ਬਦਹਾਲੀ ਦਾ ਸ਼ਿਕਾਰ ਹੈ ਸ਼ਹਿਰ ਦਾ ਰੇਲਵੇ ਸਟੇਸ਼ਨ

ਐਸ. ਏ. ਐਸ. ਨਗਰ, 18 ਅਪ੍ਰੈਲ (ਸ.ਬ.) ਮੁਹਾਲੀ ਦਾ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਬਦਹਾਲੀ ਦਾ ਸ਼ਿਕਾਰ ਹੈ, ਜਿਸਦੀ ਦੇਖਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਰੇਲਵੇ ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਰੇਲਵੇ ਸਟੇਸ਼ਨ ਦਾ ਇਸ ਕਦਰ ਮਾੜਾ ਹਾਲ ਹੈ ਕਿ ਇਸ ਸਟੇਸ਼ਨ ਦਾ ਫਰਸ਼ ਹੀ ਕਈ ਥਾਵਾਂ ਤੋਂ ਟੁੱਟ ਚੁੱਕਿਆ ਹੈ, ਇਸ ਟੁੱਟੇ ਹੋਏ ਫਰਸ਼ ਵਿੱਚੋਂ ਮਿੱਟੀ ਬਾਹਰ ਆ ਗਈ ਹੈ ਅਤੇ ਇਸ ਮਿੱਟੀ ਵਿੱਚ ਘਾਹ ਉਗਿਆ ਹੋਇਆ ਹੈ| ਜਿਸ ਤੋਂ ਪਤਾ ਚਲਦਾ ਹੈ ਕਿ ਇਸ ਫਰਸ਼ ਦੀ ਦੇਖਭਾਲ ਲੰਬੇ  ਸਮੇਂ ਤੋਂ ਨਹੀਂ ਹੋ ਰਹੀ|
ਪਲੇਟਫਾਰਮ ਦਾ ਫਰਸ਼ ਥਾਂ ਥਾਂ ਤੋਂ ਟੁੱਟਿਆ ਹੋਣ ਕਾਰਨ ਇਸ ਪਲੇਟਫਾਰਮ ਤੋਂ ਰੇਲਗੱਡੀਆਂ ਵਿੱਚ ਚੜਨ ਅਤੇ ਉਤਰਨ ਵਾਲੇ ਲੋਕਾਂ ਨੂੰ ਵੀ ਬਹੁਤ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਟੁੱਟੇ ਫਰਸ਼  ਕਾਰਨ ਇਸ ਪਲੇਟ ਫਾਰਮ ਉਪਰ ਕਦੇ ਵੀ ਕਿਸੇ ਵਿਅਕਤੀ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ| ਇਸ ਪਲੇਟਫਾਰਮ ਉਪਰ ਲੋਕਾਂ ਦੇ ਬੈਠਣ ਲਈ ਬੈਂਚ ਤਾਂ ਹਨ ਪਰ ਉਹ ਵੀ ਇਕ ਪਾਸੇ ਨੁਕਰੇ ਜਿਹੇ ਲਗਾ ਕੇ ਇੱਕਠੇ ਕਰਕੇ ਰਖੇ ਪਏ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੈ| ਇਸ ਪਲੇਟਫਾਰਮ ਉਪਰ ਕਈ ਥਾਂਵਾਂ ਤੇ ਜਹਿਰੀਲੇ ਪੌਦੇ ਉਗ ਆਏ ਹਨ, ਜਿਹਨਾਂ ਤੋਂ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ|
ਇਸ ਪਲੇਟਫਾਰਮ ਦੀ ਬਾਉਂਡਰੀ ਵਾਲ ਵੀ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਇਸ ਦੀਵਾਰ ਦੇ ਨਾਲ ਹੀ ਜਹਿਰੀਲੇ ਪੌਦਿਆਂ ਅਤੇ ਗੰਦਗੀ ਦੀ ਭਰਮਾਰ ਹੈ| ਇਸ ਪਲੇਟਫਾਰਮ ਦੀਆਂ ਕੰਧਾਂ ਵਿੱਚ ਲੱਗੀ ਜਾਲੀ ਵੀ ਟੁੱਟੀ ਹੋਈ ਹੈ, ਜਿਸ ਨੂੰ ਠੀਕ ਕਰਨ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ|
ਇਸ ਰੇਲਵੇ ਸਟੇਸ਼ਨ ਉਪਰ ਸਫਾਈ ਦੀ ਘਾਟ ਕਾਰਨ ਮੱਖੀ ਮੱਛਰਾਂ ਅਤੇ ਹੋਰ ਜਹਿਰੀਲੇ ਕੀੜੇ ਮਕੌੜਿਆਂ ਦੀ ਭਰਮਾਰ ਹੈ ਜੋ ਕਿ ਕਦੇ ਵੀ ਰੇਲਵੇ ਸਟੇਸ਼ਨ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੱਟ ਸਕਦੇ ਹਨ|
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪ੍ਰਸ਼ਾਸ਼ਨ ਵਲੋਂ ਮੁਹਾਲੀ ਸ਼ਹਿਰ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਹਾਲਤ ਵੇਖ ਕੇ ਪਤਾ ਚਲਦਾ ਹੈ ਕਿ ਜਿਵੇਂ ਇਹ ਰੇਲਵੇ ਸਟੇਸ਼ਨ ਕਿਸੇ ਉਜਾੜ ਟਾਪੂ ਉਪਰ ਹੋਵੇ|  ਉਹਨਾਂ ਮੰਗ ਕੀਤੀ  ਕਿ ਇਸ ਰੇਲਵੇ ਸਟੇਸ਼ਨ ਦੀ ਹਾਲਤ ਵਿੱਚ ਸੁਧਾਰ ਲਈ ਉਪਰਾਲੇ ਕੀਤੇ ਜਾਣ|

Leave a Reply

Your email address will not be published. Required fields are marked *