ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਲੌਂਗੀ ਵਾਸੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਲੌਂਗੀ ਵਾਸੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ
ਪਿਛਲੀ ਪੰਚਾਇਤ ਸਮੇਂ ਪਲੈਨਿੰਗ ਨਾਲ ਵਿਕਾਸ ਕੰਮ ਨਾ ਹੋਣ ਕਾਰਨ ਆਈ ਸਮੱਸਿਆ : ਸਰਪੰਚ ਬਹਾਦਰ ਸਿੰਘ
ਬਲੌਂਗੀ, 24 ਜਨਵਰੀ (ਪਵਨ ਰਾਵਤ) ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਹਰ ਵਾਰ ਬਰਸਾਤ ਵੇਲੇ ਬਹੁਤ ਬੁਰਾ ਹਾਲ ਹੋ ਜਾਂਦਾ ਹੈ| ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਬਰਸਾਤੀ ਪਾਣੀ ਬਲਂੌਗੀ ਪਿੰਡ ਅਤੇ ਬਲਂੌਗੀ ਕਾਲੋਨੀ ਦੀਆਂ ਗਲੀਆਂ ਵਿੱਚ ਕਈ ਕਈ ਦਿਨ ਤਕ ਖੜਾ ਰਹਿੰਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਲਾਕਾ ਵਾਸੀ ਸਤੀਸ਼, ਰਾਹੁਲ, ਰਾਜੇਸ਼ ਅਤੇ ਹੋਰਨਾਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਈ ਬਰਸਾਤ ਦਾ ਪਾਣੀ ਬਲਂੌਗੀ ਪਿੰਡ ਅਤੇ ਬਲਂੌਗੀ ਕਾਲੋਨੀ ਵਿੱਚ ਹੁਣ ਤਕ ਖੜਾ ਹੈ, ਜਿਸ ਕਾਰਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਗੰਦੇ ਪਾਣੀ ਕਾਰਨ ਮੱਖੀ ਅਤੇ ਮੱਛਰ ਬਹੁਤ ਵੱਡੀ ਗਿਣਤੀ ਵਿੱਚ ਪੈਦਾ ਹੋ ਗਏ ਹਨ, ਜਿਹਨਾਂ ਤੋਂ ਕੋਈ ਬਿਮਾਰੀ ਫੈਲਣ ਦਾ ਖਤਰਾ ਵੀ ਬਣ ਸਕਦਾ ਹੈ| ਇਲਾਕੇ ਦੀਆਂ ਗਲੀਆਂ ਉੱਚੀਆਂ ਹਨ ਪਰ ਵੱਡੀ ਗਿਣਤੀ ਲੋਕਾਂ ਦੇ ਘਰ ਗਲੀਆਂ ਤੋਂ ਨੀਵੇਂ ਰਹਿ ਜਾਣ ਕਾਰਨ ਹਰ ਬਰਸਾਤ ਵੇਲੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਜਾਂਦਾ ਹੈ, ਜਿਸ ਕਾਰਨ ਇਹਨਾਂ ਘਰਾਂ ਦੇ ਵਸਨੀਕਾਂ ਨੂੰ ਬਹੁਤ ਦਿਕਤਾਂ ਆਉਂਦੀਆਂ ਹਨ| ਉਹਨਾਂ ਕਿਹਾ ਕਿ ਗਲੀਆਂ-ਸੜਕਾਂ ਉਪਰ ਬਰਸਾਤੀ ਪਾਣੀ ਖੜਾ ਰਹਿਣ ਕਾਰਨ ਇਹ ਸੜਕਾਂ ਵੀ ਟੁੱਟ ਭੱਜ ਗਈਆਂ ਹਨ, ਇਹਨਾਂ ਸੜਕਾਂ ਉੱਪਰ ਖੱਡੇ ਪੈ ਗਏ ਹਨ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਦੇ ਨਾਲ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਗਿਆ ਹੈ| ਉਹਨਾਂ ਮੰਗ ਕੀਤੀ ਕਿ ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਉਪਰਾਲੇ ਕੀਤੇ ਜਾਣ ਤਾਂ ਕਿ ਇਸ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕੀਤਾ ਜਾ ਸਕੇ|
