ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਰੇ ਪ੍ਰਬੰਧ ਹੋਣਗੇ ਮੁਕੰਮਲ : ਵਧੀਕ ਡਿਪਟੀ ਕਮਿਸ਼ਨਰ

ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਰੇ ਪ੍ਰਬੰਧ ਹੋਣਗੇ ਮੁਕੰਮਲ : ਵਧੀਕ ਡਿਪਟੀ ਕਮਿਸ਼ਨਰ
ਡੀ.ਸੀ.ਦਫਤਰ ਵਿਖੇ ਸਥਾਪਿਤ ਕੀਤਾ ਜਾਵੇਗਾ ਫਲੱਡ ਕੰਟਰੋਲ ਰੂਮ
ਐਸ.ਏ.ਐਸ.ਨਗਰ, 1 ਜੂਨ (ਸ.ਬ.) ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹਰ ਹਾਲ ਵਿੱਚ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ ਅਤੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ: ਚਰਨਦੇਵ ਸਿੰਘ ਮਾਨ ਨੇ ਹੜ੍ਹਾਂ ਦੀ ਰੋਕਥਾਮ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਤੌਰ ਤੇ ਕੁਦਰਤੀ ਆਫਤ ਪ੍ਰਬੰਧਨ ਪਲਾਨ ਵੀ ਬਣਾਇਆ ਜਾ ਰਿਹਾ ਹੈ|
ਇਸ ਮੌਕੇ ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਦੀਆਂ, ਨਾਲਿਆਂ ਜਾਂ ਚੋਆਂ ਦੇ ਪੁਲਾਂ ਦੇ ਦੋਵੇਂ ਪਾਸੇ ਘੱਟੋ-ਘੱਟ 100-100 ਮੀਟਰ ਤੱਕ ਗਾਰ ਨਹੀਂ ਜੰਮੀ ਹੋਣੀ ਚਾਹੀਦੀ ਤੇ ਗਾਰ ਨੂੰ ਬਾਹਰ ਕੱਢਣ ਲਈ ਮਗਨਰੇਗਾ ਤਹਿਤ ਕੰਮ ਕਰਵਾਇਆ ਜਾਵੇ| ਉਨ੍ਹਾਂ ਜੇਕਰ ਕਿਹਾ ਕਿ ਜੇਕਰ ਨਦੀਆਂ ਨਾਲਿਆਂ ਜਾਂ ਚੋਆਂ ਦੇ ਖੇਤਰ ਵਿੱਚ ਕੋਈ ਨਜਾਇਜ਼ ਉਸਾਰੀ ਹੋਈ ਹੈ ਤਾਂ ਉਸ ਸਬੰਧੀ ਫੌਰੀ ਕਾਰਵਾਈ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਅਜਿਹੀਆਂ ਉਸਾਰੀਆਂ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ|
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਅਤੇ ਹੋਰਨਾਂ ਨਦੀਆਂ, ਨਾਲਿਆਂ ਅਤੇ ਚੋਆਂ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਲਈ ਕਾਰਜਕਾਰੀ ਇੰਜਨੀਅਰ, ਜਲ ਨਿਕਾਸ ਸਰਕਲ/ਜਲ ਪ੍ਰਬੰਧ ਖੋਜ਼ ਮੰਡਲ ਪਟਿਆਲਾ ਅਤੇ ਰੂਪਨਗਰ ਪ੍ਰਬੰਧ ਕਰਨਗੇ| ਜ਼ਿਲ੍ਹੇ ਵਿੱਚ ਮਿਤੀ 18 ਜੂਨ ਤੋਂ 30 ਜੂਨ ਤੱਕ ਤਹਿਸੀਲ ਪੱਧਰ ਤੇ ਫਲੱਡ ਕੰਟਰੋਲ ਰੂਮ ਸਬੰਧਿਤ ਤਹਿਸੀਲਦਾਰ ਦੀ ਨਿਗਰਾਨੀ ਹੇਠ ਕੰਮ ਕਰਨਗੇ| ਜ਼ਿਲ੍ਹਾ ਪੱਧਰ ਦਾ ਫਲੱਡ ਕੰਟਰੋਲ ਰੂਮ ਡੀ.ਸੀ.ਦਫਤਰ ਵਿਖੇ ਸਥਾਪਿਤ ਕੀਤਾ ਜਾਵੇਗਾ| ਉਹਨਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਕਿਸ਼ਤੀਆਂ, ਲਾਈਫ ਜੈਕਟਾਂ, ਤ੍ਰਿਪਾਲਾਂ, ਪੰਪ ਸੈਟਾਂ ਆਦਿ ਦਾ ਪ੍ਰਬੰਧ ਮੁਕੰਮਲ ਕਰਕੇ ਰਿਪੋਰਟ ਉਨ੍ਹਾਂ ਨੂੰ ਸੌਂਪੀ ਜਾਵੇ| ਇਸ ਤੋਂ ਇਲਾਵਾ ਉਨ੍ਹਾਂ ਨੇ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਤੇ ਖਾਣ ਪੀਣ ਦੀ ਸਮੱਗਰੀ, ਦਵਾਈਆਂ, ਮੈਡੀਕਲ ਟੀਮਾਂ, ਟਰਾਂਸਪੋਰਟ, ਪਸ਼ੂਆਂ ਦੇ ਇਲਾਜ ਸਬੰਧੀ ਪ੍ਰਬੰਧ ਕਰਨ ਸੰਬੰਧੀ ਵੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ|
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜ਼ਿਲ੍ਹੇ ਵਿੱਚ ਰੇਲਵੇ ਅੰਡਰ ਪਾਸਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ ਤੇ ਉੱਥੇ ਲਾਲ ਝੰਡੀਆਂ ਲਾਉਣ ਦੇ ਨਾਲ ਨਾਲ ਪੰਪਿੰੰਗ ਸੈਟਾਂ ਸਮੇਤ ਇੱਕ ਮੁਲਾਜਮ ਵੀ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਅੰਡਰ ਪਾਸ ਵਿੱਚ ਪਾਣੀ ਭਰਨ ਤੇ ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ| ਸ੍ਰ: ਮਾਨ ਨੇ ਦੱਸਿਆ ਕਿ ਪੁਲੀਸ ਵੱਲੋਂ ਆਰਜੀ ਟ੍ਰੈਫਿਕ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ਤੇ ਉਸਦੀ ਵਰਤੋਂ ਕੀਤੀ ਜਾ ਸਕੇ| ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੱਦੇਨਜ਼ਰ ਵਿਸੇਸ਼ ਰਿਕਵਰੀ ਵੈਨਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਾਹਨ ਖਰਾਬ ਹੋਣ ਤੇ ਟ੍ਰੈਫਿਕ ਵਿੱਚ ਵਿਘਨ ਪੈਣ ਤੋ ਰੋਕਿਆ ਜਾ ਸਕੇ| ਡੀ.ਈ.ਓ. ਸੈਕੰਡਰੀ ਅਤੇ ਪ੍ਰਾਇਮਰੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਚੈਕ ਕਰਨਗੇ ਅਤੇ ਫਲੱਡ ਸੀਜ਼ਨ ਦੌਰਾਨ ਅਸੁਰੱਖਿਅਤ ਇਮਾਰਤਾਂ ਦੀ ਵਰਤੋਂ ਨਹੀ ਕਰਨਗੇ|
ਮੀਟਿੰਗ ਵਿੱਚ ਐਸ.ਡੀ.ਮੁਹਾਲੀ ਡਾ: ਆਰ.ਪੀ.ਸਿੰਘ, ਸੰਯੁਕਤ ਸਕੱਤਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਡੀ.ਐਸ.ਪੀ. ਅਮਰੋਜ ਸਿੰਘ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਸੁਖਵਿੰਦਰ ਕੁਮਾਰ, ਜ਼ਿਲ੍ਹਾ ਮਾਲ ਅਫਸਰ ਬਲਵਿੰਦਰ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਡੀ.ਕੇ.ਸਾਲਦੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ|
ਕੇਂਦਰੀ ਸਭਾ ਵਲੋਂ ਪੁਰਸਕਾਰਾਂ ਦਾ ਐਲਾਨ

Leave a Reply

Your email address will not be published. Required fields are marked *