ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਨਿਗਮ ਕਰ ਰਿਹਾ ਹੈ ਲੋੜੀਂਦੇ ਪ੍ਰਬੰਧ: ਕੁਲਵੰਤ ਸਿੰਘ

ਐਸ. ਏ. ਐਸ ਨਗਰ, 27 ਜੂਨ (ਸ.ਬ.) ਨਗਰ ਨਿਗਮ ਵੱਲੋਂ ਇਸ ਵਾਰ ਬਰਸਾਤਾਂ ਦੇ ਮੌਸਮ ਦੌਰਾਨ ਵਸਨੀਕਾਂ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਲਈ ਹਰ ਸੰਭਵ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਸਨ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅੱਜ ਸਥਾਨਕ ਫੇਜ਼-5 ਵਿੱਚ ਬਰਸਾਤੀ ਪਾਣੀ ਕਾਰਣ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਗੁਰਦੁਆਰਾ ਸਾਹਿਬ ਨੇੜੇ ਬਣਾਏ ਜਾਣ ਵਾਲੇ ਕਾਜ-ਵੇ ਵਾਲੀ ਥਾਂ ਦਾ ਦੌਰਾ ਕਰਨ ਵੇਲੇ ਫੇਜ਼-5 ਦੇ ਕੌਂਸਲਰਾਂ ਸ੍ਰੀ ਅਰੁਣ ਸ਼ਰਮਾ ਅਤੇ ਅਸ਼ੋਕ ਝਾਅ ਨਾਲ ਗੱਲਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ|
ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ, ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਹੋਰਨਾਂ ਅਧਿਕਾਰੀਆਂ ਨੇ ਫੇਜ਼-4 ਵਿੱਚ ਲੈਵਲਿੰਗ ਲਈ ਆਰੰਭ ਕੀਤੇ ਗਏ ਕੰਮ (ਜਿਸਨੂੰ ਫੇਜ਼-5 ਦੇ ਵਸਨੀਕਾਂ ਦੇ ਵਿਰੋਧ ਕਾਰਣ ਰੋਕ ਦਿੱਤਾ ਗਿਆ ਸੀ) ਵਾਲੀ ਥਾਂ ਦਾ ਵੀ ਦੌਰਾ ਕੀਤਾ ਅਤੇ ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ|
ਇਸ ਮੌਕੇ ਕੌਂਸਲਰ ਸ੍ਰੀ ਅਰੁਣ ਸ਼ਰਮਾ ਅਤੇ ਅਸ਼ੋਕ ਝਾਅ ਨੇ ਮੇਅਰ ਤੋਂ ਮੰਗ ਕੀਤੀ ਕਿ ਬਰਸਾਤਾਂ ਦੇ ਮੌਸਮ ਦੀ ਆਮਦ ਨੂੰ ਮੁੱਖ ਰੱਖਦਿਆਂ ਕਾਜ ਵੇ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ| ਸ੍ਰੀ ਸ਼ਰਮਾ ਨੇ ਮੇਅਰ ਨੂੰ ਪਿਛਲੇ ਸਾਲ ਹੋਏ ਵਸਨੀਕਾਂ ਦੇ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਹਾਲਾਤ ਹੋਰ ਵੀ ਖਰਾਬ ਹਨ| ਇਸ ਮੌਕੇ ਮੇਅਰ ਨੇ ਭਰੋਸਾ ਦਿੱਤਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਾਜ ਵੇ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ|
ਇਸ ਉਪਰੰਤ ਮੇਅਰ ਵਲੋਂ ਫੇਜ਼-4 ਵਿੱਚ ਐਚ ਐਮ ਕਵਾਟਰਾਂ ਦੀ ਬਾਹਰਲੀ ਸੜਕ ( ਜਿਥੇ ਨਿਗਮ ਵਲੋਂ ਆਰੰਭ ਕੀਤੇ ਗਏ ਲੈਵਲਿੰਗ ਦੇ ਕੰਮ ਨੂੰ ਵਸਨੀਕਾਂ ਵਲੋਂ ਰੁਕਵਾ ਦਿੱਤਾ ਗਿਆ ਸੀ) ਦਾ ਵੀ ਦੌਰਾ ਕੀਤਾ| ਇਸ ਮੌਕੇ ਸ੍ਰੀ ਅਸ਼ੋਕ ਝਾਅ ਨੇ ਮੰਗ ਕੀਤੀ ਕਿ ਪਹਿਲਾਂ ਗੁਰਦੁਆਰਾ ਸਾਹਿਬ ਨੇੜੇ ਕਾਜ ਵੇ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਕਰਵਾਇਆ ਜਾਵੇ ਜਿਸਤੇ ਮੇਅਰ ਨੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *