ਬਰੈਂਪਟਨ ਵਿੱਚ ਗੋਲੀਬਾਰੀ ਕਰਨ ਵਾਲੇ 5 ਦੋਸ਼ੀ ਪੁਲੀਸ ਹਿਰਾਸਤ ਵਿੱਚ

ਬਰੈਂਪਟਨ, 10 ਸਤੰਬਰ (ਸ.ਬ.) ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ 18 ਅਗਸਤ ਨੂੰ ਇਕ ਨੌਜਵਾਨ ਨੂੰ ਕੁੱਝ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਅਤੇ ਮੁਸ਼ਕਿਲ ਨਾਲ ਉਸ ਦੀ ਜਾਨ ਬਚ ਸਕੀ ਸੀ| ਪੁਲੀਸ ਨੇ ਇਸੇ ਮਾਮਲੇ ਤਹਿਤ 5 ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਪੁਲੀਸ ਨੇ ਦੱਸਿਆ ਕਿ ਪਿਛਲੇ ਮਹੀਨੇ ਇਨ੍ਹਾਂ ਨੌਜਵਾਨਾਂ ਨੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਅਤੇ 21 ਸਾਲਾ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਸੀ|
18 ਅਗਸਤ ਨੂੰ ਸ਼ਾਮ ਦੇ 5 ਵਜੇ ਪਹਿਲੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਅਤੇ ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਸੀ| ਇਸੇ ਦਿਨ ਸ਼ਾਮ ਦੇ ਲਗਭਗ 6.16 ਵਜੇ ਫਿਰ ਗੋਲੀਬਾਰੀ ਹੋਈ ਅਤੇ ਜਦ ਪੁਲੀਸ ਇੱਥੇ ਪੁੱਜੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਸ ਦੀ ਜਾਨ ਬਚਾਈ ਗਈ| ਇਸ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ| 7 ਸਤੰਬਰ ਨੂੰ ਪੁਲੀਸ ਨੇ 4 ਵੱਖ-ਵੱਖ ਘਰਾਂ ਵਿੱਚ ਛਾਪੇ ਮਾਰੇ| ਇੱਥੇ ਉਨ੍ਹਾਂ ਨੂੰ 2 ਕਿਲੋ ਭੰਗ, 3 ਬੰਦੂਕਾਂ, ਇਕ ਆਟੋ ਮੈਟਿਕ ਰਾਇਫਲ ਮਿਲੀ| ਪੁਲੀਸ ਨੇ ਇੱਥੇ 5 ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਦੱਸਿਆ ਕਿ ਇਨ੍ਹਾਂ ਉਤੇ ਇਕ ਨੌਜਵਾਨ ਉਤੇ ਜਾਨਲੇਵਾ ਹਮਲਾ ਕਰਨ ਦਾ ਵੀ ਦੋਸ਼ ਹੈ| ਇਨ੍ਹਾਂ ਸਾਰੇ ਦੋਸ਼ੀਆਂ ਦੀ ਉਮਰ 20 ਸਾਲ ਹੈ ਅਤੇ ਇਨ੍ਹਾਂ ਉਤੇ 6 ਤੋਂ 16 ਦੋਸ਼ ਲੱਗੇ ਹਨ| ਇਨ੍ਹਾਂ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ| ਪੁਲੀਸ ਵਲੋਂ ਦੋਸ਼ੀਆਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ|

Leave a Reply

Your email address will not be published. Required fields are marked *