ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੰਭਾਲ ਲਈ ਉਪਰਾਲੇ ਕੀਤੇ ਜਾਣ

ਸਾਡੇ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਹਰ ਸਾਲ ਬਰਸਾਤਾਂ ਦੇ ਮੌਸਮ ਵਿੱਚ ਹਰ ਪਾਸੇ ਜਲ ਥਲ ਹੋ ਜਾਂਦੀ ਹੈ| ਪਿੰਡਾਂ ਵਿੱਚ ਜਿਥੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਜਾਂਦਾ ਹੈ, ਉਥੇ ਹੀ ਮੁਹਾਲੀ ਵਰਗੇ ਆਧੁਨਿਕ ਸ਼ਹਿਰ ਦੇ ਵੀ ਕਈ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਜਾਂਦਾ ਹੈ, ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਹੈ| ਭਾਵੇਂ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮੁਹਾਲੀ ਅੰਦਰ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਰ ਬਰਸਾਤ ਵੇਲੇ ਹੀ ਇਹ ਦਾਅਵੇ ਹਵਾ ਵਿੱਚ ਉਡ ਜਾਂਦੇ ਹਨ ਅਤੇ ਬਰਸਾਤੀ ਪਾਣੀ ਲੋਕਾਂ ਲਈ ਵੱਡੀ ਮੁਸੀਬਤ ਬਣ ਜਾਂਦਾ ਹੈ|
ਸਾਡੇ ਸ਼ਹਿਰ ਦਾ ਹਾਲ ਤਾਂ ਇਹ ਹੈ ਕਿ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਰੋੜ ਗਲੀਆਂ ਦੀ ਸਮੇਂ ਸਿਰ ਸਫਾਈ ਤੱਕ ਨਹੀਂ ਕੀਤੀ ਜਾਂਦੀ ਜਿਸ ਕਰਕੇ ਬਰਸਾਤਾਂ ਦੇ ਸਮੇਂ ਇਹ ਰੋੜ ਗਲੀਆਂ ਬੰਦ ਹੋ ਜਾਂਦੀਆਂ ਹਨ ਅਤੇ ਇਹਨਾਂ ਰਾਹੀਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਰਸਾਤੀ ਪਾਣੀ ਸੜਕਾਂ ਉਪਰ ਹੀ ਖੜਾ ਰਹਿੰਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਦਾਖਿਲ ਹੋ ਜਾਂਦਾ ਹੈ| ਕਈ ਇਲਾਕਿਆਂ ਵਿੱਚ ਤਾਂ ਬਰਸਾਤੀ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ, ਜਿਸ ਕਾਰਨ ਮੱਖੀ ਮੱਛਰ ਪੈਦਾ ਹੋ ਜਾਂਦੇ ਹਨ ਜਿਹਨਾਂ ਕਾਰਨ ਬਿਮਾਰੀਆਂ ਫੈਲਣ ਲੱਗਦੀਆਂ ਹਨ| ਇਸ ਤੋਂ ਇਲਾਵਾ ਕਈ ਪਾਰਕਾਂ ਵਿੱਚ ਵੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਕੀਤੇ ਗਏ| ਜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਵੀ ਗਏ ਹਨ ਤਾਂ ਪਾਰਕਾਂ ਦੀ ਮਿੱਟੀ, ਸੁੱਕੇ ਪੱਤਿਆਂ ਅ ਤੇ ਹੋਰ ਕੂੜੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਜਿਸ ਕਾਰਨ ਜਿਆਦਾਤਰ ਪਾਰਕਾਂ ਵਿੱਚ ਵੀ ਬਰਸਾਤੀ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ| ਪਾਰਕਾਂ ਵਿੱਚ ਇਹ ਪਾਣੀ ਅਕਸਰ ਹੀ ਕੀਚੜ ਦਾ ਰੂਪ ਧਾਰ ਲੈਂਦਾ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਜੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪਿੰਡਾਂ ਵਿੱਚ ਕਈ ਕਈ ਛੱਪੜ ਹੁੰਦੇ ਸਨ| ਹਰ ਬਰਸਾਤ ਵੇਲੇ ਹੀ ਬਰਸਾਤ ਦਾ ਪਾਣੀ ਇਹਨਾਂ ਛੱਪੜਾਂ ਵਿੱਚ ਪੈ ਜਾਂਦਾ ਸੀ ਤੇ ਪਿੰਡ ਵਿੱਚ ਪਈ ਬਰਸਾਤ ਦਾ ਸਾਰਾ ਪਾਣੀ ਇਹ ਛੱਪੜ ਸੋਖ ਲੈਂਦੇ ਸਨ| ਪਰ ਹੁਣ ਪਿੰਡਾਂ ਵਿੱਚੋਂ ਛੱਪੜ ਹੀ ਗਾਇਬ ਹੋ ਗਏ ਹਨ ਜਾਂ ਘੱਟ ਰਹਿ ਗਏ ਹਨ| ਜਿਆਦਾਤਰ ਛੱਪੜਾਂ ਉਪਰ ਨਾਜਾਇਜ ਕਬਜੇ ਹੋ ਚੁਕੇ ਹਨ, ਜਿਹਨਾਂ ਨੂੰ ਹਟਾਉਣ ਲਈ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਇਲਾਕੇ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਹਰ ਬਰਸਾਤ ਸਮੇਂ ਹੀ ਬੁਰਾ ਹਾਲ ਹੋ ਜਾਂਦਾ ਹੈ|
