ਬਜਟ ਸ਼ੈਸ਼ਨ ਦੇ ਤੀਜੇ ਦਿਨ ਵੀ ਹੋਇਆ ਹੰਗਾਮਾ, ਅਜੈਬ ਸਿੰਘ ਭੱਟੀ ਬਣੇ ਡਿਪਟੀ ਸਪੀਕਰ

ਚੰਡੀਗੜ੍ਹ, 16 ਜੂਨ (ਸ.ਬ.) ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦਾ ਤੀਜਾ ਦਿਨ ਵੀ ਹੰਗਾਮੇ ਭਰਪੂਰ ਰਿਹਾ| ਅੱਜ ਵਿਧਾਨ ਸਭਾ ਵਿੱਚ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਨਿਯੁਕਤ ਕੀਤਾ ਗਿਆ| ਸਦਨ ਵਿੱਚ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਡਿਪਟੀ ਸਪੀਕਰ ਚੁਣੇ ਭੱਟੀ ਲਈ ਵਧਾਈ ਪੱਤਰ ਪੜਿਆ ਜਾ ਰਿਹਾ ਸੀ ਇਸ ਮੌਕੇ ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਆ ਕੇ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਨਾਰ੍ਹੇਬਾਜੀ ਕਰਨੀ ਸ਼ੁਰੂ ਕਰ ਦਿੱਤੀ| ਅੱਜ ਭਾਵੇਂ ਸਦਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿਧਾਇਕ ਬਿਕਰਮ ਮਜੀਠੀਆ ਹਾਜਰ ਨਹੀਂ ਸਨ ਪਰ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਢਿਲੋਂ , ਅਜੀਤ ਕੌਹਾੜ ਨੇ ਨਾਰ੍ਹੇਬਾਜੀ ਕੀਤੀ| ਇਸ ਮੌਕੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਨਾਰ੍ਹੇਬਾਜੀ ਕੀਤੀ|
ਹੰਗਾਮੇ ਦੌਰਾਨ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਬਾਦਲ ਨੇ 10 ਸਾਲ ਦੇ ਰਾਜ ਵਿੱਚ ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਨਾਲੋਂ ਵੀ ਵੱਧ ਲੁੱਟਿਆ ਹੈ| ਉਹਨਾਂ ਕਿਹਾ ਕਿ ਕਿਸੇ ਸਮੇਂ ਬਾਦਲ ਪਰਿਵਾਰ ਕੋਲ ਸਿਰਫ 8 ਬੱਸਾਂ ਸਨ ਪਰ ਅੱਜ 350 ਤੋਂ ਵੀ ਵੱਧ ਬੱਸਾਂ ਹਨ| ਬਿਕਰਮਜੀਤ ਮਜੀਠੀਆਂ ਕੋਲ ਵੀ 27 ਬੱਸਾਂ ਹਨ| ਉਹਨਾਂ ਕੈਪਟਨ ਅਮਰਿੰਦਰ ਸਿੰਘ ਤੋਂ ਟਰਾਂਸਪੋਰਟ ਲਾਅ ਵਿੱਚ ਅਕਾਲੀਆਂ ਵੱਲੋਂ ਕੀਤੇ ਘਪਲੇ ਦੀ ਜਾਂਚ ਦੀ ਮੰਗ ਕੀਤੀ ਤਾਂ ਕੈਪਟਨ ਨੇ ਹਾਮੀ ਭਰਦਿਆਂ ਨਵੀਂ ਟਰਾਂਸਪੋਰਟ ਪਾਲਸੀ ਲਿਆਉਣ ਦੀ ਗੱਲ ਕਹੀ|
ਇਸ ਮੌਕੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਸਬੰਧੀ ਉਹ ਆਉਣ ਵਾਲੇ ਦਿਨਾਂ ਵਿੱਚ ਵੱਡਾ ਖੁਲਾਸਾ ਕਰਨਗੇ, ਇਸ ਉਪਰੰਤ ਅਕਾਲੀ ਵਿਧਾਇਕ ਭੜਕ ਗਏ ਅਤੇ ਹੰਗਾਮਾ ਕਰਨ ਲੱਗੇ ਜਿਸ ਕਰਕੇ ਸਪੀਕਰ ਨੇ 30 ਮਿੰਟ ਲਈ ਸਦਨ ਮੁਲਤਵੀ ਕਰ ਦਿੱਤਾ| ਸ਼ੈਸ਼ਨ ਮੁਲਤਵੀ ਹੋਣ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ| ਇਸ ਮੌਕੇ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਚਲਾਉਣ ਲਈ ਜਦੋਂ ਰੋਪੜ ਤੋਂ ਪਾਣੀ ਛਡਿਆ ਗਿਆ ਤਾਂ ਵੱਡੀ ਗਿਣਤੀ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ|
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ 3 ਮਹੀਨੇ ਹੋਏ ਨੇ ਤੇ ਅਕਾਲੀ ਸਵਾਲ ਕਰ ਰਹੇ ਨੇ ਪਰ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਅਕਾਲੀਆਂ ਨੇ ਕੁਝ ਨਹੀਂ ਕੀਤਾ ਸਿਰਫ ਬਾਦਲਾਂ ਨੇ ਆਪਣਾ ਘਰ ਭਰਿਆ| ਉਹਨਾਂ ਕਿਹਾ ਕਿ ਉਹ ਸਿਰਫ ਪੰਜਾਬ ਲਈ ਸਿਆਸਤ ਵਿੱਚ ਆਏ ਹਨ ਅਤੇ ਪੰਜਾਬ ਖਿਲਾਫ ਕੁਝ ਵੀ ਬਰਦਾਸਤ ਨਹੀਂ ਕਰਨਗੇ|

ਖਹਿਰਾ ਨੇ ਸਦਨ ਦੀ ਕਾਰਵਾਈ ਦਾ ਕੀਤਾ ਸਿਧਾ ਪ੍ਰਸਾਰਨ
ਸਪੀਕਰ ਨੇ ਬਜਟ ਸ਼ੈਸ਼ਨ ਲਈ ਮੁਅੱਤਲ ਕੀਤਾ

ਚੰਡੀਗੜ੍ਹ, 16 ਜੂਨ (ਸ.ਬ.) ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਦਨ ਦੀ ਕਾਰਵਾਈ ਨੂੰ ਆਪਣੇ ਫੇਸਬੁੱਕ  ਪੇਜ ਤੇ ਲਾਈਵ ਚਲਾ ਦਿਤਾ, ਜਿਸ ਕਾਰਨ ਵਿਵਾਦ ਪੈਦਾ ਹੋ ਗਿਆ| ਇਸ ਮੌਕੇ ਮੰਤਰੀ ਬ੍ਰਹਮ ਮਹਿੰਦਰਾ ਨੇ ਖਹਿਰਾ ਵਿਰੁੱਧ ਕਾਰਵਾਈ ਦਾ ਮਤਾ ਪੇਸ਼ ਕੀਤਾ ਅਤੇ ਮਤੇ ਨੂੰ ਸਪੀਕਰ ਨੇ ਪਾਸ ਕਰਦਿਆਂ ਖਹਿਰਾ ਨੂੰ ਫਟਕਾਰ ਲਗਾ ਕੇ ਬਜਟ ਸ਼ੈਸ਼ਨ ਲਈ ਮੁਅੱਤਲ ਕਰ ਦਿਤਾ|

Leave a Reply

Your email address will not be published. Required fields are marked *