ਬਰਡ ਫਲੂ ਦੀ ਆਹਟ : ਮੁਹਾਲੀ ਦੇ ਸ਼ਮਸ਼ਾਨ ਘਾਟ ਵਿੱਚ ਮਰੇ ਹੋਏ ਮਿਲੇ ਅੱਧੀ ਦਰਜਨ ਤੋਂ ਵੱਧ ਕਾਂ ਇੱਕ ਦਿਨ ਪਹਿਲਾਂ ਵੀ ਮਿਲੇ ਸੀ ਪੰਜ ਮਰੇ ਹੋਏ ਕਾਂ


ਐਸ ਏ ਐਸ ਨਗਰ, 14 ਜਨਵਰੀ (ਸ.ਬ.) ਮੁਹਾਲੀ ਦੇ ਸ਼ਮਸ਼ਾਨ ਘਾਟ ਵਿੱਚ ਅੱਜ ਸਵੇਰੇ ਵੱਖ ਵੱਖ ਥਾਵਾਂ ਤੇ ਅਧੀ ਦਰਜਨ ਤੋਂ ਵੱਧ ਕਾਂ ਮਰੇ ਹੋਏ ਮਿਲੇ ਹਨ। ਇਹਨਾਂ ਵਿੱਚੋਂ ਚਾਰ ਕਾਂ ਅਜਿਹੇ ਸਨ ਜਿਹੜੇ ਸ਼ਮਸ਼ਾਨ ਘਾਟ ਦੇ ਕਰਮਚਾਰੀ ਵਲੋਂ ਵੇਖੇ ਜਾਣ ਤੋਂ ਪਹਿਲਾਂ ਹੀ ਮਰੇ ਹੋਏ ਸੀ ਜਦੋਂਕਿ ਤਿੰਨ ਅਜਿਹੇ ਸਨ ਜਿਹੜੇ 11 ਵਜੇ ਤਕ ਜਿੰਦਾ ਸਨ ਅਤੇ ਆਖਰੀ ਸਾਹ ਲੈ ਰਹੇ ਸਨ। ਇਹਨਾਂ ਮਰੇ ਹੋਏ ਕਾਵਾਂ ਨੂੰ ਬਾਅਦ ਵਿੱਚ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਵਲੋਂ ਚੁਕਵਾ ਕੇ ਪਸ਼ੂਪਾਲਣ ਵਿਭਾਗ ਦੀ ਬਲੌਂਗੀ ਸਥਿਤ ਡਿਸਪੈਂਸਰੀ ਪਹੁੰਚਾਇਆ ਗਿਆ ਜਿੱਥੋਂ ਬਾਅਦ ਵਿੱਚ ਇਹਨਾਂ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜਿਆ ਜਾਣਾ ਸੀ।
ਸ਼ਮਸ਼ਾਨ ਘਾਟ ਦੇ ਪੰਡਤ ਨਰਿੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਂ ਸ਼ਮਸ਼ਾਨ ਘਾਟ ਵਿੱਚ ਲੱਗੇ ਦਰਖਤਾਂ ਦੇ ਹੇਠਾਂ ਡਿੱਗੇ ਮਿਲੇ ਹਨ ਅਤੇ ਇਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਸੀ ਕਿ ਇਹ ਕਿਸੇ ਵਾਇਰਸ ਦਾ ਸ਼ਿਕਾਰ ਹੋਏ ਹਨ। ਇਸ ਦੌਰਾਨ ਇਹਨਾਂ ਵਿੱਚੋਂ ਇੱਕ ਕਾਂ ਮੌਕੇ ਤੇ ਪਹੁੰਚੀ ਸਕਾਈ ਹਾਕ ਟਾਈਮਜ਼ ਦੀ ਟੀਮ ਦੇ ਸਾਮ੍ਹਣੇ ਪੇੜ ਤੋਂ ਹੇਠਾਂ ਡਿੱਗਿਆ ਅਤੇ ਕਾਫੀ ਦੇਰ ਤਕ ਜਿਊਂਦਾ ਰਿਹਾ। ਉਹਨਾਂ ਦੱਸਿਆ ਕਿ ਉਹਨਾਂ ਨੇ ਅੱਜ ਸਵੇਰੇ ਇਹ ਕਾਂ ਮਰੇ ਹੋਏ ਵੇਖੇ ਅਤੇ ਇਸ ਸੰਬੰਧੀ 100 ਨੰਬਰ ਤੇ ਫੋਨ ਕਰਕੇ ਸੂਚਿਤ ਕੀਤਾ ਜਿਸਤੋਂ ਬਾਅਦ ਪੁਲੀਸ ਟੀਮ ਮੌਕੇ ਤੇ ਆਈ ਅਤੇ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਹੁਣ ਚਾਰ ਘੰਟੇ ਦਾ ਸਮਾਂ ਬੀਤ ਚੁੱਕਿਆ ਹੈ ਪਰੰਤੂ ਕੋਈ ਵੀ ਵਿਅਕਤੀ ਇੱਥੇ ਨਹੀਂ ਪਹੁੰਚਿਆ ਹੈ।
