ਬਰੈਂਪਟਨ ਵਿਖੇ ਹੋਈ ਸਾਹਿਤਕ ਮਿਲਣੀ ਵਿੱਚ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੀਤੀ ਸ਼ਿਰਕਤ

ਬਰੈਂਪਟਨ, 21 ਅਕਤੂਬਰ (ਸ.ਬ.) ਸਾਹਿਤਕਾਰ ਸ੍ਰੀ ਰਿਪੁਦਮਨ ਸਿੰਘ ਰੂਪ ਅਤੇ ਉਨ੍ਹਾਂ ਦੇ ਨਾਟ-ਕਰਮੀ ਬੇਟੇ ਐਡਵੋਕੇਟ ਰੰਜੀਵਨ ਸਿੰਘ ਵੱਲੋਂ ‘ਕਲਮਾਂ ਦੇ ਕਾਫਲੇ’ ਵੱਲੋਂ ਬਰੈਂਪਟਨ ਵਿਖੇ ਉੱਘੇ ਕਹਾਣੀਕਾਰ ਸ੍ਰੀ ਵਰਿਆਮ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਸਾਹਿਤਕ ਮਿਲਣੀ ਦੌਰਾਨ ਸ਼ਮੂਲੀਅਤ ਕੀਤੀ ਗਈ| ਗੌਰਤਲਬ ਹੈ ਕਿ ਸ੍ਰੀ ਰੂਪ ਇਨ੍ਹੀਂ ਦਿਨੀਂ ਕੈਨੇਡਾ ਫੇਰੀ ਉਤੇ ਹਨ, ਜਿਸ ਦੌਰਾਨ ਉਹ ਟੋਰਾਂਟੋ, ਵੈਨਕੂਵਰ, ਐਡਮੰਟਨ ਅਤੇ ਕੈਲਗਿਰੀ ਵੀ ਜਾਣਗੇ| ਇਸ ਸਾਹਿਤਕ ਇਕੱਤਰਤਾ ਵਿਚ ਹਾਜ਼ਿਰ ਸਾਹਿਤਕਾਰਾਂ ਵੱਲੋਂ ਸ੍ਰੀ ਰੂਪ ਦੇ ਵੱਡੇ ਭਰਾ ਅਤੇ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਵੱਡਮੁੱਲੀ ਦੇਣ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ| ਇਸ ਮੌਕੇ ਸ੍ਰੀ ਰੂਪ ਨੇ ਆਪਣੇ ਵੱਡੇ ਵੀਰ ਸੰਤੋਖ ਸਿੰਘ ਧੀਰ ਦੀ ਸੋਚ ਨੂੰ ਸਮਰਪਿਤ ਕਵਿਤਾ ‘ਫਿਕਰ ਨਾ ਕਰੀਂ ਵੀਰ’ ਸਾਂਝੀ ਕੀਤੀ| ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਵਰਿਆਮ ਸੰਧੂ ਨੇ ਕਿਹਾ ਕਿ ਅਸੀਂ ਰੂਪ ਵਿਚ ਧੀਰ ਸਾਹਿਬ ਦਾ ਹੀ ਰੂਪ ਦੇਖ ਰਹੇ ਹਾਂ ਜੋ ਆਪ ਵੀ ਪੰਜਾਬੀ ਸਾਹਿਤ ਵਿਚ ਬਤੌਰ ਕਵੀ, ਕਹਾਣੀਕਾਰ ਅਤੇ ਨਾਵਲਕਾਰ ਵਜੋਂ ਇਕ ਵਿਸ਼ੇਸ਼ ਸਥਾਨ ਰੱਖਦੇ ਹਨ| ਸ੍ਰੀ ਸੰਧੂ ਨੇ ਕਿਹਾ ਕਿ ਇਹ ਵੀ ਡੂੰਘੀ ਤਸੱਲੀ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਸ੍ਰੀ ਰੂਪ ਦੇ ਦੋਵੇਂ ਪੁੱਤਰ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਵੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਸਰਗਰਮ ਹਨ|
ਇਸ ਤੋਂ ਇਲਾਵਾ ਸ੍ਰੀ ਕੁਲਵਿੰਦਰ ਖਹਿਰਾ ਵੱਲੋਂ ਦਲਸਤੀਨੀ ਨਾਟਕਾਰਾ ਬੈਟੀ ਸ਼ੈਮੀਆ ਦੇ ਡਾ. ਸਵਰਾਜਬੀਰ ਵੱਲੋਂ ਅਨੁਵਾਦਿਤ ਨਾਟਕ ‘ਤਮਾਮ’ ਅਤੇ ਓਂਕਾਰਪ੍ਰੀਤ ਦੇ ਨਾਟਕ ‘ਰੋਟੀ ਵਾਇਆ ਲੰਡਨ’ ਬਾਰੇ ਭਾਵਪੂਰਤ ਅਤੇ ਵਿਸਤ੍ਰਿਤ ਪਰਚੇ ਪੜ੍ਹੇ ਗਏ, ਜਿਸ ਉਪਰੰਤ ਹੋਈ ਵਿਚਾਰ ਚਰਚਾ ਵਿਚ ਸਰਬਸ੍ਰੀ ਸੁਰਜਨ ਜ਼ੀਰਵੀ, ਪ੍ਰਿੰ. ਸਰਵਨ ਸਿੰਘ, ਡਾ. ਗਵਿੰਦਰ ਰਵੀ, ਗੁਰਦੇਵ ਚੌਹਾਨ, ਜਸਪਾਲ ਢਿੱਲੋਂ, ਰਿਪੁਦਮਨ ਸਿੰਘ ਰੂਪ, ਸ੍ਰੀਮਤੀ ਗੁਲਾਟੀ, ਰੰਜੀਵਨ ਸਿੰਘ ਆਦਿ ਨੇ ਹਿੱਸਾ ਲਿਆ| ਇਸ ਮੌਕੇ ਸ੍ਰੀ ਰੂਪ ਦੀ ਪਤਨੀ ਸਤਪਾਲ ਕੌਰ ਅਤੇ ਬਰੈਂਪਟਨ ਵਿਖੇ ਰਹਿੰਦੇ ਭਾਣਜੇ ਸ੍ਰੀ ਗੁਰਚਰਨ ਸਰਾਓ, ਭਾਣਜੀ ਭੁਪਿੰਦਰ ਕੌਰ ਵੀ ਨਾਲ ਸਨ|

Leave a Reply

Your email address will not be published. Required fields are marked *