ਬਰਸਾਤ ਪੈਣ ਕਾਰਨ ਉਤਰੀ ਭਾਰਤ ਵਿੱਚ ਠੰਡ ਵਧੀ, ਕਿਸਾਨਾਂ ਦੇ ਚਿਹਰੇ ਖਿੜੇ

ਐਸ.ਏ.ਐਸ ਨਗਰ, 16 ਜਨਵਰੀ (ਸ.ਬ.) ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਹੀ ਬੀਤੀ ਰਾਤ ਅਤੇ ਸਵੇਰੇ ਪਈ ਬਰਸਾਤ ਕਾਰਨ ਠੰਡ ਵੱਧ ਗਈ ਹੈ| ਇਸਤੋਂ ਇਲਾਵਾ ਪਹਾੜੀ ਇਲਾਕਿਆਂ ਵਿੱਚ ਵੀ ਭਰਵੀਂ ਬਰਫਵਾਰੀ ਹੋਣ ਕਾਰਨ ਮੈਦਾਨੀ ਇਲਾਕੇ ਵੀ ਕੰਬਣ ਲੱਗ ਪਏ ਹਨ| ਇਸ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਰਸਾਤ ਕਣਕ ਦੀ ਫਸਲ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ| ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ ਮੋਹਲੇਧਾਰ ਮੀਂਹ ਪੈਣ ਦੀ ਥਾਂ ਨਿਕੀ ਕਣੀ ਦਾ ਮੀਂਹ ਪਿਆ, ਜੋ ਕਿ ਫਸਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ| ਇਸ ਕਿਸਮ ਦੇ ਮੀਂ ਹ ਕਾਰਨ ਮੀਂ ਹ ਦਾ ਪਾਣੀ ਸਿਧਾ ਫਸਲਾਂ ਦੀਆਂ ਜੜਾਂ ਵਿੱਚ ਚਲਾ ਜਾਂਦਾ ਹੈ ਅਤੇ ਫਸਲ ਭਰਪੂਰ ਹੁੰਦੀ ਹੈ| ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਪੈਣ ਕਾਰਨ ਹੁਣ ਕਣਕ ਦੀ ਫਸਲ ਨੂੰ ਟਿਊਬਵੈਲਾਂ ਜਾਂ ਨਹਿਰਾਂ ਦਾ ਪਾਣੀ ਦੇਣ ਦੀ ਲੋੜ ਨਹੀਂ ਪਵੇਗੀ| ਇਸ ਤਰ੍ਹਾਂ ਉਹਨਾਂ ਦਾ ਬਿਜਲੀ ਅਤੇ ਡੀਜਲ ਦਾ ਖਰਚਾ ਬਚ ਗਿਆ ਹੈ| ਅਸਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੁਕੀ ਠੰਡ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਅਤੇ ਕੋਹਰੇ ਤੇ ਧੁੰਦ ਕਾਰਨ ਕਣਕ ਦੀਆਂ ਫਸਲਾਂ ਪੀਲੀਆਂ ਪੈ ਰਹੀਆਂ ਸਨ ਪਰ ਹੁਣ ਪਈ ਬਰਸਾਤ ਕਾਰਨ ਕਣਕ ਤੇ ਹੋਰ ਫਸਲਾਂ ਨੂੰ ਕਾਫੀ ਫਾਇਦਾ ਹੋਵੇਗਾ|
ਇਸ ਬਰਸਾਤ ਕਾਰਨ ਠੰਡ ਵਿੱਚ ਕਾਫੀ ਵਾਧਾ ਹੋ ਗਿਆ ਹੈ ਅਤੇ ਇਸ ਠੰਡ ਕਾਰਨ ਬੱਚੇ ਅਤੇ ਬਜੁਰਗ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਗੁਰੇਜ ਕਰ ਰਹੇ ਹਨ| ਬਰਸਾਤ ਪੈਣ ਤੋਂ ਬਾਅਦ ਸਾਰਾ ਦਿਨ ਹੀ ਬਦਲਵਾਈ ਵਾਲਾ ਮੌਸਮ ਰਿਹਾ| ਐਤਵਾਰ ਵੀ ਸਾਰਾ ਦਿਨ ਕਾਲੇ ਬੱਦਲ ਹੀ ਅਸਮਾਣ ਉਪਰ ਛਾਏ ਰਹੇ ਸਨ ਤੇ ਰਾਤ ਸਮੇਂ ਬਰਸਾਤ ਹੋਈ| ਇਸੇ ਤਰਾਂ ਅੱਜ ਵੀ ਸਵੇਰ ਬਰਸਾਤ ਵੀ ਹੋਈ ਤੇ ਕੁਝ ਸਮਾਂ ਸੂਰਜ ਵੀ ਚਮਕਿਆਂ ਤੇ ਫਿਰ ਕਾਲੇ ਬੱਦਲ ਅਸਮਾਣ ਉਪਰ ਛਾ ਗਏ ਅਤੇ ਸਾਰਾ ਦਿਨ ਹੀ ਮੌਸਮ ਸੁਹਾਵਣਾ ਰਿਹਾ|
ਇਸ ਬਰਸਾਤ ਦਾ ਆਨੰਦ ਨੌਜਵਾਨ ਮੁੰਡੇ ਕੁੜੀਆਂ ਨੇ ਖੂਬ ਮਾਣਿਆਂ| ਅੱਜ ਵੱਖ ਵੱਖ ਪਾਰਕਾਂ ਵਿੱਚ ਮੁੰਡੇ ਕੁੜੀਆਂ ਗਲਾਂ ਵਿੱਚ ਮਸਤ ਦਿਖਾਈ ਦਿਤੇ|
ਜਿਕਰਯੋਗ ਹੈ ਕਿ ਸ਼ਿਮਲਾ ਵਿੱਚ ਐਤਵਾਰ ਰਾਤ ਤੋਂ ਹੀ ਬਰਫਬਾਰੀ ਜਾਰੀ ਹੈ| ਅੱਜ ਸਵੇਰ ਫਿਰ ਤੋਂ ਹੋ ਰਹੀ ਬਰਫਬਾਰੀ ਨੇ ਠੰਢ ਨੂੰ ਹੋਰ ਵਧਾ ਦਿੱਤਾ ਹੈ| ਜਦਕਿ ਸੈਲਾਨੀਆਂ ਲਈ ਇਹ ਚੰਗਾ ਮੌਕਾ ਹੈ ਕਿ ਉਹ ਸ਼ਿਮਲਾ ਦੀਆਂ ਵਾਦੀਆਂ ਦਾ ਨਜ਼ਾਰਾ ਦੇਖਣ ਸਕਣ|
ਕਸ਼ਮੀਰ ਵਿੱਚ ਐਤਵਾਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ| ਸ਼੍ਰੀਨਗਰ ਅਤੇ ਬਾਕੀ ਉਪਰੀ ਇਲਾਕਿਆਂ ਵਿੱਚ 3 ਤੋਂ 5 ਸੈਂਟੀਮੀਟਰ ਤੱਕ ਬਰਫ ਜੰਮ ਗਈ ਹੈ, ਜਿਸ ਦਾ ਆਵਾਜਾਈ ਉਤੇ ਵੀ ਅਸਰ ਪਿਆ ਹੈ|
ਮੌਸਮ ਵਿਭਾਗ ਨੇ 21 ਜਨਵਰੀ ਤੱਕ ਉੱਤਰ ਭਾਰਚ ਦੇ ਵਧੇਰੇ ਇਲਾਕਿਆਂ ਵਿੱਚ ਸਧਾਰਨ ਤੋਂ ਘੱਟ ਤਾਪਮਾਨ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ| 17 ਜਨਵਰੀ ਵਿੱਚਕਾਰ ਬਰਫਬਾਰੀ ਅਤੇ ਕੜਾਕੇ ਦੀ ਸਰਦੀ ਪੈ ਸਕਦੀ ਹੈ| ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੋਰ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ| ਇਸ ਨਾਲ ਤਾਪਮਾਨ ਵਿੱਚ 4 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ|

Leave a Reply

Your email address will not be published. Required fields are marked *