ਬਰਡ ਫਲੂ ਦਾ ਪੰਜਾਬ ਵਿਚ ਹਾਲੇ ਕੋਈ ਖਤਰਾ ਨਹੀਂ, ਪਰ ਸਰਕਾਰ ਵਲੋਂ ਕਿਸੇ ਵੀ ਸਥਿੱਤੀ ਨਾਲ ਨਿਪਟਣ ਲਈ ਪੂਰੀ ਤਿਆਰੀ : ਤਿ੍ਰਪਤ ਬਾਜਵਾ
ਚੰਡੀਗੜ੍ਹ, 6 ਜਨਵਰੀ (ਸ਼ਬ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਵਿਚ ਹੁਣ ਤਕ ਬਰਡ ਫੂ ਦਾ ਕੋਈ ਕੇਸ ਨਹੀਂ ਸਾਹਮਣੇ ਆਇਆ, ਪਰ ਫਿਰ ਵੀ ਸੂਬਾ ਸਰਕਾਰ ਵਲੋਂ ਕਿਸੇ ਵੀ ਸਥਿੱਤੀ ਨਾਲ ਨਿਪਟਣ ਲਈ ਪੂਰੀਆਂ ਪੇਸ਼ਬੰਦੀਆਂ ਕਰ ਲਈਆਂ ਗਈਆਂ ਹਨ। ਪੰਜਾਬ ਭਵਨ ਵਿਖੇ ਆਪਣੇ ਵਿਭਾਗਾਂ ਦੀਆਂ ਪਿਛਲੇ ਚਾਰ ਸਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਸਬੰਧੀ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ, ਉਹਨਾਂ ਲੋਕਾਂ ਨੂੰ ਸੁਚੇਤ ਕਰਿਦਆਂ ਕਿਹਾ ਕਿ ਅੰਡਾ-ਮੀਟ ਖਾਣ ਵਾਲਿਆਂ ਨੂੰ ਡਰਨ ਦੀ ਲੋੜ ਨਹੀਂ ਸਿਰਫ਼ ਇਹਨਾਂ ਵਸਤਾਂ ਨੂੰ ਚੰਗੀ ਤਰਾਂ ਪਕਾ ਕੇ ਖਾਣ ਦੀ ਲੋੜ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਸੂਬਾ ਸਰਕਾਰ ਦੇ ਹੋਰਨਾਂ ਮਹਿਕਮਿਆਂ ਨਾਲ ਰਲ ਕੇ ਹਰ ਤਰਾਂ ਦੀ ਨਿਗਰਾਨੀ ਵਿਚ ਜੁਟਿਆ ਹੋੋਇਆ ਹੈ ਤਾਂ ਜੋ ਬਜ਼ਾਰ ਵਿਚ ਗੈਰ ਮਿਆਰੀ ਮੀਟ-ਮੱਛੀ ਨਾ ਵਿਕੇ।
ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵਲੋਂ ਕੋਵਿਡ ਦੇ ਦੌਰਾਨ ਸੂਬੇ ਦੇ 12,860 ਪਿੰਡਾਂ ਵਿੱਚ 3 ਵਾਰੀ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ ਕਰਵਾਇਆ ਗਿਆ ਅਤੇ ਸੂਬੇ ਦੇ 4,000/- ਸਵੈ-ਸਹਾਇਤਾ ਗਰੁੱਪਾਂ ਵੱਲੋਂ 6.45 ਲੱਖ ਮਾਸਕ ਤਿਆਰ ਕੀਤੇ ਗਏ।
ਉਹਨਾਂ ਦੱਸਿਆ ਕਿ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸਮਾਰਟ ਵਿਲੇਜ ਕੰਪੇਨ ਦੇ ਪਹਿਲੇ ਪੜਾਅ ਵਿੱਚ 835 ਕਰੋੋੜ ਰੁਪਏ ਦੀ ਲਾਗਤ ਨਾਲ 19,132 ਕੰਮ ਨੇਪਰੇ ਚਾੜ੍ਹੇ ਗਏ ਹਨ। ਸਾਲ 2020 ਦੇ ਅਕਤੂਬਰ ਮਹੀਨੇ ਵਿੱਚ ਸ਼ੁਰੂ ਕੀਤੇ ਗਏ ਦੂਜੇ ਪੜਾਅ ਵਿੱਚ 2,775 ਕਰੋੜ ਰੁਪਏ ਦੀ ਲਾਗਤ ਨਾਲ 48,910 ਕੰਮ ਕਰਵਾਏ ਜਾ ਰਹੇ ਹਨ। ਸੂਬੇ ਭਰ ਵਿਚ 750 ਪਾਰਕ ਅਤੇ 750 ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿੰਨਾਂ ਵਿੱਚੋਂ 117 ਖੇਡ ਮੈਦਾਨ ਮੁਕੰਮਲ ਵੀ ਹੋ ਚੁੱਕੇ ਹਨ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋੋਜਨਾ-ਗ੍ਰਾਮੀਣ ਤਹਿਤ ਹੁਣ ਤੱਕ 15,193 ਮਕਾਨ ਬਣਾ ਕੇ ਲਾਭਪਾਤਰੀਆਂ ਨੂੰ ਦੇ ਦਿੱਤੇ ਗਏ ਹਨ ਅਤੇ 5742 ਮਕਾਨ ਮੁਕੰਮਲ ਹੋਣ ਦੇ ਨੇੜੇ ਹਨ। ਇੱਕ ਮਕਾਨ ਬਣਾਉਣ ਲਈ ਲਾਭਪਾਤਰੀ ਨੂੰ 3 ਕਿਸ਼ਤਾਂ ਵਿੱਚ 1,20,000/-ਰੁਪਏ ਮੁਹੱਈਆ ਕੀਤੇ ਜਾਂਦੇ ਹਨ।
ਪੰਜਾਬੀ ਯੂਨੀਵਰਸਿਟੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਨੂੰ ਹਰ ਪਹਿਲੂ ਨੂੰ ਘੋਖਣ ਲਈ ਕਮੇਟੀ ਵਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਮੁੜ ਤੋਂ ਲੀਹ ਤੇ ਲਿਆਉਣ ਲਈ ਜੋ ਗ੍ਰਾਂਟ ਲੋੜੀਂਦੀ ਹੋਈ ਉਹ ਦਿੱਤੀ ਜਾਵੇਗੀ।