ਪਿੰਡਾਂ ਦੀਆਂ ਗਲੀਆਂ ਵਿੱਚੋਂ ਬਰਸਾਤੀ ਪਾਣੀ ਦੀ ਕਈ ਕਈ ਦਿਨ ਨਿਕਾਸੀ ਨਹੀਂ ਹੁੰਦੀ| ਪਿੰਡਾਂ ਦਾ ਸੀਵਰੇਜ ਸਿਸਟਮ ਅਕਸਰ ਜਾਮ ਰਹਿੰਦਾ ਹੈ| ਪਿੰਡਾਂ ਦੇ ਕਈ ਇਲਾਕਿਆਂ ਵਿੱਚ ਅਜੇ ਸੀਵਰੇਜ ਸਿਸਟਮ ਹੀ ਨਹੀਂ ਹੈ, ਜੇ ਹੈ ਤਾਂ ਸਹੀ ਕੰਮ ਨਹੀਂ ਕਰਦਾ| ਇਸ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਹੀ ਖੜਾ ਰਹਿੰਦਾ ਹੈ| ਪਿੰਡਾਂ ਵਿੱਚ ਖੜਾ ਬਰਸਾਤੀ ਪਾਣੀ ਮਿਟੀ ਨਾਲ ਰਲਕੇ ਗਾਰਾ ਬਣ ਜਾਂਦਾ ਹੈ, ਜਿਸ ਕਾਰਨ ਉਥੋਂ ਦੀ ਲੰਘਣਾ ਵੀ ਮੁਸਕਿਲ ਹੋ ਜਾਂਦਾ ਹੈ| ਇਸ ਬਰਸਾਤੀ ਪਾਣੀ ਕਾਰਨ ਕਈ ਵਾਰ ਪਿੰਡ ਵਾਸੀਆਂ ਵਿੱਚਾਲੇ ਆਪਸ ਵਿੱਚ ਝਗੜੇ ਵੀ ਹੋ ਜਾਂਦੇ ਹਨ| ਜੇ ਹਰ ਪਿੰਡ ਵਿੱਚ ਹੀ ਕਈ ਕਈ ਛੱਪੜ ਖੁਦਵਾਏ ਜਾਣ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਹੋ ਸਕਦਾ ਹੈ|
ਹੁਣ ਤਾਂ ਬਰਸਾਤੀ ਪਾਣੀ ਨੂੰ ਸਿੱਧਾ ਧਰਤੀ ਹੇਠਾਂ ਭੇਜਣ ਲਈ ਵੀ ਪ੍ਰਬੰਧ ਹੋਣ ਲਗੇ ਹਨ| ਕਈ ਸ਼ਹਿਰਾਂ ਵਿੱਚ ਇਸ ਤਰ੍ਹਾਂ ਦਾ ਸਿਸਟਮ ਵਿਕਸਤ ਕੀਤਾ ਗਿਆ ਹੈ, ਕਿ ਉਥੇ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਪਾਈਪਾਂ ਰਾਹੀਂ ਪਾਣੀ ਸਿੱਧਾਂ ਧਰਤੀ ਹੇਠਾਂ ਪਹੁੰਚ ਜਾਂਦਾ ਹੈ, ਜਿਸ ਕਾਰਨ ਇਹ ਪਾਣੀ ਨਾ ਤਾਂ ਸੜਕਾਂ ਉਪਰ ਖੜਦਾ ਹੈ ਅਤੇ ਨਾ ਹੀ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ| ਕਈ ਸ਼ਹਿਰਾਂ ਵਿੱਚ ਤਾਂ ਇਹ ਕਾਨੂੰਨ ਬਣਿਆ ਹੋਇਆ ਹੈ ਕਿ ਹਰ ਵਸਨੀਕ ਨੂੰ ਆਪਣੇ ਘਰ ਦੇ ਬਾਹਰ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਮੀਨ ਵਿੱਚ ਪਾਈਪਾਂ ਪਾ ਕੇ ਉਚਿਤ ਪ੍ਰਬੰਧ ਕਰਨਾ ਜਰੂਰੀ ਹੈ ਅਤੇ ਇਸ ਪ੍ਰਬੰਧ ਦੇ ਚੰਗੇ ਨਤੀਜੇ ਵੀ ਨਿਕਲ ਰਹੇ ਹਨ|
ਚਾਹੀਦਾ ਤਾਂ ਇਹ ਹੈ ਕਿ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਹੀ ਉਪਰਾਲੇ ਕੀਤੇ ਜਾਣ, ਨਵੇਂ ਛੱਪੜਾਂ ਦੀ ਖੁਦਾਈ ਕਰਵਾਈ ਜਾਵੇ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਵੀ ਉਪਰਾਲੇ ਕੀਤੇ ਜਾਣ| ਹਰ ਨਵੀਂ ਕੋਠੀ ਬਣਾਉਣ ਵੇਲੇ ਨਕਸ਼ਾ ਪਾਸ ਕਰਨ ਵੇਲੇ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਘਰਾਂ ਵਿੱਚ ਵੀ ਬਰਸਾਤੀ ਪਾਣੀ ਦੀ ਧਰਤੀ ਵਿੱਚ ਨਿਕਾਸੀ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਂਦਾ ਉਦੋਂ ਤੱਕ ਨਵੇਂ ਘਰ ਦਾ ਨਕਸਾ ਹੀ ਪਾਸ ਨਾ ਕੀਤਾ ਜਾਵੇ| ਇਸ ਤਰ੍ਹਾਂ ਬਰਸਾਤੀ ਪਾਣੀ ਦੀ ਧਰਤੀ ਵਿੱਚ ਸਿੱਧੀ ਨਿਕਾਸੀ ਹੋਣ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਆਵੇਗਾ|

Leave a Reply

Your email address will not be published. Required fields are marked *