ਬਰਸਾਤ ਨੇ ਕੱਢੀ ਨਿਗਮ ਦੇ ਪ੍ਰਬੰਧਾਂ ਦੀ ਫੂਕ

ਬਰਸਾਤ ਨੇ ਕੱਢੀ ਨਿਗਮ ਦੇ ਪ੍ਰਬੰਧਾਂ ਦੀ ਫੂਕ
ਬਰਸਾਤੀ ਪਾਣੀ ਦੀਆਂ ਨਿਕਾਸੀ ਨਾਲੀਆਂ ਚੰਗੀ ਤਰ੍ਹਾਂ ਸਾਫ ਨਾ ਹੋਣ ਕਾਰਨ ਥਾਂ ਥਾਂ ਤੇ ਰੁਕ ਰਿਹਾ ਹੈ ਪਾਣੀ, ਨਾਲੀਆਂ ਦੀ ਲੀਕੇਜ ਕਾਰਨ ਕਈ ਥਾਵਾਂ ਤੋਂ ਧਸ ਰਹੀ ਹੈ ਜਮੀਨ
ਐਸ.ਏ.ਐਸ ਨਗਰ, 12 ਜੁਲਾਈ (ਸ.ਬ.) ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਨੇ ਜਿੱਥੇ ਨਗਰ ਨਿਗਮ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ ਹੈ ਉੱਥੇ ਇਸ ਕਾਰਨ ਸ਼ਹਿਰ ਵਾਸੀਆਂ ਦੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ| ਸ਼ਹਿਰ ਵਿੱਚ ਕਈ ਥਾਵਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਤਰੀਕੇ ਨਾਲ ਨਾ ਹੋਣ ਕਾਰਨ ਪਾਣੀ ਖੜ੍ਹਾ ਰਹਿਣ ਦੀ ਸਮੱਸਿਆ ਆ ਰਹੀ ਹੈ ਅਤੇ ਸ਼ਹਿਰ ਦੇ ਜਿਆਦਾਤਰ ਪਾਰਕਾਂ ਦਾ ਲੈਵਲ ਨੀਵਾਂ ਹੋਣ ਅਤੇ ਉਹਨਾਂ ਵਿੱਚੋਂ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਵਿੱਚ ਪਾਣੀ ਇੱਕਠਾ ਹੋਣਾ ਸ਼ੁਰੂ ਹੋ ਗਿਆ ਹੈ| ਇਸ ਰੁਕੇ ਹੋਏ ਪਾਣੀ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਅਤੇ ਇਸਦੇ ਨਾਲ ਹੀ ਇਸ ਪਾਣੀ ਵਿੱਚ ਮੱਛਰ ਪਲਣ ਦਾ ਖਤਰਾ ਵੀ ਬਣ ਗਿਆ ਹੈ|
ਨਗਰ ਨਿਗਮ ਦੇ ਦਾਅਵਿਆਂ ਵਿੱਚ ਭਾਵੇਂ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ ਹੈ ਪਰੰਤੂ ਜਿਸ ਤਰੀਕੇ ਨਾਲ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਪਾਣੀ ਰੁਕ ਰਿਹਾ ਹੈ ਉਸ ਨਾਲ ਇਹ ਸਮੱਸਿਆ ਸਾਫ ਜਾਹਿਰ ਹੁੰਦੀ ਹੈ| ਹੁਣੇ ਤਾਂ ਬਰਸਾਤ ਦਾ ਮੌਸਮ ਸ਼ੁਰੂ ਹੋਇਆ ਹੈ ਅਤੇ ਜਦੋਂ ਇਹ ਆਪਣੇ ਪੂਰੇ ਜੋਬਨ ਤੇ ਪਹੁੰਚੇਗਾ ਤਾਂ ਇਸ ਕਾਰਨ ਸ਼ਹਿਰ ਵਾਸੀਆਂ ਨੂੰ ਜਿਹੜੀ ਪਰੇਸ਼ਾਨੀ ਸਹਿਣੀ ਪਵੇਗੀ ਉਸਦਾ ਹੁਣੇ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ|
ਫੇਜ਼ 1, ਫੇਜ਼ 2, ਫੇਜ਼ 3 ਏ, ਫੇਜ਼ 4, ਫੇਜ਼ 5, ਅਤੇ ਫੇਜ਼ 3 ਬੀ 2 ਵਿੱਚ ਕਈ ਥਾਵਾਂ ਤੇ ਸੜਕਾਂ ਕਿਨਾਰੇ ਮਿੱਟੀ ਧਸਣ ਦੀ ਸ਼ਿਕਾਇਤ ਮਿਲ ਰਹੀ ਹੈ| ਇਹਨਾਂ ਦਾ ਕਾਰਨ ਮੁੱਖ ਤੌਰ ਤੇ ਰੋਡ ਗਲੀਆਂ ਜਾਂ ਸੀਵਰੇਜ ਦੀ ਲਾਈਨ ਵਿੱਚ ਲੀਕੇਜ ਹੋਣ ਕਾਰਨ ਮਿੱਟੀ ਦਾ ਪਾਣੀ ਦੇ ਨਾਲ ਵਗ ਜਾਣਾ ਦੱਸਿਆ ਜਾ ਰਿਹਾ ਹੈ ਅਤੇ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਵੱਖ ਵੱਖ ਫੇਜ਼ਾਂ ਵਿੱਚ ਅਜਿਹੀਆਂ ਥਾਵਾਂ ਦੀ ਮੁਰੰਮਤ ਕਰਦੇ ਵੀ ਦਿਖਦੇ ਹਨ ਪਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕੰਮ ਬਰਸਾਤਾਂ ਦੇ ਆਰੰਭ ਹੋਣ ਤੋਂ ਪਹਿਲਾਂ ਕਿਉਂ ਮੁਕੰਮਲ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਬਰਸਾਤਾਂ ਦਾ ਮੌਸਮ ਆਰੰਭ ਹੋ ਗਿਆ ਹੈ ਤਾਂ ਨਿਗਮ ਦੀ ਇਹ ਕਵਾਇਦ ਕਿੰਨੀ ਕੁ ਕਾਮਯਾਬ ਸਾਬਿਤ ਹੋਵੇਗੀ|
ਇਸ ਸੰਬੰਧੀ ਫੇਜ਼ 3 ਏ ਵਿੱਚ ਜਮੀਨ ਧਸਣ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਬੀਤੇ ਦਿਨੀ ਨਗਰ ਨਿਗਮ ਦੇ ਅਧਿਕਾਰੀਆਂ ਤੇ ਮਨਮਰਜੀ ਨਾਲ ਕੰਮ ਕਰਨ ਦਾ ਇਲਜਾਮ ਲਗਾ ਚੁੱਕੇ ਹਨ| ਫੇਜ਼ 3 ਬੀ 2 ਵਿੱਚ ਵੀ ੰਿਤੰਨ ਚਾਰ ਥਾਵਾਂ ਤੇ ਜਮੀਨ ਧਸਣ ਦੇ ਮਾਮਲੇ ਸਾਮ੍ਹਣੇ ਆ ਚੁੱਕੇ ਹਨ ਅਤੇ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਦੀ ਸ਼ਿਕਾਇਤ ਤੇ ਨਿਗਮ ਦੇ ਕਰਮਚਾਰੀਆਂ ਵਲੋਂ ਇਹਨਾਂ ਥਾਵਾਂ ਤੇ ਮਿੱਟੀ ਪਾ ਕੇ ਇਹਨਾਂ ਥਾਵਾਂ ਦੀ ਮੁਰਮੰਤ ਵੀ ਕੀਤੀ ਗਈ ਹੈ| ਸ੍ਰ. ਬੇਦੀ ਕਹਿੰਦੇ ਹਨ ਕਿ ਇੱਕ ਪਾਸੇ ਤਾਂ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਬਰਸਾਤ ਦਾ ਜੋਰ ਹੋਰ ਵੀ ਵਧਣ ਦੀ ਗੱਲ ਆਖੀ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਨਗਰ ਨਿਗਮ ਦੇ ਅੱਧੇ ਅਧੂਰੇ ਇੰਤਜਾਮਾਂ ਕਾਰਨ ਬਰਸਾਤ ਦੌਰਾਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਸਕਦੀ ਹੈ|
ਸੈਕਟਰ 76-80 ਵਿੱਚ ਵੀ ਰੋਡ ਗਲੀਆਂ ਸਾਫ ਨਾ ਹੋਣ ਕਾਰਨ ਇਹਨਾਂ ਸੈਕਟਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਭਾਰੀ ਸਮੱਸਿਆ ਸਾਮ੍ਹਣੇ ਆ ਰਹੀ ਹੈ ਅਤੇ ਹਰ ਸਮੇਂ ਪਾਣੀ ਖੜ੍ਹਾ ਰਹਿਣ ਕਾਰਨ ਉੱਥੇ ਰਹਿਣ ਵਾਲਿਆ ਨੂੰ ਆਉਣ-ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸੰਬਧੀ ਨਗਰ ਨਿਗਮ ਦੇ ਕੌਂਸਲਰ ਸ੍ਰ. ਸੁਰਿੰਦਰ ਸਿੰਘ ਰੋਡਾ ਨੇ ਦੱਸਿਆ ਕਿ ਗਮਾਡਾ ਵਲੋਂ ਪਿਛਲੇ ਸਮੇਂ ਦੌਰਾਨ ਲਗਭਗ ਸਾਢੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਇੱਕੇ ਅੰਦਰੂਨੀ ਸੜਕਾਂ ਬਣਵਾਈਆਂ ਗਈਆਂ ਸਨ ਅਤੇ ਹੁਣ ਲਗਾਤਾਰ ਪਾਣੀ ਖੜ੍ਹਨ ਕਾਰਨ ਇਨ੍ਹਾਂ ਗੱਲੀਆਂ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ| ਉਹਨਾਂ ਦੱਸਿਆ ਕਿ ਇੱਥੇ ਕਈ ਥਾਂਵਾਂ ਤੇ ਸੜਕਾਂ ਦੇ ਬਣੇ ਮੇਨਹੋਲ ਅਤੇ ਗਟਰਾਂ ਦੇ ਢੱਕਣ ਵੀ ਨਹੀਂ ਹਨ ਜਿਸ ਕਾਰਨ ਉੱਥੇ ਹਰ ਸਮੇਂ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ|
ਉਹਨਾਂ ਦੱਸਿਆ ਕਿ ਇਸ ਬਾਰੇ ਉਹਨਾਂ ਵਲੋਂ ਕਈ ਵਾਰ ਐਸ.ਡੀ.ਓ ਨੂੰ ਇਸ ਸਮੱਸਿਆ ਦੀ ਸ਼ਿਕਾਇਤ ਕੀਤੀ ਗਈ ਹੈ ਪਰ ਹਾਲੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਹੈ| ਉਹਨਾਂ ਨੇ ਹੁਣ ਨਗਰ ਨਿਗਮ ਨੂੰ ਮੰਗ ਕੀਤੀ ਹੈ ਕਿ ਇਸ ਸੰਬਧੀ ਜਲਦੀ ਤੋਂ ਜਲਦੀ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਇਲਾਕਾ ਨਿਵਾਸੀਆਂ ਦੀ ਸਮੱਸਿਆ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *