ਬਰਸਾਤ ਕਾਰਨ ਸੜਕਾਂ ਤੇ ਭਰਿਆ ਪਾਣੀ, ਆਵਾਜਾਈ ਰਹੀ ਪ੍ਰਭਾਵਿਤ

ਬਰਸਾਤ ਕਾਰਨ ਸੜਕਾਂ ਤੇ ਭਰਿਆ ਪਾਣੀ, ਆਵਾਜਾਈ ਰਹੀ ਪ੍ਰਭਾਵਿਤ
ਫੇਜ਼ 11 ਦੇ ਕੁੱਝ ਘਰਾਂ ਦੇ ਵਿੱਚ ਵੀ ਦਾਖਲ ਹੋਇਆ ਬਰਸਾਤੀ ਪਾਣੀ
ਐਸ ਏ ਐਸ ਨਗਰ, 20 ਅਗਸਤ (ਸ.ਬ.) ਅੱਜ ਸਵੇਰੇ ਪਈ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੀਆਂ ਵੱਡੀ ਗਿਣਤੀ ਸੜਕਾਂ ਤੇ ਇੱਕ ਵਾਰ ਫਿਰ ਪਾਣੀ ਖੜ੍ਹਾ ਹੋ ਗਿਆ ਅਤੇ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ| ਸੜਕਾਂ ਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ| ਸਥਾਨਕ ਏਅਰਪੋਰਟ ਰੋਡ (ਸੈਕਟਰ 82) ਵਿੱਚ ਸੜਕ ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਇੱਥੇ ਰੇਲਵੇ ਪੁਲ ਦੇ ਆਸ ਪਾਸ ਸੜਕ ਤੇ ਪਾਣੀ ਭਰ ਗਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਚਾਲੂ ਰੱਖਣ ਲਈ ਟ੍ਰੈਫਿਕ ਪੁਲੀਸ ਦੇ ਮੁਲਾਜਮਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ|
ਬਰਸਾਤ ਦਾ ਸਭ ਤੋਂ ਵੱਧ ਅਸਰ ਸਥਾਨਕ ਫੇਜ਼ 11 ਵਿੱਚ ਵੇਖਣ ਨੂੰ ਮਿਲਿਆ| ਇਸ ਬਰਸਾਤ ਕਾਰਨ ਫੇਜ਼ 11 ਦੇ ਕਾਫੀ ਖੇਤਰ ਵਿੱਚ ਬਰਸਾਤੀ ਪਾਣੀ ਖੜਾ ਹੋ ਗਿਆ| ਇਸ ਫੇਜ਼ ਦੀਆਂ ਗਲੀਆਂ ਸੜਕਾਂ ਤਕ ਵਿੱਚ ਪਾਣੀ ਖੜ੍ਹਾ ਹੋ ਜਾਣ ਕਾਰਨ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ| ਇਸ ਦੌਰਾਨ ਕੁੱਝ ਲੋਕਾਂ ਵਲੋਂ ਉਹਨਾਂ ਦੇ ਘਰਾਂ ਵਿੱਚ ਬਰਸਾਤ ਪਾਣੀ ਦਾਖਿਲ ਹੋਣ ਦੀ ਸ਼ਿਕਾਇਤ ਵੀ ਕੀਤੀ ਗਈ| ਬਰਸਾਤ ਦੌਰਾਨ ਫੇਜ਼ 11 ਥਾਣੇ ਦੇ ਨੇੜੇ ਅਤੇ ਇਸ ਥਾਣੇ ਤੋਂ ਬਾਵਾ ਵਾਈਟ ਹਾਊਸ ਵੱਲ ਜਾਂਦੀ ਸੜਕ ਉਪਰ ਕਾਫੀ ਮਾਤਰਾ ਵਿੱਚ ਬਰਸਾਤੀ ਪਾਣੀ ਖੜਾ ਹੋ ਗਿਆ ਜਿਸਦੀ ਨਿਕਾਸੀ ਕਾਫੀ ਸਮਾਂ ਬਾਅਦ ਹੋਈ ਅਤੇ ਇਸ ਦੌਰਾਨ ਇੱਥੇ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਵਾਹਨ ਚਾਲਕ ਪ੍ਰੇਸ਼ਾਨ ਹੁੰਦੇ ਰਹੇ|
ਫੇਜ਼ 11 ਦੇ ਵਸਨੀਕ ਅਤੇ ਭਾਜਪਾ ਆਗੂ ਸ੍ਰੀ ਮਦਨ ਗੋਇਲ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਬਰਸਾਤ ਕਾਰਨ ਇਸ ਇਲਾਕੇ ਦੀਆਂ ਸਾਰੀਆਂ ਗਲੀਆਂ ਵਿੱਚ ਹੀ ਬਰਸਾਤੀ ਪਾਣੀ ਖੜਾ ਹੋ ਗਿਆ ਅਤੇ ਇਲਾਕੇ ਦੇ ਕਈ ਘਰਾਂ ਵਿੱਚ ਵੀ ਪਾਣੀ ਚਲਾ ਗਿਆ ਜਿਸ ਕਾਰਨ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ|
ਉਹਨਾਂ ਕਿਹਾ ਕਿ ਅਸਲ ਵਿੱਚ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਨਾਕਾਫੀ ਹੋਣ ਕਾਰਨ ਹਰ ਸਾਲ ਬਰਸਾਤ ਵੇਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਤੁਰੰਤ ਠੋਸ ਉਪਰਾਲੇ ਕੀਤੇ ਜਾਣ|

Leave a Reply

Your email address will not be published. Required fields are marked *