ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਕਰਨਾ ਨਿਗਮ ਦੀ ਜਿੰਮੇਵਾਰੀ

ਮਾਨਸੂਨ ਆ ਗਈ ਹੈ ਅਤੇ ਬਰਸਾਤ ਵੀ ਸ਼ੁਰੂ ਹੋ ਗਈ ਹੈ ਪਰ ਸ਼ਹਿਰ ਵਿੱਚ ਪ੍ਰਸ਼ਾਸਨ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧ ਨਾਕਾਫੀ ਹੀ ਕਹੇ ਜਾ ਸਕਦੇ ਹਨ| ਮੌਨਸੂਨ ਆ ਜਾਣ ਕਾਰਨ ਇਸ ਵੇਲੇ ਪ੍ਰਸ਼ਾਸਨ ਦੀ ਹਾਲਤ ਆ ਗਈ ਜੰਨ , ਵਿੰਨੋ ਕੁੜੀ ਦੇ ਕੰਨ ਵਾਲੀ ਹੋਈ ਲੱਗਦੀ ਹੈ| ਜੇ ਸਥਾਨਕ ਫੇਜ਼ 5 ਅਤੇ ਫੇਜ਼ 4 ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨ ਦੀਆਂ ਭਰਵੀਂਆਂ ਬਰਸਾਤਾਂ ਪੈਣ ਤੋਂ ਬਾਅਦ ਹੀ ਪ੍ਰਸ਼ਾਸਨ ਵਲੋਂ ਇਹਨਾਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਪਰਾਲੇ ਕੀਤੇ ਜਾਣੇ ਸ਼ੁਰੂ ਕੀਤੇ ਗਏ ਹਨ| ਪ੍ਰਸ਼ਾਸਨ ਦੀ ਲਾਪਰਵਾਹੀ ਤਾਂ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਫੇਜ਼ 5 ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵੀ ਪ੍ਰਬੰਧ ਕਰਨ ਦੀ ਥਾਂ ਪਹਿਲਾਂ ਹੀ ਫੇਜ਼ 4 ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਫੇਜ਼ 5 ਵਿੱਚ ਕਰਨ ਲਈ ਸੜਕ ਦੀ ਲੈਵਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸਦਾ ਵਿਰੋਧ ਕਰਦਿਆਂ ਫੇਜ਼ 5 ਦੇ ਵਸਨੀਕਾਂ ਨੇ ਇਹ ਕੰਮ ਰੁਕਵਾ ਦਿੱਤਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਫੇਜ਼ 5 ਵਿੱਚ ਫੇਜ਼ 4 ਦੇ ਬਰਸਾਤੀ ਪਾਣੀ ਦੀ ਐਂਟਰੀ ਕਰਨ ਤੋਂ ਪਹਿਲਾਂ ਫੇਜ਼ 5 ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ|
ਨਿਗਮ ਕਮਿਸ਼ਨਰ ਵਲੋਂ ਭਾਵੇਂ ਫੇਜ਼ 5 ਦੇ ਵਸਨੀਕਾਂ ਦੀ ਨਿਗਮ ਦੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਅਤੇ ਅਧਿਕਾਰੀਆਂ ਵਲੋਂ ਇਹ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪਹਿਲਾਂ ਫੇਜ਼ 5 ਵਿੱਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪਾਣੀ ਦੀ ਨਿਕਾਸੀ ਲਈ ਬਣਾਏ ਜਾਣ ਵਾਲੇ ਕਾਜ ਵੇ ਦੀ ਉਸਾਰੀ ਤਕ ਸ਼ੁਰੂ ਨਹੀਂ ਕਰਵਾਈ ਗਈ ਫਿਰ ਉਸ ਵਲੋਂ ਕਾਹਲੀ ਵਿੱਚ ਫੇਜ਼ 4 ਵਲੋਂ ਆਉਣ ਵਾਲਾ ਬਰਸਾਤੀ ਪਾਣੀ ਫੇਜ਼ 5 ਵਾਲੇ ਪਾਸੇ ਕੱਢਣ ਲਈ ਫੇਜ਼ 4 ਵਿੱਚ ਸੜਕ ਦੀ ਲੈਵਲਿੰਗ ਕਰਨ ਲਈ ਸੜਕ ਪੁਟਵਾਉਣ ਦਾ ਕੰਮ ਕਿਉਂ ਆਰੰਭ ਕਰ ਦਿੱਤਾ ਗਿਆ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰੀ ਅਧਿਕਾਰੀਆਂ ਵਲੋਂ ਹਰ ਗੱਲ ਨੂੰ ਹਲਕੇ ਵਿੱਚ ਲੈਣ ਅਤੇ ਆਪਣੀ ਸਹੂਲੀਅਤ ਅਨੁਸਾਰ ਕੰਮ ਕਰਨ ਦੇ ਰਵਈਏ ਦੇ ਕਾਰਨ ਹੀ ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਬੁਰਾ ਹਾਲ ਹੋਇਆ ਹੈ| ਫੇਜ਼ 5 ਦੀ ਹਾਲਤ ਇਹ ਹੈ ਕਿ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਗੰਭੀਰ ਸਮੱਸਿਆ ਬਣੀ ਹੋਈ ਹੈ| ਪਿਛਲੇ ਸਾਲ ਵੀ ਬਰਸਾਤਾਂ ਵੇਲੇ ਫੇਜ਼ 5 ਦੇ ਵਸਨੀਕਾਂ ਦੇ ਘਰਾਂ ਵਿੱਚ ਕਈ ਕਈ ਫੁਟ ਤਕ ਪਾਣੀ ਦਾਖਿਲ ਹੋ ਗਿਆ ਸੀ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ| ਉਸ ਵੇਲੇ ਵੀ ਪ੍ਰਸ਼ਾਸਨ ਵਲੋਂ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਅਜੇ ਤੱਕ ਵੀ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਦੇ ਹਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਹਲਕੀ ਜਿਹੀ ਬਰਸਾਤ ਪੈਣ ਤੋਂ ਬਾਅਦ ਹੀ ਇਸ ਇਲਾਕੇ ਵਿੱਚ ਕਈ ਥਾਵਾਂ ਉਪਰ ਬਰਸਾਤੀ ਪਾਣੀ ਖੜ ਜਾਂਦਾ ਹੈ|
ਫੇਜ਼ 5 ਦੇ ਵਸਨੀਕਾਂ ਵਲੋਂ ਸੰਘਰਸ਼ ਕਰਨ ਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਫੇਜ਼ 5 ਵਿੱਚ ਗੁਰਦੁਆਰਾ ਸਾਹਿਬ ਨੇੜੇ ਕਾਜ ਵੇ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ ਜਦੋਂਕਿ ਬਰਸਾਤਾਂ ਦਾ ਮੌਸਮ ਸ਼ੁਰੂ ਵੀ ਹੋ ਗਿਆ ਹੈ| ਬਰਸਾਤ ਦੇ ਮੌਸਮ ਵਿੱਚ ਇਸ ਇਲਾਕੇ ਵਿੱਚ ਕਾਜ ਵੇ ਬਣਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਕਦੋਂ ਮੁਕੰਮਲ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਪਰ ਬਰਸਾਤਾਂ ਸ਼ੁਰੂ ਹੋਣ ਕਾਰਨ ਹੁਣ ਲੋਕਾਂ ਨੂੰ ਪਿਛਲੇ ਸਾਲ ਵਰਗੀ ਹੀ ਹਾਲਤ ਹੋਣ ਦਾ ਡਰ ਜਰੂਰ ਸਤਾਉਣ ਲੱਗ ਪਿਆ ਹੈ|
ਆਮ ਲੋਕ ਸਵਾਲ ਕਰਦੇ ਹਨ ਕਿ ਇਹਨਾਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਦਾ ਕੰਮ ਸ਼ੁਰੂ ਕਰਨ ਦੀ ਯਾਦ ਪ੍ਰਸ਼ਾਸ਼ਨ ਨੂੰ ਹੁਣ ਬਰਸਾਤਾਂ ਮੌਕੇ ਹੀ ਕਿਉਂ ਆਈ ਹੈ ਅਤੇ ਪੂਰਾ ਇਕ ਸਾਲ ਪ੍ਰਸ਼ਾਸ਼ਨ ਇਹ ਕੰਮ ਕਰਵਾਉਣ ਦੀ ਥਾਂ ਸੁੱਤਾ ਕਿਉਂ ਰਿਹਾ ਹੈ| ਜੇਕਰ ਇਸ ਸੰਬੰਧੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਗਿਆ ਹੁੰਦਾ ਤਾਂ ਹੁਣ ਤੱਕ ਇਹ ਪੂਰਾ ਕੰਮ ਮੁਕੰਮਲ ਹੋ ਜਾਣਾ ਸੀ ਅਤੇ ਲੋਕਾਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਦਾਖਿਲ ਹੋਣ ਦੇ ਖਤਰੇ ਤੋਂ ਬਚਿਆ ਜਾ ਸਕਦਾ ਸੀ| ਪਰੰਤੂ ਪ੍ਰਸ਼ਾਸ਼ਨ ਦੀ ਲੇਟ ਲਤੀਫੀ ਦੀ ਆਦਤ ਕਾਰਨ ਇਹ ਕੰਮ ਕਾਫੀ ਪਿਛੜ ਗਿਆ ਹੈ ਅਤੇ ਇਕ ਵਾਰ ਫਿਰ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਬਰਸਾਤੀ ਪਾਣੀ ਦਾ ਖਤਰਾ ਸਤਾ ਰਿਹਾ ਹੈ|
ਸਿਰਫ ਫੇਜ਼ 5 ਹੀ ਨਹੀਂ ਬਲਕਿ ਪੂਰੇ ਮੁਹਾਲੀ ਸ਼ਹਿਰ ਵਿੱਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਇਸ ਸਮੇਂ ਗੰਭੀਰ ਸਮੱਸਿਆ ਬਣੀ ਹੋਈ ਹੈ| ਜਦੋਂ ਵੀ ਥੋੜ੍ਹੀ ਵੱਧ ਬਰਸਾਤ ਪੈਂਦੀ ਹੈ ਤਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਉਪਰ ਪਾਣੀ ਹੀ ਪਾਣੀ ਹੋ ਜਾਂਦਾ ਹੈ| ਚਾਹੀਦਾ ਤਾਂ ਇਹ ਹੈ ਕਿ ਫੇਜ਼ 5 ਦੇ ਨਾਲ ਨਾਲ ਮੁਹਾਲੀ ਦੇ ਸਾਰੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਉਪਰਾਲੇ ਤੁੰਰਤ ਕੀਤੇ ਜਾਣ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *