ਬਦਲਦੀ ਸਿਆਸਤ : ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤੇ ਕੌਂਸਲਰ ਵਧਾ ਰਹੇ ਹਨ ਮੇਅਰ ਕੁਲਵੰਤ ਸਿੰਘ ਨਾਲ ਨਜਦੀਕੀਆਂ ਦੋ ਤਿੰਨ ਨੂੰ ਛੱਡ ਕੇ ਬਾਕੀ ਕੌਂਸਲਰਾਂ ਨੂੰ ਮੇਅਰ ਦਾ ਸਾਥ ਕਬੂਲ

ਬਦਲਦੀ ਸਿਆਸਤ : ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤੇ ਕੌਂਸਲਰ ਵਧਾ ਰਹੇ ਹਨ ਮੇਅਰ ਕੁਲਵੰਤ ਸਿੰਘ ਨਾਲ ਨਜਦੀਕੀਆਂ
ਦੋ ਤਿੰਨ ਨੂੰ ਛੱਡ ਕੇ ਬਾਕੀ ਕੌਂਸਲਰਾਂ ਨੂੰ ਮੇਅਰ ਦਾ ਸਾਥ ਕਬੂਲ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 7 ਅਪ੍ਰੈਲ

ਪਿਛਲੇ ਸਮੇਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਲੜੇ ਜਿਆਦਾਤਰ ਕੌਂਸਲਰਾਂ ਦੀ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨਾਲ ਨਜਦੀਕੀਆਂ ਵੱਧ ਗਈਆਂ ਹਨ ਅਤੇ ਮੌਜੂਦਾ ਹਾਲਾਤ ਇਹ ਹਨ ਕਿ ਕਿਸੇ ਸਮੇਂ ਮੇਅਰ ਤੋਂ ਲੰਬੀ ਦੂਰੀ ਬਣਾ ਕੇ ਚਲਣ ਵਾਲੇ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤੇ ਕੌਂਸਲਰਾਂ ਵਿੱਚੋਂ ਦੋ ਤਿੰਨ ਨੂੰ ਛੱਡ ਕੇ ਬਾਕੀ ਸਾਰੇ ਮੇਅਰ ਦੇ ਨਾਲ ਘੁਲੇ ਮਿਲੇ ਨਜਰ ਆਉਣ ਲੱਗ ਗਏ ਹਨ ਅਤੇ ਇਹਨਾਂ ਕੌਂਸਲਰਾਂ ਨੂੰ ਵੱਖ ਵੱਖ ਮੌਕਿਆਂ ਤੇ ਮੇਅਰ ਦੇ ਨਾਲ ਜਨਤਕ ਤੌਰ ਤੇ ਇਕੱਠੇ ਵੇਖਿਆ ਜਾਣਾ ਆਮ ਹੋ ਗਿਆ ਹੈ| ਅਜਿਹਾ ਹੋਣ ਨਾਲ ਜਿੱਥੇ ਮੇਅਰ ਸ੍ਰ. ਕੁਲਵੰਤ ਸਿੰਘ ਦਾ ਸਿਆਸੀ ਕੱਦ ਵੱਧ ਗਿਆ ਹੈ ਉੱਥੇ ਉਹਨਾਂ ਦੀ ਨਿਗਮ ਤੇ ਪਕੜ ਵੀ ਮਜਬੂਤ ਹੋ ਗਈ ਹੈ ਜਦੋਂਕਿ ਦੂਜੇ ਪਾਸੇ ਉਹਨਾਂ ਦੇ ਵਿਰੋਧੀ ਹੁਣ ਕਮਜੋਰ ਪੈਂਦੇ ਜਾ ਰਹੇ ਹਨ|
ਇੱਥੇ ਇਹ ਜਿਕਰਯੋਗ ਹੈ ਕਿ ਪਿਛਲੀ ਵਾਰ ਹੋਈ ਨਗਰ ਨਿਗਮ ਦੀ ਚੋਣ ਵੇਲੇ ਅਕਾਲੀ ਦਲ ਦੇ ਉਸ ਵੇਲੇ ਦੇ ਹਲਕਾ ਇੰਚਾਰਜ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਵਲੋਂ ਮੇਅਰ ਕੁਲਵੰਤ ਸਿੰਘ ਦੇ ਧੜੇ ਨੂੰ ਅਣਗੌਲਿਆ ਕੀਤੇ ਜਾਣ ਅਤੇ ਉਹਨਾਂ ਦੀਆਂ ਟਿਕਟਾਂ ਕੱਟ ਜਾਣ ਦੇ ਵਿਰੋਧ ਵਜੋਂ ਮੇਅਰ ਕੁਲਵੰਤ ਸਿੰਘ ਨੇ ਆਪਣਾ ਵੱਖਰਾ ਆਜਾਦ ਗਰੁੱਪ ਬਣਾ ਕੇ ਚੋਣ ਲੜੀ ਸੀ| ਉਸ ਵੇਲੇ ਹੋਈ ਚੋਣ ਵਿੱਚ ਜਿੱਥੇ ਆਜਾਦ ਗਰੁੱਪ ਨੂੰ 11 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ ਉੱਥੇ ਅਕਾਲੀ ਭਾਜਪਾ ਗਠਜੋੜ ਨੂੰ 23 ਅਤੇ ਕਾਂਗਰਸ ਪਾਰਟੀ ਨੂੰ 14 ਸੀਟਾਂ ਤੇ ਜਿੱਤ ਮਿਲੀ ਸੀ| ਇਸਤੋਂ ਇਲਾਵਾ ਦੋ ਆਜਾਦ ਕੌਂਸਲਰ (ਸ੍ਰ. ਮਨਜੀਤ ਸਿੰਘ ਸੇਠੀ ਅਤੇ ਬੀਬੀ ਹਰਵਿੰਦਰ ਕੌਰ ਲੰਗ) ਵੀ ਚੋਣ ਜਿੱਤ ਗਏ ਸਨ| ਉਸ ਵੇਲੇ ਮੇਅਰ ਕੁਲਵੰਤ ਸਿੰਘ ਨੇ ਆਜਾਦ ਜਿੱਤੇ ਕੌਂਸਲਰਾਂ ਅਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਮੇਅਰ ਦੀ ਚੋਣ ਜਿੱਤੀ ਸੀ ਜਦੋਂਕਿ ਸੀਨੀਅਰ ਡਿਪਟੀ ਮੇਅਰ ਵਜੋਂ ਕਾਂਗਰਸੀ ਕੌਂਸਲਰ ਸ੍ਰੀ ਰਿਸ਼ਵ ਜੈਨ ਅਤੇ ਡਿਪਟੀ ਮੇਅਰ ਵਜੋਂ ਸ੍ਰ. ਮਨਜੀਤ ਸਿੰਘ ਸੇਠੀ ਚੋਣ ਜਿੱਤੇ ਸਨ|
ਮੇਅਰ ਬਣਨ ਤੋਂ ਬਾਅਦ ਲਗਭਗ ਡੇਢ ਸਾਲ ਤਕ ਇਸੇ ਤਰ੍ਹਾਂ ਚਲਦਾ ਰਿਹਾ ਸੀ ਅਤੇ ਇਸ ਦੌਰਾਨ ਅਕਾਲੀ ਭਾਜਪਾ ਗਠਜੋੜ ਨਿਗਮ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਰਿਹਾ ਸੀ ਅਤੇ ਇਸ ਗਠਜੋੜ ਦੇ ਕੌਸਲਰਾਂ ਵਲੋਂ ਮੇਅਰ ਦੇ ਖਿਲਾਫ ਜਨਤਕ ਤੌਰ ਤੇ ਭੜਾਸ ਵੀ ਕੱਢੀ ਜਾਂਦੀ ਸੀ ਪਰੰਤੂ ਫਿਰ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਜੋਰ ਦੇ ਕੇ ਮੇਅਰ ਨੂੰ ਉਹਨਾਂ ਦੇ ਸਮਰਥਕ ਕੌਸਲਰਾਂ (ਜਿਹਨਾਂ ਵਿੱਚ ਆਜਾਦ ਜਿੱਤੇ ਦੋ ਕੌਂਸਲਰ ਵੀ ਸ਼ਾਮਿਲ ਸਨ) ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ| ਉਸ ਵੇਲੇ ਇੱਕ ਵਾਰ ਤਾਂ ਹਾਲਾਤ ਅਜਿਹੇ ਹੋ ਗਏ ਸਨ ਕਿ ਲੱਗਦਾ ਸੀ ਜਿਵੇਂ ਅਕਾਲੀ ਭਾਜਪਾ ਗਠਜੋੜ ਦੇ ਜਿੱਤੇ ਕੌਸਲਰ ਮੇਅਰ ਕੁਲਵੰਤ ਸਿੰਘ ਨਾਲ ਆਪਣੇ ਮਜਬੂਤ ਵਿਰੋਧ ਦੇ ਚਲਦੇ ਪਾਰਟੀ ਤੋਂ ਬਗਾਵਤ ਕਰ ਦੇਣਗੇ ਅਤੇ ਇਹਨਾਂ ਕੌਂਸਲਰਾਂ ਵਲੋਂ ਜਨਤਕ ਤੌਰ ਤੇ ਆਪਣਾ ਗੁੱਸਾ ਜਾਹਿਰ ਕਰਦਿਆਂ ਉਸਤੋਂ ਬਾਅਦ ਹੋਏ ਜਿਲ੍ਹਾ ਪੱਧਰੀ ਸਮਾਗਮ ਦਾ ਬਾਈਕਾਟ ਵੀ ਕੀਤਾ ਸੀ| ਇਸਤੋਂ ਬਾਅਦ ਹੋਏ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੀ ਇਮਾਰਤ ਦੇ ਉਦਘਾਟਨ ਤੋਂ ਪਹਿਲਾਂ ਖੁਦ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਇਹਨਾਂ ਕੌਂਸਲਰਾਂ ਨਾਲ ਨਿੱਜੀ ਮੀਟਿੰਗ ਕਰਕੇ ਉਹਨਾਂ ਨੂੰ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਨਾ ਕਰਨ ਲਈ ਮਣਾਇਆ ਗਿਆ ਸੀ| ਉਸ ਵੇਲੇ ਹਾਲਾਤ ਅਜਿਹੇ ਹੋ ਗਏ ਸਨ ਕਿ ਨਗਰ ਨਿਗਮ ਵਿੱਚ ਮੇਅਰ ਕੋਲ ਨਾ ਤਾਂ ਕਾਂਗਰਸ ਦਾ ਹੀ ਸਮਰਥਨ ਬਚਿਆ ਸੀ ਅਤੇ ਨਾ ਹੀ ਅਕਾਲੀ ਭਜਪਾ ਗਠਜੋੜ ਦੀ ਟਿਕਟ ਤੇ ਜਿੱਤੇ ਕੌਂਸਲਰ ਉਹਨਾਂ ਨੂੰ ਸਮਰਥਨ ਦੇਣ ਲਈ ਤਿਆਰ ਸਨ|
ਪਰੰਤੂ ਸਮੇਂ ਦੇ ਨਾਲ ਅਕਾਲੀ ਭਾਜਪਾ ਗਠਜੋੜ ਦੇ ਇਹ ਕੌਂਸਲਰ ਇੱਕ ਇੱਕ ਕਰਕੇ ਮੇਅਰ ਦੇ ਨੇੜੇ ਆਉਂਦੇ ਗਏ ਅਤੇ ਹੁਣ ਮੇਅਰ ਵਲੋਂ ਆਪਣੀ ਸਿਆਸੀ ਸੂਝਬੂਝ ਵਰਤਦਿਆਂ ਇਹਨਾਂ ਵਿੱਚੋਂ ਜਿਆਦਾਤਰ ਨੂੰ ਆਪਣੇ ਨਾਲ ਜੋੜਿਆ ਜਾ ਚੁੱਕਿਆ ਹੈ| ਇਸ ਦੌਰਾਨ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਸ੍ਰੀ ਭਾਰਤ ਭੂਸ਼ਣ ਮੈਣੀ ਜਿੱਥੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ ਉੱਥੇ ਬਾਕੀ ਦੇ 22 ਕੌਂਸਲਰਾਂ (ਜਿਹਨਾਂ ਵਿੱਚ ਭਾਜਪਾ ਦੇ 6 ਕੌਂਸਲਰ ਵੀ ਸ਼ਾਮਿਲ ਹਨ) ਵਿੱਚੋਂ ਦੋ ਤਿੰਨ ਨੂੰ ਛੱਡ ਕੇ ਬਾਕੀ ਦੇ ਕੌਂਸਲਰ ਹੁਣ ਮੇਅਰ ਦੇ ਨਾਲ ਬਾਕਾਇਦਾ ਜਨਤਕ ਸਮਾਗਮਾਂ ਵਿੱਚ ਨਜਰ ਆਉਣ ਲੱਗ ਪਏ ਹਨ ਅਤੇ ਜਿਹੜੇ (2-3) ਕੌਂਸਲਰ ਹੁਣੇ ਵੀ ਮੇਅਰ ਤੋਂ ਦੂਰੀ ਬਣਾ ਕੇ ਚਲ ਰਹੇ ਹਨ ਉਹ ਪੂਰੀ ਤਰ੍ਹਾਂ ਇਕੱਲੇ ਪੈ ਗਏ ਹਨ|
ਇਹਨਾਂ ਕੌਂਸਲਰਾਂ ਦੀ ਮੇਅਰ ਨਾਲ ਹੋਈ ਇਸ ਨੇੜਤਾ ਦੇ ਪਿੱਛੇ ਕਾਰਨ ਭਾਵੇਂ ਕੁੱਝ ਵੀ ਰਹੇ ਹੋਣ ਪਰੰਤੂ ਇਹਨਾਂ ਦੇ ਮੇਅਰ ਦੇ ਨਾਲ ਖੜ੍ਹੇ ਦਿਖਣ ਨਾਲ ਮੇਅਰ ਦੀ ਸਿਆਸੀ ਤਾਕਤ ਵਿੱਚ ਕਾਫੀ ਇਜਾਫਾ ਹੋਇਆ ਹੈ ਜਿਸਦਾ ਅਸਰ ਅਕਾਲੀ ਦਲ ਦੀ ਸਥਾਨਕ ਰਾਜਨੀਤੀ ਤੇ ਵੀ ਪੈਣਾ ਤੈਅ ਹੈ|

Leave a Reply

Your email address will not be published. Required fields are marked *