ਬਨੂੜ ਤੋਂ ਧਰਮਗੜ੍ਹ, ਮਨੌਲੀ, ਲਾਲੜੂ ਜਾਣ ਵਾਲੀ ਸੜਕ ਦੀ ਹਾਲਤ ਖਸਤਾ

ਬਨੂੜ, 29 ਅਗਸਤ (ਅਭਿਸ਼ੇਕ ਸੂਦ) ਬਨੂੜ ਤੋਂ ਧਰਮਗੜ੍ਹ, ਮਨੌਲੀ ਸੂਰਤ, ਲਾਲੜੂ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਹੈ ਜਿਸ ਕਾਰਨ ਇਸ ਸੜਕ ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ| ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਐਸ ਸੀ ਵਿੰਗ ਜ਼ਿਲ੍ਹਾ ਪਟਿਆਲਾ ਦੇ ਜਰਨਲ ਸਕੱਤਰ ਸ੍ਰ. ਭੁਪਿੰਦਰ ਸਿੰਘ ਮਨੌਲੀ, ਬਸਪਾ ਦੇ ਜ਼ਿਲ੍ਹਾ ਇੰਚਾਰਜ ਸ੍ਰ. ਜਗਜੀਤ ਸਿੰਘ ਛੜਬੜ, ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਦੱਸਿਆ ਕਿ ਇਹ ਸੜਕ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣਾਈ ਗਈ ਸੀ| ਇਸ ਸੜਕ ਤੇ ਰੋਜ਼ਾਨਾ ਓਵਰ ਲੋਡ ਗੱਡੀਆਂ ਚੱਲਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸੜਕ ਵਿੱਚ ਡੂੰਘੇ ਟੋਏ ਪੈ ਚੁੱਕੇ ਹਨ| ਜਿਸ ਕਾਰਨ ਹਰ ਰੋਜ਼ ਇਸ ਸੜਕ ਤੇ ਗੁਜ਼ਰਨ ਵਾਲਿਆਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਈ ਨੌਜਵਾਨ ਅਤੇ ਬਜ਼ੁਰਗ ਆਪਣੀ ਜਾਨ ਗਵਾ ਬੈਠੇ ਹਨ ਪ੍ਰੰਤੂ ਵਿਭਾਗੀ ਅਫ਼ਸਰ ਹੋਰ ਹਾਦਸਿਆਂ ਦਾ ਇੰਤਜ਼ਾਰ ਕਰ ਰਹੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਤੇ ਬਨੂੜ ਤੋਂ ਲੈ ਕੇ ਲਾਲੜੂ ਤੱਕ ਤਕਰੀਬਨ 8 ਸਕੂਲ ਹਨ| ਇਹਨਾਂ 8 ਸਕੂਲਾਂ ਦੇ ਬੱਚੇ ਇਸੇ ਸੜਕ ਰਾਹੀਂ ਸਕੂਲ ਪਹੁੰਚਦੇ ਹਨ ਜਿਨ੍ਹਾਂ ਨੂੰ ਇਸ ਖਸਤਾ ਹੋਈ ਸੜਕ ਤੋਂ ਲੰਘਣ ਕਾਰਨ ਸੜਕ ਵਿੱਚ ਪਏ ਖੱਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਬਨੂੜ ਜ਼ੀਰਕਪੁਰ ਨੈਸ਼ਨਲ ਹਾਈਵੇ 7 ਉੱਤੇ ਅਜੀਜਪੁਰ ਕੋਲ ਟੋਲ ਪਲਾਜ਼ਾ ਲੱਗਣ ਕਾਰਨ ਇਸ ਸੜਕ ਉੱਤੇ ਆਵਾਜਾਈ ਜ਼ਿਆਦਾ ਹੋ ਗਈ ਹੈ ਅਤੇ ਓਵਰ ਲੋਡ ਵਾਹਨ ਟੋਲ ਬਚਾਉਣ ਲਈ ਇੱਥੋਂ ਲੰਘਦੇ ਹਨ| ਉਹਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਵਿਭਾਗ ਨੂੰ ਕਈ ਵਾਰੀ ਲਿਖ ਕੇ ਵੀ ਦੇ ਦਿੱਤਾ ਹੈ ਪਰ ਕੋਈ ਵੀ ਵਿਭਾਗੀ ਕਰਮਚਾਰੀ ਇੱਥੇ ਨਹੀਂ ਆਇਆ| ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੜਕ ਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਵੱਲੋਂ ਇਸ ਸੜਕ ਤੇ ਚੱਲਦੇ ਵਾਹਨਾਂ ਨੂੰ ਰੋਕ ਦਿੱਤਾ ਜਾਵੇਗਾ ਜਿਸਦੀ ਪੂਰੀ ਜਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੋਵੇਗੀ|

Leave a Reply

Your email address will not be published. Required fields are marked *