ਇਸ ਦੌਰਾਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜਾਰੀ ਦੀ ਹਾਲਤ ਇਹ ਰਹੀ ਕਿ ਇੱਥੇ ਮਰੇ ਹੋਏ ਕਾਂ ਮਿਲਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਚਾਰ ਘੰਟੇ ਤਕ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ। ਇਸ ਸੰਬੰਧੀ ਜਿੱਥੇ ਪੁਲੀਸ ਵਲੋਂ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ ਉੱਥੇ ਪਸ਼ੂਪਾਲਨ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਮੁਰਗੀਆਂ ਦੇ ਹੀ ਸੈਂਪਲ ਇਕੱਠੇ ਕਰ ਰਹੇ ਹਨ ਅਤੇ ਇਹਨਾਂ ਕਾਂਵਾਂ ਦੀ ਜਾਂਚ ਦਾ ਕੰਮ ਜੰਗਲੀ ਜੀਵ ਵਿਭਾਗ ਦਾ ਹੈ। ਦੂਜੇ ਪਾਸੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਕਹਿੰਦੇ ਦਿਖੇ ਕਿ ਜਾਂਚ ਤਾਂ ਪਸ਼ੂਪਾਲਣ ਵਿਭਾਗ ਵਲੋਂ ਹੀ ਕੀਤੀ ਜਾਣੀ ਹੈ ਅਤੇ ਉਹ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ।
ਇਸ ਸੰਬੰਧੀ ਸੰਪਰਕ ਕਰਨ ਤੇ ਡਿਵੀਜਨਲ ਫਾਰੈਸਟ ਅਫਸਰ ਮੋਨਿਕਾ ਯਾਦਵ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਉਹਨਾਂ ਦੀ ਇਸ ਸੰਬੰਧੀ ਪਸ਼ੂਪਾਲਣ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ ਸੰਗੀਤਾ ਨਾਲ ਗੱਲ ਵੀ ਹੋਈ ਹੈ ਅਤੇ ਉਹ ਆਪਣੇ ਕਰਮਚਾਰੀ ਭੇਜ ਰਹੇ ਹਨ ਜਿਹਨਾਂ ਵਲੋਂ ਮੌਕੇ ਤੋਂ ਮਰੇ ਹੋਏ ਕਾਂ ਚੁਕਵਾ ਕੇ ਪਸ਼ੂਪਾਲਣ ਵਿਭਾਗ ਦੇ ਪੋਲੀ ਕਲੀਨਿਕ ਪਹੁੰਚਾਏ ਜਾਣਗੇ ਜਿੱਥੋਂ ਇਹਨਾਂ ਨੂੰ ਜਾਂਚ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਸ਼ਹਿਰ ਵਿੱਚ ਜਿਹੜੇ ਪੰਜ ਮਰ ਹੋਏ ਕਾਂ ਬਰਾਮਦ ਹੋਏ ਸੀ ਉਹਨਾਂ ਦੇ ਸੈਂਪਲ ਵੀ ਜਾਂਚ ਲਈ ਜਲੰਧਰ ਭੇਜੇ ਗਏ ਹਨ।
ਦੂਜੇ ਪਾਸੇ ਪਸ਼ੂਪਾਲਣ ਵਿਭਾਗ ਦੀ ਡਿਪਟੀ ਡਾਇਰੈਕਟ ਡਾ ਸੰਗੀਤਾ ਨੇ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਡੀ ਐਫ ਓ ਮੋਨਿਕਾ ਯਾਦਵ ਨੇ ਇਸ ਸੰਬੰਧੀ ਦੱਸਿਆ ਹੈ ਅਤੇ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰ ਰਹੇ ਹਨ।

Leave a Reply

Your email address will not be published. Required fields are marked *