ਬਰਫੀਲੇ ਤੂਫਾਨ ਨੂੰ ਮਾਤ ਪਾਉਂਦੀ ਹੋਈ ਅਨੀਤਾ ਨੇ ਤੀਜੀ ਵਾਰ ਫਤਿਹ ਕੀਤੀ ਮਾਊਂਟ ਐਵਰੈਸਟ

ਨਵੀਂ ਦਿੱਲੀ, 22 ਮਈ (ਸ.ਬ.) ਕਹਿੰਦੇ ਹਨ ਕਿ ”ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਤੋਂ ਉਡਾਣ ਮਿਲਦੀ ਹੈ|” ਜੀ ਹਾਂ, ਗੱਲ ਕਰਦੇ ਹਾਂ ਭਾਰਤੀ ਪਰਬਤਰੋਹੀ ਅਨੀਤਾ ਕੁੰਡੂ ਦੀ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ, ਫਤਿਹ ਕੀਤੀ ਹੈ| ਉਸ ਨੇ ਹੁਣ ਤੀਜੀ ਵਾਰ ਮਾਊਂਟ ਐਵਰੈਸਟ ਫਤਿਹ ਕਰ ਲਈ ਹੈ| ਚਾਰ ਯਤਨਾਂ ਵਿੱਚ ਉਹ ਤੀਸਰੀ ਵਾਰ ਸਫਲ ਹੋਈ| ਅਨੀਤਾ ਕੁੰਡੂ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਹਰਿਆਣਾ ਦੀ ਪਹਿਲੀ ਬੇਟੀ ਹੈ ਅਤੇ ਨੇਪਾਲ-ਚੀਨ ਦੇ ਰਸਤਿਓ ਜਾਣ ਵਾਲੀ ਪਹਿਲੀ ਹਿੰਦੋਸਤਾਨੀ ਔਰਤ ਵੀ ਹੈ| 36 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਨੀਤਾ ਨੇ 21 ਮਈ ਨੂੰ ਸਵੇਰੇ 7 ਵਜੇ ਚੋਟੀ ਦੇ ਸ਼ਿਖਰ ਤੇ ਤਿਰੰਗਾ ਲਹਿਰਾਇਆ|
ਹਰਿਆਣਾ ਦੇ ਹਿਸਾਰ ਜ਼ਿਲੇ ਵਿੱਚ ਫਰੀਦਾਬਾਦ ਪਿੰਡ ਦੀ ਰਹਿਣ ਵਾਲੀ ਅਨੀਤਾ ਕੁੰਡੂ ਇੱਕ ਕਿਸਾਨ ਦੀ ਬੇਟੀ ਹੈ| ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਮੁਕਾਮ ਹਾਸਲ ਕੀਤਾ| ਅਨੀਤਾ ਨੇ ਇਸ ਖੁਸ਼ੀ ਦੇ ਮੌਕੇ ਤੇ ਟਵੀਟ ਕੀਤਾ, ”36 ਦਿਨਾਂ ਦੀ ਕਠਿਨ ਤਪੱਸਿਆ ਕਰਕੇ ਅੱਜ ਸਵੇਰੇ, ਸੂਰਜ ਦੀ ਕਿਰਨਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਤੀਜੀ ਵਾਰ ਆਪਣੇ ਰਾਸ਼ਟਰ ਦੇ ਗੌਰਵ ਤਿਰੰਗੇ ਝੰਡੇ ਨੂੰ ਫਹਿਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ| ਕਈ ਵਾਰ ਮੌਸਮ ਦੀ ਮਾਰ ਝੱਲਣ ਤੋਂ ਬਾਅਦ ਆਖਰਕਾਰ ਮੈਂ ਸ਼ਿਖਰ ਤੇ ਪਹੁੰਚਣ ਵਿੱਚ ਸਫਲ ਰਹੀ ਹਾਂ|”

Leave a Reply

Your email address will not be published. Required fields are marked *