ਇਸ ਸਬੰਧੀ ਗੱਲ ਕਰਨ ਤੇ ਬਲੌਂਗੀ ਪਿੰਡ ਦੇ ਸਰਪੰਚ ਸ੍ਰ. ਬਹਾਦਰ ਸਿੰਘ ਕਹਿੰਦੇ ਹਨ ਕਿ ਪਿੰਡ ਦੀ ਪਿਛਲੀ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕੰਮ ਕਰਵਾਉਣ ਸਮੇਂ ਕੋਈ ਸਹੀ ਪਲੈਨਿੰਗ ਨਾ ਕੀਤੇ ਜਾਣ ਕਾਰਨ ਬਲਂੌਗੀ ਵਾਸੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਸਾਲ 2010 ਵਿੱਚ ਗਮਾਡਾ ਨੇ ਬਲੌਂਗੀ ਪਿੰਡ ਦੀ ਸਾਢੇ ਤਿੰਨ ਏਕੜ ਪੰਚਾਇਤੀ ਜਮੀਨ ਐਕਵਾਇਰ ਕਰਕੇ ਇਸ ਦਾ ਮੁਆਵਜਾ 4,00,12,500 ਰੁਪਏ ਉਸ ਸਮੇਂ ਦੀ ਪੰਚਾਇਤ ਨੂੰ ਮਿਲਿਆ ਸੀ, ਇਸ ਪੈਸੇ ਨਾਲ ਪਿੰਡ ਦੀਆਂ ਗਲੀਆਂ, ਨਾਲੀਆਂ, ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ , ਸੜਕਾਂ ਦਾ ਕੰਮ ਕੀਤਾ ਗਿਆ ਸੀ| ਇਸ ਤੋਂ ਬਾਅਦ ਮੌਜੂਦਾ ਸਰਕਾਰ ਵਲੋਂ 1,87, 54000 ਰੁਪਏ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕੰਮਾਂ ਲਈ ਦਿੱਤੇ ਸਨ, ਪਰ ਉਸ ਸਮੇਂ ਦੀ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕੰਮ ਕਿਸੇ ਪਲੈਨਿੰਗ ਨਾਲ ਨਾ ਕੀਤੇ ਗਏ, ਉਸ ਸਮੇਂ ਦੌਰਾਨ ਸੜਕ ਬਣਾਉਣ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਸਿਸਟਮ ਨਹੀਂ ਬਣਾਇਆ ਗਿਆ, ਇਸ ਤੋਂ ਇਲਾਵਾ ਉਸ ਸਮੇਂ ਦੀ ਪੰਚਾਇਤ ਵਲੋਂ ਫਿਰਨੀ ਨੂੰ ਉਚੀ ਕਰਕੇ ਬਣਾਉਣ ਨਾਲ ਲੋਕਾਂ ਦੇ ਘਰ ਨੀਵੇਂ ਰਹਿ ਗਏ, ਜਿਸ ਕਾਰਨ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਅੰਦਰ ਚਲਾ ਜਾਂਦਾ ਹੈ|
ਉਹਨਾਂ ਕਿਹਾ ਕਿ ਪਿਛਲੀ ਪੰਚਾਇਤ ਵਲੋਂ ਪਿੰਡ ਵਿੱਚ 6 ਕਰੋੜ ਰੁਪਏ ਤੋਂ ਉਪਰ ਰੁਪਏ ਖਰਚ ਕੇ ਵਿਕਾਸ ਕੰਮ ਕਰਵਾਉਣ ਤੋਂ ਬਾਅਦ ਵੀ ਪਿੰਡ ਦਾ ਵਿਕਾਸ ਸਹੀ ਤਰੀਕੇ ਨਾਲ ਨਾ ਕੀਤੇ ਜਾਣ ਕਰਕੇ ਬਲਂੌਗੀ ਵਾਸੀ ਅਜੇ ਵੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ| ਉਹਨਾਂ ਦੋਸ਼ ਲਗਾਇਆ ਕਿ ਪਿਛਲੀ ਪੰਚਾਇਤ ਦੌਰਾਨ ਜੋ ਵੀ ਗ੍ਰਾਂਟ ਮਿਲੀ, ਉਸ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਲੱਗਦੀ| ਉਹਨਾਂ ਮੰਗ ਕੀਤੀ ਕਿ ਪਿਛਲੀ ਪੰਚਾਇਤ ਦੌਰਾਨ ਪਿੰਡ ਨੂੰ ਮਿਲੀਆਂ ਸਾਰੀਆਂ ਗ੍ਰਾਂਟਾ ਅਤੇ ਪੰਚਾਇਤ ਵਲੋਂ ਕਰਵਾਏ ਗਏ ਵਿਕਾਸ ਕੰਮਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ|

Leave a Reply

Your email address will not be published. Required fields are marked *