ਬਰਸਾਤੀ ਪਾਣੀ ਦੇ ਨਿਕਾਸ ਲਈ ਮੇਅਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਐਸ ਏ ਐਸ ਨਗਰ, 16 ਮਈ (ਸ.ਬ.) ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਉਪਰਾਲੇ ਕਰਨ ਹਿੱਤ ਸਬੰਧਿਤ ਵਿਭਾਗਾਂ ਅਤੇ ਗਮਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ| ਇਸ ਮੀਟਿੰਗ ਦੌਰਾਨ ਗਮਾਡਾ ਅਧਿਕਾਰੀਆਂ ਨੂੰ ਸੈਕਟਰ 71 ਅਤੇ ਫੇਜ਼ 3 ਬੀ 2 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਇਥੇ ਕਾਜਵੇ ਬਣਾਉਣ ਲਈ ਕਿਹਾ ਗਿਆ| ਇਸ ਮੌਕੇ ਸਾਰੇ ਸ਼ਹਿਰ ਦੀਆਂ ਰੋਡ ਗਲੀਆਂ ਦੀ ਸਫਾਈ ਕਰਵਾਉਣ ਦੇ ਹੁਕਮ ਵੀ ਅਧਿਕਾਰੀਆਂ ਨੂੰ ਦਿੱਤੇ ਗਏ| ਇਸਦੇ ਨਾਲ ਹੀ ਜਿਹੜੇ ਜਿਹੜੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਮਾਰ ਕਰਦਾ ਹੈ, ਉਹਨਾਂ ਇਲਾਕਿਆਂ ਵਿੱਚ ਤੁਰੰਤ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਦੇ ਨਿਰਦੇਸ਼ ਦਿੱਤੇ ਗਏ|
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਨਿਗਮ ਵਲੋਂ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ| ਇਸ ਲਈ ਐਸਟੀਮੇਟ ਬਣਾ ਕੇ ਕੰਮ ਕਰਵਾਏ ਜਾ ਰਹੇ ਹਨ| ਉਹਨਾਂ ਕਿਹਾ ਕਿ ਪਿਛਲੇ ਸਾਲ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ ਸੀ ਪਰ ਇਸ ਵਾਰੀ ਨਗਰ ਨਿਗਮ ਵਲੋਂ ਬਰਸਾਤਾਂ ਤੋਂ ਪਹਿਲਾਂ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਕਿ ਇਸ ਵਾਰੀ ਬਰਸਾਤਾਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਕਾਰਨ ਕੋਈ ਸਮੱਸਿਆ ਨਾ ਆ ਸਕੇ|
ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਗਮਾਡਾ ਦੇ ਐਕਸੀਅਨ ਪਰਮਿੰਦਰ ਸਿੰਘ, ਪਬਲਿਕ ਹੈਲਥ ਵਿਭਾਗ ਗਮਾਡਾ ਦੇ ਐਕਸੀਅਨ ਵਾਸੂਦੇਵ ਆਨੰਦ, ਨਗਰ ਨਿਗਮ ਮੁਹਾਲੀ ਦੇ ਐਕਸੀਅਨ ਅਸ਼ਵਨੀ ਕੁਮਾਰ, ਜਨ ਸਿਹਤ ਵਿਭਾਗ ਦੇ ਐਕਸੀਅਨ ਜੇ ਐਸ ਧਾਮੀ, ਵਾਟਰ ਸਪਲਾਈ ਵਿਭਾਗ ਦੇ ਐਕਸੀਅਨ, ਐਸ ਡੀ ਓ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *