ਬਰਸਾਤ ਦੌਰਾਨ ਹੁੰਦੀਆਂ ਬਿਮਾਰੀਆਂ ਤੋਂ ਬਚਾਓ ਲਈ ਕਦਮ ਚੁੱਕੇ ਪ੍ਰਸ਼ਾਸ਼ਨ

ਬਰਸਾਤ ਦਾ ਮੌਸਮ ਚਲ ਰਿਹਾ ਹੈ ਅਤੇ ਅੱਜ ਕੱਲ ਰੋਜਾਨਾ ਹੀ ਰੁਕ ਰੁਕ ਕੇ ਬਰਸਾਤ ਸ਼ੁਰੂ ਹੋ ਜਾਂਦੀ ਹੈ| ਬਰਸਾਤ ਦੇ ਇਸ ਮੌਸਮ ਵਿੱਚ ਮੌਸਮੀ ਬਿਮਾਰੀਆਂ ਨੇ ਵੀ ਦਸਤਕ ਦੇ ਦਿੱਤੀ ਹੈ| ਬਰਸਾਤ ਕਾਰਨ ਜਿਥੇ ਮੱਛਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਫੈਲਣ ਦਾ ਖਤਰਾ ਵੱਧ ਰਿਹਾ ਹੈ ਉੱਥੇ ਬਰਸਾਤ ਦੌਰਾਨ ਥਾਂ ਥਾਂ ਤੇ ਰੁਕਦੇ ਪਾਣੀ ਕਾਰਨ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਉਲਟੀਆਂ, ਹੈਜਾ ਆਦਿ ਦਾ ਖਤਰਾ ਵੀ ਵੱਧ ਗਿਆ ਹੈ|
ਬਰਸਾਤ ਦੇ ਇਸ ਮੌਸਮ ਦੌਰਾਨ ਹੁੰਮਸ ਭਰੀ ਗਰਮੀ ਵਿੱਚ ਜਿੱਥੇ ਵੱਖ ਵੱਖ ਬਿਮਾਰੀਆਂ ਦੇ ਕੀਟਾਣੂ ਤੇਜੀ ਨਾਲ ਪਨਪਦੇ ਹਨ ਉੱਥੇ ਇਸ ਮੌਸਮ ਵਿੱਚ ਆਮ ਆਦਮੀ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਵੀ ਕਮਜੋਰ ਪੈ ਜਾਂਦੀ ਹੈ ਜਿਸ ਕਾਰਨ ਇਹ ਮੌਸਮੀ ਬਿਮਾਰੀਆਂ ਆਮ ਲੋਕਾਂ ਨੂੰ ਆਸਾਨੀ ਨਾਲ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਹਨ| ਇਸ ਮੌਸਮ ਵਿੱਚ ਖਾਣ ਪੀਣ ਦਾ ਸਾਮਾਨ ਵੀ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ ਜਿਹੜਾ ਵਰਤੇ ਜਾਣ ਉਪਰੰਤ ਉਲਟੀਆਂ, ਅੰਤੜੀਆਂ ਦੀ ਬਿਮਾਰੀ, ਹੈਜਾ ਆਦਿ ਦਾ ਕਾਰਨ ਬਣਦਾ ਹੈ|
ਇਹਨਾਂ ਬਿਮਾਰੀਆਂ ਤੋਂ ਬਚਾਓ ਲਈ ਪ੍ਰਸ਼ਾਸਨ ਵਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਹਨ ਉਹ ਅਕਸਰ ਅੱਧੇ ਅਧੂਰੇ ਸਾਬਿਤ ਹੁੰਦੇ ਹਨ| ਪ੍ਰਸ਼ਾਸਨ ਵਲੋਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਵੱਖ ਵੱਖ ਇਲਾਕਿਆਂ ਵਿੱਚ ਪਲਣ ਵਾਲੇ ਮੱਛਰ ਦੇ ਲਾਰਵੇ ਦੀ ਜਾਂਚ ਕਰਨ ਦੇ ਨਾਲ ਨਾਲ ਥਾਂ ਥਾਂ ਤੇ ਖੜ੍ਹਦੇ ਪਾਣੀ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਪਏ ਕੂਲਰਾਂ ਦੇ ਪਾਣੀ ਦੀ ਵੀ ਜਾਂਚ ਕੀਤੀ ਜਾਂਦੀ ਹੈ ਅਤੇ ਮੱਛਰਾਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਮੱਛਰ ਮਾਰ ਦਵਾਈ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਕਾਰਗਰ ਨਹੀਂ ਹੁੰਦੀ ਅਤੇ ਹਰ ਸਾਲ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ|
