ਣਾ ਕੀਤੀ ਸੀ| ਦਰਅਸਲ ਇਹ ਔਰਤਾਂ ਨੂੰ ਲੜਾਕੂ ਭੂਮਿਕਾ ਵਿੱਚ ਲਿਆਉਣ ਤੋਂ ਪਹਿਲਾਂ ਦਾ ਇੱਕ ਕਦਮ ਹੈ| ਫੌਜ ਵਿੱਚ ਔਰਤਾਂ ਦੀ ਗਿਣਤੀ ਹੁਣੇ 3.80 ਫੀਸਦੀ ਹੈ| ਔਰਤਾਂ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਫੌਜ ਵਿੱਚ ਝਿਜਕ ਰਹੀ ਹੈ| ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਉਹ ਆਪਣੀ ਸਰੀਰਕ ਸੰਰਚਨਾ ਦੀ ਵਜ੍ਹਾ ਨਾਲ ਫੌਜ ਦੀ ਸਖਤ ਡਿਊਟੀ ਨਹੀਂ ਝੱਲ ਸਕਣਗੀਆਂ| ਪਰ ਹੌਲੀ – ਹੌਲੀ ਜਦੋਂ ਫੌਜ ਦੇ ਦਰਵਾਜੇ ਔਰਤਾਂ ਲਈ ਖੁੱਲਣ ਲੱਗੇ ਤਾਂ ਉਨ੍ਹਾਂ ਨੇ ਸਾਬਤ ਕੀਤਾ ਕਿ ਉਹ ਕਿਸੇ ਵੀ ਮਾਮਲੇ ਵਿੱਚ ਪੁਰਸ਼ਾਂ ਤੋਂ ਘੱਟ ਨਹੀਂ ਹਨ| ਫਿਰ ਹੌਲੀ – ਹੌਲੀ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਣ ਲੱਗਿਆ ਹੈ| ਉਂਝ ਹੁਣ ਵੀ ਉਨ੍ਹਾਂ ਨੂੰ ਲੜਾਕੂ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਸੰਸ਼ਾ ਹੈ| ਉਨ੍ਹਾਂ ਨੂੰ ਇਹ ਰੋਲ ਨਾ ਦਿੱਤੇ ਜਾਣ ਦੇ ਪਿੱਛੇ ਇੱਕ ਤਰਕ ਇਹ ਵੀ ਹੈ ਕਿ ਪਰੰਪਰਾਵਾਦੀ ਮਾਨਸਿਕਤਾ ਵਾਲੇ ਜਵਾਨ ਇੱਕ ਇਸਤਰੀ ਦੀ ਅਗਵਾਈ ਸਵੀਕਾਰ ਨਹੀਂ ਕਰ ਸਕਣਗੇ| ਜਾਹਿਰ ਹੈ, ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਨਾਲ – ਨਾਲ ਫੌਜ ਨੂੰ ਉਨ੍ਹਾਂ ਦੇ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ਸਹਿਜ ਅਤੇ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ਹੈ|
ਇਹ ਦੁਖਦ ਹੈ ਕਿ ਸਮੇਂ-ਸਮੇਂ ਤੇ ਫੌਜ ਵਿੱਚ ਔਰਤਾਂ ਦੇ ਨਾਲ ਭੇਦਭਾਵ ਅਤੇ ਸੋਸ਼ਣ ਦੀਆਂ ਖਬਰਾਂ ਆ ਹੀ ਜਾਂਦੀਆਂ ਹਨ| ਉਨ੍ਹਾਂ ਨੂੰ ਸਿਰਫ ਮਹਿਲਾ ਹੋਣ ਦੀ ਵਜ੍ਹਾ ਨਾਲ ਕਈ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ| ਬੀਤੇ ਦਿਨੀਂ ਸੁਪ੍ਰੀਮ ਕੋਰਟ ਨੇ ਕਿਹਾ ਕਿ ਫੌਜ ਨੂੰ ਆਪਣੇ ਮਹਿਲਾ ਅਧਿਕਾਰੀਆਂ ਲਈ ਅਨੁਕੂਲ ਮਾਹੌਲ ਕਾਇਮ ਕਰਨਾ ਚਾਹੀਦਾ ਹੈ| ਅਦਾਲਤ ਨੇ ਲੈਫਟੀਨੈਂਟ ਕਰਨਲ ਅਨੁ ਡੋਗਰਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਉਨ੍ਹਾਂ ਦੇ ਤਬਾਦਲੇ ਉੱਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ| ਦੋ ਸਾਲ ਦੇ ਬੱਚੇ ਦੀ ਮਾਂ ਕਰਨਲ ਡੋਗਰਾ ਦਾ ਤਬਾਦਲਾ ਅਜਿਹੀ ਜਗ੍ਹਾ ਕਰ ਦਿੱਤਾ ਗਿਆ ਜਿੱਥੇ ਕਰੈਚ ਦੀ ਸਹੂਲਤ ਨਹੀਂ ਹੈ| ਇਸ ਲਈ ਉਨ੍ਹਾਂ ਨੇ ਆਪਣੇ ਤਬਾਦਲੇ ਨੂੰ ਸੁਪ੍ਰੀਮ ਕੋਰਟ ਵਿੱਚ ਚੁਣੌਤੀ ਦਿੱਤੀ| ਔਰਤਾਂ ਦੀਆਂ ਕੁੱਝ ਖਾਸ ਜਰੂਰਤਾਂ ਹਨ, ਜਿਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ| ਉਨ੍ਹਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਦੀ ਪੋਸਟਿੰਗ ਅਤੇ ਕੰਮਕਾਜ ਦਾ ਨਿਰਧਾਰਣ ਕੀਤਾ ਜਾਣਾ ਚਾਹੀਦਾ ਹੈ| ਆਪਣੇ ਸਿਸਟਮ ਨੂੰ ਥੋੜ੍ਹਾ ਲਚਕੀਲਾ ਬਣਾਉਣ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ| ਅਸਲ ਗੱਲ ਹੈ ਕਿ ਫੌਜ ਦੇ ਅਧਿਕਾਰੀਆਂ ਨੂੰ ਆਪਣਾ ਮਾਇੰਡਸੈਟ ਬਦਲਣਾ ਪਵੇਗਾ| ਫੌਜ ਨੂੰ ਸਿਰਫ ਆਧੁਨਿਕ ਸਾਜੋ- ਸਾਮਾਨ ਨਹੀਂ ਆਧੁਨਿਕ ਨਜਰੀਏ ਦੀ ਵੀ ਜ਼ਰੂਰਤ ਹੈ|
ਲਵੀ ਸ਼ਰਮਾ

ਨਸ਼ਿਆਂ ਦੇ ਕਾਲੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨੂੰ ਫੜੇ ਬਿਨਾ ਨਹੀਂ ਹੋਵੇਗਾ ਇਸਤੇ ਕਾਬੂ
ਦੋ ਸਾਲ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਪੰਜਾਬ ਵਿੱਚ ਲਗਾਤਾਰ ਵੱਧਦੀ ਨਸ਼ਿਆਂ ਦੀ ਸਮੱਸਿਆ ਨੂੰ ਮੁੱਦਾ ਬਣਾਇਆ ਗਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਤੇ ਕਾਬਿਜ ਹੋਣ ਦੇ ਚਾਰ ਹਫਤਿਆਂ ਵਿੱਚ ਵਿੱਚ ਨਸ਼ਿਆਂ ਦੀ ਸਮੱਸਿਆ ਨੂੰਖਤਮ ਕਰਨ ਦੀ ਸੰਹੁ ਵੀ ਖਾਦੀ ਗਈ ਸੀ| ਪਰੰਤੂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਤੋਂ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਇਸ ਗੰਭੀਰ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਦਾ ਇਹ ਦਾਅਵਾ ਪੂਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ ਹੈ|
ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚਲ ਰਿਹਾ ਹੈ ਅਤੇ ਇਸਦੇ ਖਿਲਾਫ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਭਾਵੇਂ ਰੋਜਾਨਾਂ ਹੀ ਨਸ਼ਿਆਂ ਦੀ ਕੋਈ ਨਾ ਕੋਈ ਛੋਟੀ ਖੇਪ ਫੜੀ ਜਾਂਦੀ ਹੈ ਪਰੰਤੂ ਪੰਜਾਬ ਵਿੱਚ ਨਸ਼ੇੜੀਆਂ ਨੂੰ ਕੀਤੀ ਜਾ ਰਹੀ ਨਸ਼ਿਆਂ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ ਆਈ ਹੈ| ਇਸ ਦੌਰਾਨ ਨਸ਼ਿਆਂ ਦੀ ਸਪਲਾਈ ਤੇ ਕਾਬੂ ਕਰਨ ਲਈ ਬਣਾਈ ਗਈ ਐਸ ਟੀ ਐਫ ਵਲੋਂ ਜਿਹੜੇ ਵਿਅਕਤੀ ਕਾਬੂ ਕੀਤੇ ਜਾ ਬਹੇ ਹਨ ਉਹ ਇੱਸ ਵਪਾਰ ਦੇ ਛੋਟੇ ਮੋਹਰੇ ਹਨ ਅਤੇ ਇਸ ਕਾਲੇ ਕਾਰੋਬਾਰ ਦੇ ਵੱਡੇ ਸੌਦਾਗਰਾਂ ਨੂੰ ਹੁਣ ਤਕ ਕਾਬੂ ਨਹੀਂ ਕੀਤਾ ਗਿਆ ਹੈ|
ਪੰਜਾਬ ਬਾਰੇ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਪੰਜ ਦਰਿਆਵਾਂ ਦੀ ਇਸ ਧਰਤੀ ਵਿੱਚ ਇੱਕ ਛੇਵਾਂ ਦਰਿਆ ਨਸ਼ਿਆਂ ਦਾ ਵੀ ਵੱਗਦਾ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਇਹ ਆਦਤ ਬਹੁਤ ਜਿਆਦਾ ਵੱਧ ਗਈ ਹੈ| ਨੌਜਵਾਨਾਂ ਵਿੱਚ ਵਧੀ ਨਸ਼ੇ ਦੀ ਇਸ ਆਦਤ ਨੇ ਜਿੱਥੇ ਸਾਡੇ ਸਮਾਜ ਨੂੰ ਵੱਡਾ ਖੋਰਾ ਲਗਾਇਆ ਹੈ ਉੱਥੇ ਇਸਦਾ ਅਸਰ ਸਾਡੇ ਸਮਾਜਿਕ ਤਾਣੇ ਬਾਣੇ ਤੇ ਵੀ ਪਿਆ ਹੈ| ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ੇੜੀ ਹੋ ਜਾਂਦਾ ਹੈ ਤਾਂ ਇਸ ਕਾਰਨ ਉਸਦੇ ਪਰਿਵਾਰ ਨੂੰ ਕਿੰਨੀ ਮਾਨਸਿਕ ਪਰੇਸ਼ਾਨੀ, ਨਮੋਸ਼ੀ ਅਤੇ ਜਿੱਲਤ ਸਹਿਣੀ ਪੈਂਦੀ ਹੈ ਇਸਨੂੰ ਬਿਆਨ ਕਰਨਾ ਵੀ ਔਖਾ ਹੈ|
ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਪੰਜਾਬ ਵਿੱਚ ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਪਰੰਤੂ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਤੇ ਹੁੰਦੀ ਨਸ਼ਿਆਂ ਦੀ ਵਿਕਰੀ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ| ਪੰਜਾਬ ਵਿੱਚ ਸੱਤਾ ਵਿੱਚ ਆਈ ਤਬਦੀਲੀ ਤੋਂ ਬਾਅਦ ਇਸ ਸੰਬੰਧੀ ਸੱਤਾਧਾਰੀ ਆਗੂਆਂ ਵਲੋਂ ਜੁਬਾਨੀ ਜਮਾਂ ਖਰਚ ਤਾਂ ਬਹੁਤ ਕੀਤਾ ਗਿਆ ਹੈ ਪਰੰਤੂ ਇਸ ਨਾਲ ਹਾਲਾਤ ਵਿੱਚ ਕੋਈ ਖਾਸ ਫਰਕ ਪਿਆ ਨਜਰ ਨਹੀਂ ਆ ਰਿਹਾ ਹੈ| ਇਸ ਦੌਰਾਨ ਪੰਜਾਬ ਪੁਲੀਸ ਵਲੋਂ ਨਸ਼ਿਆਂ ਦੇ ਵਪਾਰੀਆਂ ਖਿਲਾਫ ਜੰਗੀ ਪੱਧਰ ਤੇ ਕਾਰਵਾਈ ਕੀਤੇ ਜਾਣ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਵੀ ਬਹੁਤ ਹੋਏ ਹਨ ਪਰੰਤੂ ਪੁਲੀਸ ਦੀ ਇਹ ਕਾਰਵਾਈ ਕੋਈ ਖਾਸ ਅਸਰ ਨਹੀਂ ਛੱਡ ਪਾਈ ਅਤੇ ਇਹ ਸਮੱਸਿਆ ਹੁਣ ਵੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ| ਪੁਲੀਸ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਰੋਬਾਰ ਦੇ ਖਾਤਮੇ ਲਈ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਆਪਣੀ ਇਸ ਮੁਹਿੰਮ ਦੇ ਦੌਰਾਨ ਪੁਲੀਸ ਵਲੋਂ ਜਾਂ ਤਾਂ ਸਿਰਫ ਨਸ਼ੇੜੀਆਂ ਨੂੰ ਹੀ ਕਾਬੂ ਕੀਤਾ ਗਿਆ ਹੈ ਜਾਂ ਫਿਰ ਬਹੁਤ ਛੋਟੇ ਪੱਧਰ ਤੇ ਇਹ ਕੰਮ ਕਰਨ ਵਾਲੇ ਅਜਿਹੇ ਵਿਅਕਤੀ ਕਾਬੂ ਕੀਤੇ ਗਏ ਜਿਹੜੇ ਇਸ ਕਾਰੋਬਾਰ ਦੇ ਮਾਮੂਲੀ ਮੋਹਰੇ ਸਨ ਜਦੋਂਕਿ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਲਈ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਉਦੋਂ ਤਕ ਸਫਲ ਨਹੀਂ ਹੋ ਸਕਦੀ ਜਦੋਂ ਤਕ ਇਸ ਕਾਰੋਬਾਰ ਦੇ ਵੱਡੇ ਖਿਡਾਰੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ|
ਨਸ਼ਿਆਂ ਦਾ ਇਹ ਕਾਲਾ ਕਾਰੋਬਾਰ ਸਿਆਸੀ ਅਤੇ ਪ੍ਰਸ਼ਾਸ਼ਨਿਕ ਸਰਪਰਸਤੀ ਹੇਠ ਹੀ ਪਨਪਦਾ ਹੈ ਅਤੇ ਸਾਡੇ ਸੂਬੇ ਵਿੱਚ ਵੀ ਅਜਿਹੇ ਕਈ ਰਾਜਨੇਤਾਵਾਂ ਅਤੇ ਵੱਡੇ ਅਧਿਕਾਰੀਆਂ ਉੱਪਰ ਨਸ਼ਿਆਂ ਦੇ ਇਸ ਕਾਰੋਬਾਰ ਦੀ ਪੁਸ਼ਤ ਪਨਾਹੀ ਕਰਨ ਦੇ ਇਲਜਾਮ ਲੱਗਦੇ ਰਹੇ ਹਨ| ਸੂਬਾ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸੂਬੇ ਵਿੱਚ ਵੱਡੀ ਪੱਧਰ ਤੇ ਚਲ ਰਹੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਦੇ ਮੁਕੰਮਲ ਖਾਤਮੇ ਲਈ ਇਸ ਕੰਮ ਵਿੱਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ| ਇਸ ਸੰਬੰਧੀ ਪੁਲੀਸ ਵਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਉਸ ਵੇਲੇ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤਕ ਸਰਕਾਰ ਵਲੋਂ ਸੂਬੇ ਵਿੱਚ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਸਰਪਰਸਤੀ ਦੇਣ ਵਾਲੇ ਉੱਚ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਖਿਲਾਫ ਸਖਤੀ ਨਹੀਂ ਕੀਤੀ ਜਾਵੇਗੀ, ਇਸ ਲਈ ਪੁਲੀਸ ਵਲੋਂ ਸਭ ਤੋਂ ਪਹਿਲਾਂ ਇਸ ਕੰਮ ਵਿੱਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *