ਬਰਾਤ ਲੈ ਕੇ ਕਿਸਾਨ ਮੋਰਚੇ ਵਿੱਚ ਪਹੁੰਚਿਆ ਲਾੜਾ


ਮਹਿਲ ਕਲਾਂ, 9 ਜਨਵਰੀ (ਸ.ਬ.) ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਹਰੇਕ ਵਿਅਕਤੀ ਵਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਲੋਕ ਵਿਆਹ, ਬੱਚਿਆਂ ਦੇ ਜਨਮ ਦਿਨ ਅਤੇ ਹੋਰ ਤਿਉਹਾਰਾਂ ਨੂੰ ਕਿਸਾਨ ਮੋਰਚਿਆਂ ਤੇ ਡਟੇ ਕਿਸਾਨਾਂ ਨਾਲ ਮਨਾਉਣ ਨੂੰ ਤਰਜੀਹ ਦੇਣ ਲੱਗੇ ਹਨ। ਅਜਿਹੀ ਇਕ ਮਿਸਾਲ ਪਿੰਡ ਠੀਕਰੀਵਾਲ ਦੇ ਨੌਜਵਾਨ ਜਗਦੀਪ ਸਿੰਘ ਨੇ ਪੇਸ਼ ਕੀਤੀ ਹੈ, ਜੋ ਆਪਣੀ ਹਮਸਫ਼ਰ ਨੂੰ ਵਿਆਹੁਣ ਤੋਂ ਪਹਿਲਾਂ ਸਾਰੀ ਬਰਾਤ ਲੈ ਕੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਪਹੁੰਚ ਗਿਆ। ਡੋਲੀ ਵਾਲੀ ਕਾਰ ਸਮੇਤ ਸਾਰੀਆਂ ਗੱਡੀਆਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਲੱਗੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਜਗਦੀਪ ਸਿੰਘ ਨੇ ਕਿਹਾ ਕਿ ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਹ ਇੱਥੇ ਕਿਸਾਨ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਕਰਨ ਤੇ ਇੱਥੇ ਮੋਦੀ ਹਕੂਮਤ ਵਿਰੁੱਧ ਡਟੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਆਇਆ ਹੈ। ਵਿਆਹ ਤੋਂ ਬਾਅਦ ਵੀ ਉਹ ਆਪਣੀ ਹਮਸਫ਼ਰ ਨਾਲ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਨੂੰ ਤਰਜ਼ੀਹ ਦੇਵੇਗਾ। ਇਸ ਮੌਕੇ ਜਗਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਸਤਵੰਤ ਕੌਰ ਵਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲਈ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਗਈ। ਇਸ ਤੋਂ ਬਾਅਦ ਨੌਜਵਾਨ ਜਗਦੀਪ ਸਿੰਘ ਦੀ ਬਰਾਤ ਕਿਸਾਨੀ ਨਾਅਰਿਆਂ ਦੀ ਗੂੰਜ ਵਿੱਚ ਪਿੰਡ ਦਾਦ (ਲੁਧਿਆਣਾ) ਨੂੰ ਰਵਾਨਾ ਹੋਈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ, ਕਿਸਾਨ ਆਗੂ ਮਲਕੀਤ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਨੰਬਰਦਾਰ ਨਛੱਤਰ ਸਿੰਘ ਸਿੱਧੂ ਆਦਿ ਨੇ ਨੌਜਵਾਨ ਜਗਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *