ਬਰਫ਼ਬਾਰੀ ਕਾਰਨ ਲਗਾਤਾਰ ਦੂਜੇ ਦਿਨ ਵੀ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ, 400 ਤੋਂ ਵੱਧ ਯਾਤਰੀ ਫਸੇ
ਸ਼੍ਰੀਨਗਰ, 4 ਜਨਵਰੀ (ਸ.ਬ.) ਵੱਖ-ਵੱਖ ਥਾਂਵਾਂ ਤੇ ਬਰਫ਼ਬਾਰੀ ਅਤੇ ਜ਼ਮੀਨ ਖਿੱਸਕਣ ਕਾਰਨ 270 ਕਿਲੋਮੀਟਰ ਲੰਬੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਟ੍ਰੈਫਿਕ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਵਾਹਰ ਸੁਰੰਗ, ਸ਼ੈਤਾਨ ਨਾਲਾ ਅਤੇ ਬਨਿਹਾਲ ਦੀ ਦੋਹਾਂ ਪਾਸੇ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਰਿਹਾ। ਸੁਰੰਗ ਦੇ ਕਸ਼ਮੀਰ ਵਾਲੇ ਹਿੱਸੇ ਵਿੱਚ ਲਗਭਗ 3 ਫੁੱਟ ਬਰਫ਼, ਜਦੋਂ ਕਿ ਜੰਮੂ ਵਾਲੇ ਹਿੱਸੇ ਵਿੱਚ 2 ਫੁੱਟ ਤੱਕ ਬਰਫ਼ ਜਮ੍ਹਾ ਹੋ ਗਈ ਹੈ। ਇਸ ਵਿਚ ਜ਼ਰੂਰੀ ਸਮਾਨ ਲਿਜਾਉਣ ਵਾਲੇ ਵਾਹਨਾਂ ਸਮੇਤ ਵੱਡੀ ਗਿਣਤੀ ਵਿੱਚ ਵਾਹਨ ਰਾਜਮਾਰਗ ਤੇ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜਮਾਰਗ ਅਥਾਰਟੀ (ਐਨ.ਐਚ.ਏ.ਆਈ.) ਅਤੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਰਾਜਮਾਰਗ ਤੋਂ ਬਰਫ਼ ਅਤੇ ਪੱਥਰਾਂ ਨੂੰ ਹਟਾਉਣ ਲਈ ਕਰਮੀਆਂ ਨੂੰ ਮਸ਼ੀਨਾਂ ਨਾਲ ਕੰਮ ਤੇ ਲਗਾ ਦਿੱਤਾ ਹੈ। ਕੰਮ ਪੂਰਾ ਹੋਣ ਤੋਂ ਬਾਅਦ ਫਸੇ ਹੋਏ ਵਾਹਨਾਂ ਨੂੰ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਪਹਿਲੇ ਜਵਾਹਰ ਸੁਰੰਗ ਅਤੇ ਬਨਿਹਾਲ ਦਰਮਿਆਨ ਫਸੇ ਜੰਮੂ ਵੱਲ ਜਾਣ ਵਾਲੇ ਵਾਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਰਾਜਮਾਰਗ ਤੇ ਹੋਰ ਵੱਧ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ, ਜੋ ਆਵਾਜਾਈ ਨੂੰ ਰੋਕ ਸਕਦਾ ਹੈ। ਫਸੇ ਹੋਏ ਯਾਤਰੀਆਂ ਨੇ ਬਨਿਹਾਲ ਤੋਂ ਫ਼ੋਨ ਕਰ ਕੇ ਦੱਸਿਆ ਕਿ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰੁਕਣ ਦਿੱਤਾ ਹੈ। ਇੱਥੇ ਬਜ਼ੁਰਗਾਂ ਤੋਂ ਇਲਾਵਾ ਮਹਿਲਾਵਾਂ ਅਤੇ ਬੱਚਿਆਂ ਸਮੇਤ 400 ਤੋਂ ਵੱਧ ਯਾਤਰੀ ਫਸੇ ਹੋਏ ਹਨ।