ਬਰਸਾਤ ਤੋਂ ਪਹਿਲਾਂ ਪਹਿਲਾਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ : ਸਿੱਧੂ

ਬਰਸਾਤ ਤੋਂ ਪਹਿਲਾਂ ਪਹਿਲਾਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ : ਸਿੱਧੂ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਨੂੰ ਨੱਥ ਪਾਉਣ ਲਈ ਢੁੱਕਵੇ ਕਦਮ ਚੁੱਕੇ ਜਾਣ
ਐਸ.ਏ.ਐਸ.ਨਗਰ, 20 ਜੂਨ (ਸ.ਬ.) ਐਸ.ਏ.ਐਸ.ਨਗਰ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਵਿਚ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਬਰਸਾਤ ਦੇ ਦਿਨਾਂ ਵਿੱਚ ਸੰਭਾਵਿਤ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਰਸਾਤ ਤੋਂ ਪਹਿਲਾਂ ਪਹਿਲਾਂ ਸ਼ਹਿਰ ਵਿੱਚ ਪੈਂਦੇ ਐਨ-ਚੋਅ, ਲਖਨੋਰ-ਚੋਅ ਅਤੇ ਪਟਿਆਲਾ ਕੀ ਰਾਓ ਸਮੇਤ ਪੈਂਦੇ ਹੋਰ ਬਰਸਾਤੀ ਨਦੀਆਂ, ਨਾਲਿਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਅੜਿੱਕਾ ਬਨਣ ਵਾਲੇ ਨਜ਼ਾਇਜ਼ ਕਬਜ਼ਿਆਂ ਨੂੰ ਵੀ ਤੁਰੰਤ ਹਟਾਇਆ ਜਾਵੇ ਅਤੇ ਇਸ ਕੰਮ ਨੂੰ ਮਿਸ਼ਨ ਦੇ ਤੌਰ ਤੇ ਕੀਤਾ ਜਾਵੇ ਤਾਂ ਜੋ ਸ਼ਹਿਰ ਅਤੇ ਜ਼ਿਲ੍ਹੇ ਵਿਚ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾਪਵੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਦੇ ਨਾਲ ਨਾਲ ਹੋਰਨਾਂ ਕੰਮਾਂ ਕਾਜਾਂ ਦੀ ਸਮੀਖਿਆ ਸਬੰਧੀ ਸੱਦੀ ਗਈ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ| ਇਸ ਤੋਂ ਪਹਿਲਾਂ ਸ੍ਰ: ਸਿੱਧੂ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੰਦਨ ਦਾ ਬੂਟਾ ਵੀ ਲਗਾਇਆ| ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ|
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ: ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ| ਇਸ ਲਈ ਬਰਸਾਤੀ ਪਾਣੀ ਦੀ ਨਿਕਾਸੀ ਕਾਰਜ਼ਾਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਪਾਣੀ ਦੇ ਨਿਕਾਸ ਲJਂੀ ਢੁੱਕਵੇ ਪ੍ਰਬੰਧ ਕੀਤੇ ਜਾਣ| ਉਨ੍ਹਾਂ ਇਸ ਮੌਕੇ ਐਕਸ਼ੀਅਨ ਡਰੇਨਜ਼ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਜੋ ਟੈਂਡਰ ਲਗਾਏ ਜਾਣੇ ਹਨ| ਉਨ੍ਹਾਂ ਦਾ ਕੰਮ ਤੁਰੰਤ ਮੁਕੰਮਲ ਕਰਕੇ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰਵਾਏ ਜਾਣ ਅਤੇ ਹੋਣ ਵਾਲੇ ਕੰਮਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ| ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ ਨੇ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਸ: ਸਿੱਧੂ ਨੇ ਕਿਹਾ ਕਿ ਨਗਰ ਨਿਗਮ ਐਨ-ਚੋਅ ਦੀ ਸਫਾਈ ਨੂੰ ਤੁਰੰਤ ਸ਼ੁਰੂ ਕਰਨ ਨੂੰ ਯਕੀਨੀ ਬਣਾਵੇ| ਉਨ੍ਹਾਂ ਸ਼ਹਿਰ ਵਿਚਲੇ ਅਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਨੂੰ ਨੱਥ ਪਾਉਣ ਲਈ ਪਸ਼ੂ ਪਾਲਣ ਨਗਰ ਨਿਗਮ ਅਤੇ ਪੁਲੀਸ ਵੱਲੋਂ ਸਾਂਝੇ ਤੌਰ ਤੇ ਟੀਮ ਗਠਨ ਕਰਨ ਲਈ ਕਿਹਾ ਅਤੇ ਪਹਿਲੇ ਪੜਾਅ ਦੌਰਾਨ ਮਟੌਰ ਪਿੰਡ ਜਿੱਥੇ ਕਿ ਕੁਝ ਲੋਕਾਂ ਨੇ ਘਰਾਂ ਵਿੱਚ ਪਸ਼ੂ ਰੱਖੇ ਹੋਏ ਹਨ ਜਿਹੜੇ ਦਿਨ ਵੇਲੇ ਸਹਿਰ ਵਿਚ ਆਵਾਰਾ ਘੁੰਮਦੇ ਹਨ| ਜਿਨ੍ਹਾਂ ਕਰਨ ਸੜਕੀ ਹਾਦਸੇ ਵੀ ਵਾਪਰਦੇ ਹਨ| ਉਨ੍ਹਾਂ ਨੂੰ ਤੁਰੰਤ ਬਾਹਰ ਕੱਢਣ ਅਤੇ ਆਵਾਰਾ ਪਸ਼ੂਆਂ ਨੂੰ ਲਾਲੜੂ ਗਊਸ਼ਾਲਾ ਵਿਖੇ ਛੱਡਣ ਦੀਆਂ ਹਦਾਇਤਾਂ ਵੀ ਦਿੱਤੀਆਂ|
ਸ੍ਰ: ਸਿੱਧੂ ਨੇ ਇਸ ਮੌਕੇ ਮੁਹਾਲੀ ਸ਼ਹਿਰ ਵਿੱਚ ਪੈਂਦੇ ਪਿੰਡ ਸੁਹਾਣਾ ਅਤੇ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਸਾਫ ਸਫਾਈ ਨੂੰ ਮਗਨਰੇਗਾ ਸਕੀਮ ਅਧੀਨ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ| ਉਨ੍ਹਾਂ ਪੇਂਡੂ ਲਿੰਕ ਸੜਕਾਂ ਦੀਆਂ ਬਰਮਾਂ ਨੂੰ ਨਾਜ਼ਾਇਜ਼ ਕਬਜ਼ਿਆਂ ਤੋਂ ਮੁਕਤ ਕਰਾ ਕੇ ਉਨ੍ਹਾਂ ਦੇ ਆਲੇ ਦੁਆਲੇ ਬੂਟੇ ਲਗਾਉਣ ਲਈ ਵੀ ਕਿਹਾ| ਸ੍ਰ: ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ| ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰਿਆਲੀ ਮਿਸ਼ਨ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਇੱਕ ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱÎਥਿਆ ਗਿਆ ਹੈ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਜੰਗਲਾਤ ਵਿਭਾਗ ਵਲੋਂ ਵੱਖ ਵੱਖ ਤਰ੍ਹਾਂ ਦੇ ਅਹੁਦੇ ਮੁਫਤ ਦਿੱਤੇ ਜਾ ਰਹੇ ਹਨ| ਉਨ੍ਹਾਂ ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ|
ਮੀਟਿੰਗ ਵਿੱਚ ਸ੍ਰ: ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲੀਕਾ ਅਰੋੜਾ, ਸਿਵਲ ਸਰਜਨ ਡਾ:ਰੀਟਾ ਭਾਰਦਵਾਜ਼, ਐਸ.ਡੀ.ਐਮ.ਮੁਹਾਲੀ ਡਾ.ਆਰ.ਪੀ. ਸਿੰਘ, ਐਸ.ਡੀ.ਐਮ. ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ ਡੀ.ਐਮ. ਡੇਰਾਬਸੀ ਪਰਮਜੀਤ ਸਿੰਘ, ਜ਼ਿਲ੍ਹਾ ਜੰਗਲਾਤ ਅਫਸਰ ਗੁਰਅਮਨਪ੍ਰੀਤ ਸਿੰਘ, ਐਸ.ਪੀ. (ਐਚ) ਗੁਰਸੇਵਕ ਸਿੰਘ ਬਰਾੜ, ਐਕਸੀਅਨ ਲੋਕ ਨਿਰਮਾਣ ਵਿਭਾਗ ਇੰਦਰਜੀਤ ਸਿੰਘ, ਐਨ.ਐਸ. ਵਾਲੀਆ, ਜ਼ਿਲ੍ਹਾ ਮਾਲ ਅਫਸਰ ਬਲਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀ.ਕੇ.ਸਾਲਦੀ, ਸੈਕਟਰੀ ਆਰ.ਐਸ.ਸੰਧੂ ਸਮੇਤ ਸਮੂਹ ਕਾਰਜ਼ਸਾਧਕ ਅਫਸਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *