ਬਦਲ ਰਹੀ ਹੈ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ

ਐਸ. ਏ. ਐਸ.  ਨਗਰ, 2 ਜੂਨ (ਜਗਮੋਹਨ ਸਿੰਘ ਲੱਕੀ) ਪੰਜਾਬ ਵਿਚ ਇਸ ਸਮੇਂ ਭਰ ਗਰਮੀ ਦੇ ਮੌਸਮ ਵਿਚ ਰਾਜਨੀਤੀ ਇਕ ਤਰਾਂ ਠੰਡੀ ਜਿਹੀ ਹੀ ਪਈ ਹੈ, ਪਰ ਇਸਦੇ ਬਾਵਜੂਦ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ| ਸਭ ਤੋਂ ਵੱਡਾ ਬਦਲਾਓ ਪੰਜਾਬ ਦੀ ਰਾਜਨੀਤੀ ਵਿਚ ਇਸ ਸਾਲ ਦੀ ਸੁਰੂਆਤ ਵਿਚ ਉਦੋਂ ਹੀ ਆ ਗਿਆ ਸੀ ਜਦੋਂ ਪੰਜਾਬ ਵਿਚ ਸੱਤਾ ਤਬਦੀਲੀ ਹੌਣ ਨਾਲ ਕਾਂਗਰਸ ਸੱਤਾ ਵਿਚ ਆ ਗਈ ਸੀ ਤੇ ਅਕਾਲੀ ਦਲ ਹਾਸ਼ੀਏ ਉਪਰ ਚਲਾ ਗਿਆ ਸੀ| ਪੰਜਾਬ ਵਿਚ ਰਾਜਭਾਗ ਸੰਭਾਲਣ ਦਾ ਸੁਪਨਾ ਵੇਖਣ ਵਾਲੀ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿਚ ਸਿਰਫ ਵਿਰੋਧੀ ਪਾਰਟੀ ਦੀ ਹੀ ਭੂਮਿਕਾ ਤੱਕ ਸੀਮਿਤ ਹੋ ਕੇ ਰਹਿ ਗਈ| ਇਸ ਤਰਾਂ ਆਮ ਆਦਮੀ ਪਾਰਟੀ ਨੂੰ ਮਿਲੀ ਅਸਫਲਤਾ ਨੇ ਪੰਜਾਬ ਵਿਚ ਤੀਜੇ ਰਾਜਸੀ ਬਦਲ ਬਣਨ ਦੀਆਂ ਆਸਾਂ ਉਪਰ ਪਾਣੀ ਹੀ ਫੇਰ ਦਿਤਾ|
ਪੰਜਾਬ ਦੀ ਰਾਜਨੀਤੀ ਵਿਚ  ਲੰਮੇਂ ਸਮੇਂ ਤੋਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਾਂਗ ਰਵਾਇਤੀ  ਅਕਾਲੀ ਦਲ ਅਤੇ ਕਾਂਗਰਸ ਹੀ ਵਾਰੋ ਵਾਰੀ ਸੱਤਾ ਦਾ ਸੁੱਖ ਭੋਗ ਰਹੇ ਸਨ| ਪੰਜਾਬ ਵਿਚ ਲੰਮਾ ਸਮਾਂ ਇਹ ਹੋ ਰਿਹਾ ਸੀ ਕਿ ਇਕ ਵਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ ਤੇ ਅਗਲੀ ਵਾਰ ਅਕਾਲੀ ਦਲ ਦੀ ਸਰਕਾਰ ਬਣ ਜਾਂਦੀ ਸੀ ਤੇ ਉਸਤੋਂ ਅਗਲੀ ਵਾਰ ਫਿਰ ਕਾਂਗਰਸ ਹੀ ਸੱਤਾ ਵਿਚ ਆ ਜਾਂਦੀ ਸੀ| ਇਸ ਤਰਾਂ ਕਣਕ ਝੋਨੇ ਦੇ ਵਾਂਗ ਹੀ ਪੰਜਾਬ ਵਿਚ ਰਾਜਸੀ ਚੱਕਰ ਵੀ ਚਲ ਰਿਹਾ ਸੀ ਪਰ ਪਿਛਲੀਆ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੀ ਮੁੜ ਜਿਤ ਹੋਈ,ਜਿਸ ਕਰਕੇ ਇਸ ਰੁਝਾਨ ਨੂੰ ਠੱਲ ਪਈ| ਇਸ ਵਾਰ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਈ ਹੈ ਅਤੇ ਅਕਾਲੀ ਦਲ ਤੀਜੇ ਸਥਾਨ ਉਪਰ ਆ ਕੇ ਹਾਸ਼ੀਏ ਉਪਰ ਚਲਾ ਗਿਆ ਹੈ|
ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਨੂੰ ਤਿੰਨ ਮਹੀਨੇ ਦੇ ਕਰੀਬ ਹੋ ਚੁਕੇ ਹਨ, ਅਤੇ ਪੰਜਾਬ ਵਿਚ ਸਾਰਾ ਰਾਜਸੀ ਮਾਹੌਲ ਬਦਲਿਆ ਹੋਇਆ ਹੈ| ਪਹਿਲਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਉਪਰ ਪੀਲੀਆਂ ਝੰਡੀਆਂ ਵਾਲੀਆਂ ਗੱਡੀਆਂ ਘੁੰਮਦੀਆਂ ਨਜਰ ਆਉਂਦੀਆਂ ਸਨ ਹੁਣ ਤਿਰੰਗੇ ਝੰਡੇ ਵਾਲੀਆਂ ਗੱਡੀਆਂ ਘੁੰਮਦੀਆ ਨਜਰ ਆ ਰਹੀਆਂ ਹਨ| ਇਸ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਉਪਰ ਵੀ ਹੁਣ ਕਾਂਗਰਸੀਆਂ ਦਾ ਦਬਦਬਾ ਨਜਰ ਆਉਣ ਲੱਗ ਪਿਆ ਹੈ,ਜਿਥੇ ਕਿ ਪਹਿਲਾਂ ਅਕਾਲੀਆਂ ਦਾ ਦਬਦਬਾ ਹੁੰਦਾ ਸੀ| ਪਹਿਲਾਂ ਅਖਬਾਰ ਅਤੇ ਚੈਨਲਾਂ ਉਪਰ ਦੋਵੇਂ ਬਾਦਲਾਂ ਅਤੇ ਅਕਾਲੀ ਆਗੁਆਂ ਦੇ ਚਿਹਰੇ ਤੇ ਖਬਰਾਂ ਹੀ ਦਿਖਾਈ ਦਿੰਦੀਆਂ ਸਨ ਪਰ ਹੁਣ ਤਾਂ ਕਾਂਗਰਸੀ ਆਗੂਆਂ ਦੇ ਚਿਹਰੇ ਹੀ ਨਜਰ ਆ ਰਹੇ ਹਨ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵੀ ਹਰ ਦਿਨ ਹੀ ਅਖਬਾਰਾਂ ਵਿਚ ਛਪੀ ਦਿਖਾਈ ਦਿੰਦੀ ਹੈ, ਇਸਦੇ ਨਾਲ ਹੀ ਕਾਂਗਰਸੀ ਮੰਤਰੀਆਂ ਤੇ ਹੋਰ ਆਗੁਆਂ ਦੇ ਵੀ ਬਿਆਨ ਲਗਾਤਾਰ ਛੱਪਦੇ ਆ ਰਹੇ ਹਨ| ਇਸ ਤਰਾਂ ਪੰਜਾਬ ਦੀ ਰਾਜਸੀ ਦਿਸ਼ਾ ਤੇ ਦਸ਼ਾ ਪੂਰੀ ਤਰਾਂ ਬਦਲਦੀ ਜਾ ਰਹੀ ਹੈ|

Leave a Reply

Your email address will not be published. Required fields are marked *