ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਹੋਵੇ : ਧਾਲੀਵਾਲ

ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਹੋਵੇ : ਧਾਲੀਵਾਲ
ਐਸ ਐਸ ਪੀ ਨੂੰ ਪੱਤਰ ਦੇ ਕੇ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ
ਐਸ ਏ ਐਸ ਨਗਰ, 11 ਜੂਨ (ਸ.ਬ.) ਆਮ ਆਦਮੀ ਪਾਰਟੀ ਦੇ ਜਿਲ੍ਹਾ ਮਹਾਲੀ ਦੇ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਵਲੋਂ ਐਸ. ਐਸ. ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਬਡਾਲਾ ਰੋਡ ਅਤੇ ਰੰਧਾਵਾ ਰੋਡ ਖਰੜ ਤੇ ਰੇਲਵੇ ਪੁਲਾਂ (ਅੰਡਰ ਬਰਿਜ) ਥੱਲੇ ਮੀਂਹ ਦੇ ਪਾਣੀ ਦੇ ਇੱਕਠਾ ਹੋਣ ਲਈ ਜਿੰਮੇਵਾਰ ਮੁਲਾਜਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਕਿਹਾ ਹੈ ਕਿ ਮੀਂਹ ਦੇ ਪਾਣੀ ਨੂੰ ਕੱਢਣ ਦਾ ਪ੍ਰਬੰਧ ਨਾ ਹੋਣ ਅਤੇ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਇਸ ਸੰਬੰਧੀ ਸਬ ਡਵੀਜ਼ਨ ਖਰੜ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ, ਪੀ. ਡਬਲਿਊ. ਡੀ, ਦੇ ਐਸ. ਡੀ. ਓ, ਈ. ਓ, ਮਿਉਸਪਲ ਕਮੇਟੀ ਖਰੜ, ਰੋਲਵੇ ਦੇ ਅਧਿਕਾਰੀਆ ਤੇ ਹੋਰ ਸਬੰਧਤ ਅਫਸਰਾਂ ਤੇ ਮੁਲਾਜ਼ਮਾਂ ਵਲੋਂ ਵਰਤੀ ਅਣਗਹਿਲੀ ਕਾਰਨ ਇਨ੍ਹਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ| ਸ੍ਰ. ਧਾਲੀਵਾਲ ਨੇ ਦੱਸਿਆ ਕਿ ਐਸ ਐਸ ਪੀ ਵਲੋਂ ਉਹਨਾਂ ਦੀ ਸ਼ਿਕਾਇਤ ਨੂੰ ਪੜਤਾਲ ਕਰਨ ਲਈ ਡੀ. ਐਸ. ਪੀ ਖਰੜ ਨੂੰ ਭੇਜ ਦਿੱਤਾ ਗਿਆ ਹੈ| ਉਹਨਾਂ ਵਲੋਂ ਇਸ ਸ਼ਿਕਾਇਤ ਦੀ ਕਾਪੀਆਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਪੰਜਾਬ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ |
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬਡਾਲਾ ਰੋਡ ਤੇ ਰੰਧਾਵਾ ਰੋਡ ਖਰੜ ਵਿਖੇ ਰੇਲਵੇ ਲਾਈਨ ਤੇ ਅੰਡਰ ਬਰਿਜ ਬਣੇ ਹੋਏ ਹਨ ਜੋ ਸੜਕ ਤੋਂ ਕਾਫੀ ਡੂੰਘੇ ਹਨ ਤੇ ਬਾਰਸ਼ ਪੈਣ ਕਾਰਨ ਇਨ੍ਹਾਂ ਥੱਲੇ ਬਹੁਤ ਪਾਣੀ ਭਰ ਗਿਆ ਹੈ ਜਿਸ ਕਾਰਨ ਇਲਾਕੇ ਦੇ 50 – 60 ਪਿੰਡਾਂ ਤੇ ਖਰੜ ਤੇ ਨਜਦੀਕ ਪੈਂਦੇ ਸ਼ਹਿਰਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਲਿਖਿਆ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਪੁਲਾਂ ਥੱਲੇ ਪਾਣੀ ਇਕੱਠਾ ਹੋਣ ਕਾਰਨ ਸੈਂਕੜਾਂ ਲੋਕ ਜਿਨ੍ਹਾਂ ਵਿੱਚ ਬੱਚੇ, ਬੁੱਢੇ, ਔਰਤਾਂ ਤੇ ਕੁਝ ਮਰੀਜ ਵੀ ਸ਼ਾਮਲ ਸਨ, ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਸਨ ਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਸੀ ਤੇ ਆਪਣੇ ਕੰਮਾਂ ਕਾਰਾਂ ਤੇ ਪਹੁੰਚ ਨਹੀਂ ਸਕੇ|
ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਕਿਹਾ ਹੈ ਕਿ ਇਨ੍ਹਾਂ ਪੁਲਾਂ ਅਧੀਨ ਪਾਣੀ ਜਮ੍ਹਾਂ ਹੋਣ ਕਾਰਨ ਕੋਈ ਭਿਆਨਕ ਹਾਦਸਾ ਵੀ ਵਾਪਰ ਸਕਦਾ ਹੈ, ਜਿਸ ਦੀ ਜਿੰਮੇਵਾਰੀ ਸਰਕਾਰ, ਪ੍ਰਸ਼ਾਸ਼ਨ ਤੇ ਸਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹੋਵੇਗੀ| ਸਰਕਾਰ ਅਤੇ ਅਧਿਕਾਰੀਆਂ ਦਾ ਪਾਣੀ ਨੂੰ ਕੱਢਣ ਦਾ ਪ੍ਰਬੰਧ ਕਰਨਾ ਇਨ੍ਹਾਂ ਦਾ ਸੰਵਿਧਾਨਕ ਤੇ ਕਾਨੂੰਨੀ ਫਰਜ਼ ਹੈ ਪਰ ਅਧਿਕਾਰੀ ਆਪਣੀ ਡਿਊਟੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਹਨ ਤੇ ਜਾਣ ਬੁਝ ਕੇ ਲੋਕਾਂ ਵੱਲ ਧਿਆਨ ਨਹੀਂ ਦੇ ਰਹੇ ਹਨ | ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਬ ਡਵੀਜ਼ਨ ਖਰੜ ਦੇ ਪ੍ਰਸਾਸ਼ਨਿਕ ਅਧਿਕਾਰੀ, ਈ. ਓ ਮਿਉਂਸੀਪਲ ਕਾਉਂਸਲ ਖਰੜ, ਪੀ. ਡਬਲਿਉ. ਡੀ. ਦਾ ਐਸ. ਡੀ. ਓ, ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਅਤੇ ਹੋਰ ਉਚ ਅਧਿਕਾਰੀ ਤੇ ਮੁਲਾਜਮ ਵੀ ਸ਼ਾਮਲ ਹਨ ਜਿਨ੍ਹਾਂ ਦੇ ਖਿਲਾਫ ਫੌਜਦਾਰੀ ਕੇਸ ਬਣਦਾ ਹੈ| ਉਹਨਾਂ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਾਲ 2017 ਦੇ ਜੂਨ ਮਹੀਨੇ ਉਕਤ ਮਾਮਲੇ ਸਬੰਧੀ ਐਸ. ਡੀ. ਐਮ ਖਰੜ ਤੇ ਈ. ਓ ਮਿਉਂਸਪਲ ਕਮੇਟੀ ਖਰੜ ਨੂੰ ਲਿਖਤੀ ਸਿਕਾਇਤਾਂ ਕੀਤੀਆਂ ਗਈਆਂ ਸਨ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਅੱਗੇ ਲਿਖਿਆ ਹੈ ਕਿ ਇਸ ਮਾਮਲੇ ਵਿੱਚ ਲੋਕਾਂ ਦੇ ਮੌਲਿਕ ਤੇ ਕਾਨੂੰਨੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੋਈ ਹੈ ਤੇ ਸਬੰਧਤ ਮਹਿਕਮਿਆਂ ਦੇ ਸਬੰਧਤ ਅਧਿਕਾਰੀਆਂ ਤੇ ਮੁਲਾਜਮਾਂ ਵੱਲੋਂ ਆਪਣੀ ਡਿਊਟੀ ਵਿੱਚ ਜਾਣ ਬੁਝ ਕੇ ਤੇ ਮਾੜੀ ਨੀਅਤ ਨਾਲ ਅਣਗਹਿਲੀ ਕੀਤੀ ਗਈ ਹੈ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਉਕਤ ਅਧਿਕਾਰੀਆਂ, ਮੁਲਾਜਮਾਂ ਅਤੇ ਜੇ ਕੋਈ ਹੋਰ ਵੀ ਸ਼ਾਮਲ ਹੈ ਤਾਂ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਕਾਨੂੰਨ ਅਨੁਸਾਰ ਸਜਾ ਦਿਵਾਈ ਜਾਵੇ|

Leave a Reply

Your email address will not be published. Required fields are marked *