ਬਰਸਾਤੀ ਪਾਣੀ ਦੀ ਮਾਰ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਓ ਲਈ ਵੱਖ ਵੱਖ ਥਾਵਾਂ ਤੇ ਕਾਜ ਵੇ ਬਣਾਏਗਾ ਨਿਗਮ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਪਿਛਲੇ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਲੋਕਾਂ ਦੇ ਘਰਾਂ ਅੰਦਰ ਵੜੇ ਪਾਣੀ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਚਾਓ ਲਈ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਉਹਨਾਂ ਥਾਂਵਾਂ ਤੇ ਕਾਜ ਵੇ ਉਸਾਰੇ ਜਾ ਰਹੇ ਹਨ ਜਿੱਥੇ ਪਾਣੀ ਦੀ ਮਾਰ ਸਭ ਤੋਂ ਵੱਧ ਹੋਈ ਸੀ ਤਾਂ ਜੋ ਪਾਣੀ ਦੀ ਨਿਕਾਸੀ ਤੇਜੀ ਨਾਲ ਹੋਏ ਅਤੇ ਇਸਦੇ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਿਆ ਜਾ ਸਕੇ| ਇਸ ਸੰਬੰਧੀ ਅੱਜ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਅਜਿਹੇ ਤਿੰਨ ਕਾਜ ਵੇ (ਜਿਹਨਾਂ ਉੱਪਰ ਲਗਭਗ 45 ਲੱਖ ਰੁਪਏ ਖਰਚ ਹੋਣਗੇ) ਬਣਾਉਣ ਦੀ ਮੰਜੂਰੀ ਦੇ ਦਿੱਤੀ ਗਈ| ਇਹਨਾਂ ਵਿੱਚੋਂ ਇੱਕ ਕਾਜ ਵੇ ਜੇ ਸੀ ਟੀ ਚੌਂਕ ਨੇੜੇ ਦੂਜਾ ਗੁਰਦੁਆਰਾ ਸਾਹਿਬਵਾੜਾ (ਇੰਡਸਟ੍ਰੀ ਏਰੀਆ ਫੇਜ਼ 8) ਦੇ ਨਾਲ ਅਤੇ ਤੀਜਾ ਫੇਜ਼ 4 ਅਤੇ 5 ਨੂੰ ਵੰਡਦੀ ਸੜਕ ਤੇ ਬਣਾਇਆ ਜਾਵੇਗਾ| ਮੀਟਿੰਗ ਦੌਰਾਨ ਸੈਕਟਰ 70-71 ਨੂੰ ਵੰਡਦੀ ਸੜਕ ਤੇ ਵੀ ਕਾਜਵੇ ਬਣਾਉਣ ਦਾ ਮਤਾ ਪਾਇਆ ਗਿਆ ਸੀ ਪਰੰਤੂ ਇਸਨੂੰ ਹਾਲ ਦੀ ਘੜੀ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਇਸ ਸੰਬੰਧੀ ਪਿੰਡ ਮਟੌਰ ਤੋਂ ਰਾਧਾਸੁਆਮੀ ਚੌਂਕ ਤਕ ਦਾ ਵੀ ਸਰਵੇ ਕੀਤਾ ਜਾਵੇ ਅਤੇ ਵੇਖਿਆ ਜਾਵੇ ਕਿ ਇਹਨਾਂ ਦੋਵਾਂ ਥਾਵਾਂ ਵਿੱਚੋਂ ਤੋਂ ਕਿੱਥੇ ਕਾਜ ਵੇ ਬਣਾਉਣ ਦੀ ਲੋੜ ਹੈ|
ਇਸਦੇ ਨਾਲ ਹੀ ਮੀਟਿੰਗ ਵਿੱਚ ਪਬਲਿਕ ਹੈਲਥ ਵਿਭਾਗ ਵਲੋਂ ਪਾਏ ਗਏ ਵੱਖ ਵੱਖ ਐਸਟੀਮੇਟਾਂ ਜਿਹਨਾਂ ਵਿੱਚ ਸੈਕਟਰ 70 ਵਿੱਚ ਬਰਮ ਦੀਆਂ ਪਾਈਪਾਂ ਪਾਉਣ, ਸੈਕਟਰ 70 ਵਿੱਚ ਹੋਮ ਲੈਂਡ ਨੇੜੇ ਸਟਾਰਮ ਲਾਈਨ ਦੀ ਰਿਪੇਅਰ ਕਰਨ ਅਤੇ ਫੇਜ਼ 11 ਵਿੱਚ ਐਲ ਆਈ ਜੀ ਕਵਾਟਰਾਂ ਵਿੱਚ ਸਟਾਰਮ ਡ੍ਰੇਨੇਜ ਪਾਈਪ ਦੀ ਮੁਰੰਮਤ ਦੇ ਕੰਮ ਤੇ ਹੋਣ ਵਾਲੇ ਲਗਭਗ 40 ਲੱਖ ਰੁਪਏ ਦੇ ਮਤਿਆਂ ਨੂੰ ਵੀ ਮੰਜੂਰੀ ਦੇ ਦਿੱਤੀ ਗਈ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਦੱਸਿਆ ਕਿ ਨਿਗਮ ਵਲੋਂ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਜਿਸਦੇ ਤਹਿਤ ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਕੰਮਾਂ ਦੀ ਮੰਜੂਰੀ ਦਿੱਤੀ ਗਈ ਹੈ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੇਸ਼ ਨਾ ਆਵੇ|

Leave a Reply

Your email address will not be published. Required fields are marked *