ਬਰਸਾਤਾਂ ਦੇ ਮੌਸਮ ਵਿੱਚ ਹਰ ਸਾਲ ਫੈਲਣ ਵਾਲੀਆਂ ਇਹ ਬਿਮਾਰੀਆਂ ਜਿੱਥੇ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਚੁੱਕਦੀਆਂ ਹੀ ਹਨ ਉਹ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ| ਡੇਂਗੂ ਦੀ ਬਿਮਾਰੀ ਅਕਸਰ ਜਾਨਲੇਵਾ ਵੀ ਸਾਬਿਤ ਹੁੰਦੀ ਹੈ ਅਤੇ ਹਰ ਸਾਲ ਹੀ ਡੇਂਗੂ ਦੀ ਬਿਮਾਰੀ ਕਾਰਨ ਮਰੀਜਾਂ ਨੂੰ ਆਪਣੀ ਜਾਨ ਤਕ ਗਵਾਉਣੀ ਪੈਂਦੀ ਹੈ| ਇਸਨੂੰ ਪ੍ਰਸ਼ਾਸ਼ਨ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ ਜਿਸ ਵਲੋਂ ਸਮਾਂ ਰਹਿੰਦਿਆਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਬਿਮਾਰੀਆਂ ਹਰ ਸਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ|
ਬਰਸਾਤ ਦੌਰਾਨ ਖਾਣ ਪੀਣ ਦੇ ਗੈਰ ਮਿਆਰੀ ਸਾਮਾਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਇੱਕ ਕਾਰਨ ਇਹ ਵੀ ਹੈ ਕਿ ਪ੍ਰਸ਼ਾਸ਼ਨ ਵਲੋਂ ਬਾਜਾਰਾਂ ਵਿੱਚ ਖੁੱਲੇ ਆਮ ਹੁੰਦੀ ਗੈਰ ਮਿਆਰੀ ਸਾਮਾਨ ਦੀ ਵਿਕਰੀ ਨੂੰ ਰੋਕਣ ਵੱਲ ਕੋਈ ਧਿਆਨ ਨਹੀਂ ਦਿੱਤਾ| ਬਾਜਾਰ ਵਿੱਚ ਗਲੇ ਸੜੇ, ਕੱਚੇ ਅਤੇ ਕਟੇ ਹੋਏ ਫਲ ਆਮ ਵਿਕਦੇ ਹਨ, ਜਿਸ ਕਾਰਨ ਕੀਟਾਣੂਆਂ ਨੂੰ ਪਨਪਣ ਦਾ ਮੌਕਾ ਮਿਲਦਾ ਹੈ| ਆਮ ਲੋਕਾਂ ਨੂੰ ਵੀ ਭਾਵੇਂ ਇਹ ਚੰਗੀ ਤਰਾਂ ਪਤਾ ਹੁੰਦਾ ਹੈ ਕਿ ਵੱਧ ਪਕੇ ਹੋਏ ਜਾਂ ਕੱਚੇ ਤੇ ਕਟੇ ਹੋਏ ਫਲ ਖਾ ਕੇ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਪਰ ਲੋਕ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ ਅਤੇ ਸਸਤੇ ਦੇ ਲਾਲਚ ਵਿੱਚ ਇਹ ਸਾਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ|
ਅਜਿਹਾ ਗੈਰ ਮਿਆਰੀ ਸਾਮਾਨ ਵੇਚਣ ਵਾਲੇ ਵੱਧ ਮੁਨਾਫੇ ਦੇ ਲਾਲਚ ਵਿੱਚ ਇਹ ਸਾਮਾਨ ਵੇਚਦੇ ਹਨ ਅਤੇ ਪ੍ਰਸ਼ਾਸ਼ਨ ਵਲੋਂ ਅਜਿਹੇ ਗੈਰ ਮਿਆਰੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਵਿੱਚ ਇਹ ਸਮੱਸਿਆ ਲਗਾਤਾਰ ਵੱਧਦੀ ਰਹਿੰਦੀ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਬਰਸਾਤ ਦੇ ਮੌਸਮ ਵਿੱਚ ਫੈਲਣ ਵਾਲੀਆਂ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾਣ| ਇਸ ਸੰਬੰਧੀ ਜਿੱਥੇ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦੇ ਛਿੜਕਾਓ ਦਾ ਕੰਮ ਤੇਜ ਕੀਤਾ ਜਾਣਾ ਚਾਹੀਦਾ ਹੈ ਉੱਥੇ ਬਾਜਾਰ ਵਿੱਚ ਵਿਕਣ ਵਾਲੇ ਖਾਦ ਪਦਾਰਥਾਂ ਦੀ ਗੁਣਵਤਾ ਦੀ ਜਾਂਚ ਦੇ ਪ੍ਰਬੰਧ ਕਰਕੇ ਅਜਿਹੇ ਗੈਰ ਮਿਆਰੀ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਜਿਹੜਾ ਆਮ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੁੰਦਾ ਹੈ| ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਲੋਕ ਬਰਸਾਤਾਂ ਦੌਰਾਨ ਹੋਣ ਵਾਲੀਆਂ ਮੌਸਮੀ ਬਿਮਾਰੀਆਂ ਦੇ ਕਰੋਪ ਤੋਂ ਬਚੇ ਰਹਿਣ|

Leave a Reply

Your email address will not be published. Required fields are marked *