ਬਡਮਾਜਰਾ ਵਿਖੇ ਝੁੱਗੀਆਂ ਖਾਲੀ ਕਰਵਾਉਣ ਕਾਰਨ ਤਨਾਓ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਨੇੜਲੇ ਪਿੰਡ ਬਡਮਾਜਰਾ ਵਿਖੇ ਪਿਛਲੇ ਦਿਨੀਂ ਖਾਲੀ ਕਰਵਾਈਆਂ ਗਈਆਂ ਕੁੱਝ ਝੁੱਗੀਆਂ ਕਾਰਨ ਉੱਥੇ ਤਨਾਓ ਦਾ ਮਾਹੌਲ ਹੈ| ਇਸ ਮੌਕੇ ਝੁੱਗੀਆਂ ਦੇ ਵਸਨੀਕਾਂ ਨੇ ਦਸਿਆ ਕਿ ਇਕ ਵਿਅਕਤੀ ਵਲੋਂ ਜਬਰਦਸਤੀ ਉਹਨਾਂ ਤੋਂ ਝੁੱਗੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਬੇਘਰ ਕੀਤਾ ਜਾ ਰਿਹਾ ਹੈ| ਝੁੱਗੀ ਦੀ ਵਸਨੀਕ ਨਿਰਮਲਾ ਦੇਵੀ ਨੇ ਇਸ ਸਬੰਧੀ ਬਲੌਂਗੀ ਥਾਣੇ ਵਿਚ ਸ਼ਿਕਾਇਤ ਵੀ ਦਿਤੀ ਹੈ| ਨਿਰਮਲਾ ਦੇਵੀ ਨੇ ਦੋਸ਼ ਲਗਾਇਆ ਹੈ ਕਿ ਉਸਦੀ ਝੁੱਗੀ ਵਿਚ ਉਪਰੋਕਤ ਵਿਅਕਤੀਆਂ ਨੇ ਜਬਰਦਸਤੀ ਦਾਖਲ ਹੋ ਕੇ ਉਸਦੇ ਘਰ ਦਾ ਸਮਾਨ ਤੋੜ ਦਿਤਾ| ਉਸਨੇ ਇਹਨਾਂ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਦੂਜੇ ਪਾਸੇ ਸੰਪਰਕ ਕਰਨ ਤੇ ਨੋਨੀ ਨੇ ਕਿਹਾ ਕਿ ਉਸਦੀ ਆਪਣੀ ਜਮੀਨ ਵਿਚ ਹੀ ਝੁੱਗੀਆਂ ਬਣੀਆਂ ਹੋਈਆਂ ਹਨ, ਜੋ ਕਿ ਉਸਨੇ ਕਿਰਾਏ ਉਪਰ ਦਿਤੀਆਂ ਹੋਈਆਂ ਹਨ| ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਹਨਾਂ ਝੱਗੀਆਂ ਵਾਲਿਆਂ ਨੇ ਉਸ ਨੂੰ ਕਿਰਾਇਆ ਦੇਣਾ ਬੰਦ ਕਰ ਦਿਤਾ ਸੀ ਜਿਸ ਕਰਕੇ ਉਸਨੇ ਸਾਲ 2013 ਵਿਚ ਅਦਾਲਤ ਵਿਚ ਕੇਸ ਕੀਤਾ ਸੀ| ਸਾਲ 2015 ਵਿਚ ਅਦਾਲਤ ਵਿੱਚ ਇਹਨਾਂ ਨੇ ਕਿਰਾਇਆ ਦੇਣਾ ਮੰਨਿਆ ਸੀ,ਉਸ ਤੋਂ ਬਾਅਦ ਵੱਡੀ ਗਿਣਤੀ ਝੁੱਗੀ ਵਾਲਿਆਂ ਨੇ ਉਸ ਨੂੰ ਕਿਰਾਇਆ ਦੇ ਦਿਤਾ ਸੀ ਪਰ ਕੁਝ ਝੁੱਗੀ ਵਾਲਿਆਂ ਨੇ ਫਿਰ ਵੀ ਕਿਰਾਇਆ ਨਹੀਂ ਸੀ ਦਿਤਾ| ਉਹਨਾਂ ਕਿਹਾ ਕਿ ਹੁਣ ਅਦਾਲਤ ਵਲੋਂ ਕਿਰਾਇਆ ਨਾ ਦੇਣ ਵਾਲੇ ਝੁੱਗੀਆਂ ਦੇ ਵਸਨੀਕਾਂ ਤੋਂ ਝੁੱਗੀਆਂ ਖਾਲੀ ਕਰਵਾਉਣ ਅਤੇ ਕੁਰਕੀ ਕਰਨ ਦੇ ਹੁਕਮ ਆ ਗਏ ਸਨ ਅਤੇ ਅਦਾਲਤ ਦੇ ਮੁਲਾਜਮਾਂ, ਪੁਲੀਸ ਦੀ ਹਾਜਰੀ ਵਿਚ ਹੀ ਕਿਰਾਇਆ ਨਾ ਦੇਣ ਵਾਲੇ ਲੋਕਾਂ ਤੋਂ ਝੁੱਗੀਆਂ ਖਾਲੀ ਕਰਵਾਈਆਂ ਗਈਆਂ ਹਨ| ਇਸ ਸਾਰੇ ਕੰਮ ਦੀ ਵੀਡੀਓ ਗ੍ਰਾਫੀ ਵੀ ਕੀਤੀ ਗਈ ਹੈ, ਜੋ ਕਿ ਅਦਾਲਤ ਵਿਚ ਪੇਸ਼ ਕੀਤੀ ਜਾਣੀ ਹੈ| ਉਹਨਾਂ ਕਿਹਾ ਕਿ ਇਹ ਕਿਰਾਇਆ ਨਾ ਦੇਣ ਵਾਲੇ ਸ਼ਰਾਰਤੀ ਅਨਸਰ ਉਹਨਾਂ ਨੂੰ ਬਲੈਕਮੇਲ ਕਰਨ ਲਈ ਝੂਠੇ ਇਲਜਾਮ ਲਗਾ ਰਹੇ ਹਨ ਅਤੇ ਕਿਰਾਇਆ ਦੇਣ ਤੋਂ ਇਨਕਾਰੀ ਹਨ|

Leave a Reply

Your email address will not be published. Required fields are marked *