ਬਲਦਾਂ ਤੇ ਕੁੱਤਿਆਂ ਦੀਆਂ ਦੌੜਾਂ ਮੁੜ ਸ਼ੁਰੂ ਹੋਣ ਨਾਲ ਪੇਂਡੂ ਖੇਡ ਮੇਲਿਆਂ ਦੀ ਪਰਤੇਗੀ ਪੁਰਾਣੀ ਸ਼ਾਨ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਪੇਂਡੂ ਖੇਡਾਂ ਅਤੇ ਪੇਂਡੂ ਖੇਡ ਮੇਲਿਆਂ ਨੂੰ ਉਤਸ਼ਾਹਿਤ ਕਰਨ ਲਈ ਜਿਥੇ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਲਈ ਕਾਨੂੰਨ ਵਿੱਚ ਸੋਧ ਕਰਨ ਦਾ ਐਲਾਨ ਕੀਤਾ ਗਿਆ ਹੈ, ਉਥੇ ਬਲਦਾਂ ਦੀਆਂ ਦੌੜਾਂ ਦੇ ਨਾਲ ਨਾਲ ਕੁਤਿਆਂ ਅਤੇ ਖਰਗੋਸ਼ਾਂ ਦੀਆਂ ਦੌੜਾਂ ਕਰਵਾਉਣ ਲਈ ਕਾਨੂੰਨ ਵਿੱਚ ਸੋਧ ਕਰਕੇ ਹਰੀ ਝੰਡੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ| ਸਰਕਾਰ ਦਾ ਕਹਿਣਾ ਹੈ ਕਿ ਇਸ ਤਰਾਂ ਪੇਂਡੂ ਖੇਡ ਮੇਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ|
ਇਸ ਸਬੰਧੀ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੇਂਡੂ ਖੇਡ ਮੇਲਿਆਂ ਵਿੱਚ ਬਲਦਾਂ ਦੀਆਂ ਦੌੜਾਂ ਬੰਦ ਹੋਈਆਂ ਹਨ, ਉਦੋਂ ਤੋਂ ਪੇਂਡੂ ਖੇਡ ਮੇਲੇ ਬੇਰੌਣਕੇ ਜਿਹੇ ਹੋ ਗਏ ਹਨ| ਖੇਡ ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ| ਹੁਣ ਪੰਜਾਬ ਸਰਕਾਰ ਵਲੋਂ ਇਸ ਮੰਗ ਨੂੰ ਮੰਨਦਿਆਂ ਕਾਨੂੰਨ ਵਿੱਚ ਸੋਧ ਕਰਕੇ ਬਲਦਾਂ, ਕੁਤਿਆਂ ਅਤੇ ਖਰਗੋਸ਼ਾਂ ਦੀਆਂ ਦੌੜਾਂ ਕਰਵਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ|
ਦੂਜੇ ਪਾਸੇ ਕੁਝ ਪਸ਼ੂ ਪ੍ਰੇਮੀਆਂ ਵਲੋਂ ਬਲਦਾਂ, ਕੁਤਿਆਂ ਅਤੇ ਖਰਗੋਸ਼ਾਂ ਦੀਆਂ ਦੌੜਾਂ ਕਰਵਾਉਣ ਨੂੰ ਪ੍ਰਵਾਨਗੀ ਦੇਣ ਨੂੰ ਠੀਕ ਨਹੀਂ ਕਿਹਾ ਜਾ ਰਿਹਾ| ਇਹਨਾਂ ਪਸ਼ੂ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਖੇਡ ਮੇਲਿਆਂ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਸਨ ਤਾਂ ਇਹ ਦੌੜਾਂ ਜਿੱਤਣ ਲਈ ਬਲਦਾਂ ਦੇ ਮਾਲਕ ਬਲਦਾਂ ਉਪਰ ਕਈ ਤਰਾਂ ਦੇ ਜੁਲਮ ਕਰਦੇ ਹੁੰਦੇ ਸਨ ਅਤੇ ਬਲਦਾਂ ਨੂੰ ਜਬਰਦਸਤੀ ਤੇਜ ਦੌੜਾ ਕੇ ਦੌੜ ਜਿੱਤਣ ਲਈ ਮਜਬੂਰ ਕੀਤਾ ਜਾਂਦਾ ਸੀ ਜੋ ਕਿ ਜਾਨਵਰਾਂ ਦੇ ਨਾਲ ਸਰਾਸਰ ਧੱਕਾ ਕੀਤਾ ਜਾਂਦਾ ਸੀ| ਕੁੱਝ ਪਸ਼ੂ ਪ੍ਰੇਮੀ ਇਹ ਵੀ ਕਹਿੰਦੇ ਹਨ ਕਿ ਕਈ ਬਲਦ ਪਾਲਕ ਬਲਦਾਂ ਦੀਆਂ ਦੌੜਾਂ ਜਿੱਤਣ ਲਈ ਦੌੜਾਂ ਤੋਂ ਪਹਿਲ ਬੰਦ ਕਮਰੇ ਵਿੱਚ ਬਲਦਾਂ ਦੀ ਭਾਰੀ ਕੁਟਮਾਰ ਕਰਦੇ ਸਨ ਤੇ ਅਗਲੇ ਦਿਨ ਦੌੜ ਸ਼ੁਰੂ ਹੋਣ ਵੇਲੇ ਬਲਦਾਂ ਦੀ ਕੁਟਮਾਰ ਕਰਨ ਵਾਲਾ ਵਿਅਕਤੀ ਬਲਦਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਸੀ ਜਿਸ ਨੂੰ ਵੇਖਕੇ ਬਲਦ ਡਰ ਕੇ ਬਹੁਤ ਤੇਜ ਦੌੜਨ ਲੱਗ ਪੈਂਦੇ ਸਨ ਅਤੇ ਉਹਨਾਂ ਦੇ ਦੌੜ ਜਿੱਤਣ ਦੀ ਆਸ ਬਣ ਜਾਂਦੀ ਸੀ| ਪਸ਼ੂ ਪ੍ਰੇਮੀਆਂ ਮੁਤਾਬਿਕ ਜੇ ਹੁਣ ਬਲਦਾਂ, ਕੁਤਿਆਂ, ਖਰਗੋਸ਼ਾਂ ਦੀਆਂ ਦੌੜਾਂ ਕਰਨ ਦੀ ਆਗਿਆ ਦੇ ਦਿਤੀ ਗਈ ਤਾਂ ਇਹ ਦੌੜਾਂ ਜਿਤਣ ਲਈ ਬਲਦਾਂ, ਕੁਤਿਆਂ ਅਤੇ ਖਰਗੋਸ਼ਾਂ ਦੇ ਪਾਲਕ ਇਨਾਂ ਉਪਰ ਕਈ ਤਰਾਂ ਦੇ ਜੁਲਮ ਕਰਨਗੇ ਅਤੇ ਇਹਨਾਂ ਨੂੰ ਤਾਕਤਵਰ ਕਰਨ ਲਈ ਕਈ ਤਰਾਂ ਦੀਆਂ ਦਵਾਈਆਂ ਤੇ ਟੀਕੇ ਦੇਣਗੇ|
ਵੱਡੀ ਗਿਣਤੀ ਖੇਡ ਪ੍ਰੇਮੀ ਪੇਂਡੂ ਖੇਡ ਮੇਲਿਆਂ ਵਿੱਚ ਬਲਦਾਂ ਦੀਆਂ ਦੋੜਾਂ ਸ਼ੁਰੂ ਕਰਨ ਦੇ ਪੱਖ ਵਿੱਚ ਹਨ| ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਬਲਦਾਂ ਉਪਰ ਜੁਲਮ ਕਰਨੇ ਤੇ ਉਹਨਾਂ ਨੂੰਤਾਕਤਵਰ ਬਣਾਉਣ ਲਈ ਦਵਾਈਆਂ ਤੇ ਟੀਕੇ ਲਾਉਣੇ ਗਲਤ ਹਨ ਪਰ ਇਹ ਬਲਦ ਦੌੜਾਂ ਪੇਂਡੂ ਖੇਡ ਮੇਲਿਆਂ ਦੀ ਸ਼ਾਨ ਹਨ| ਜਦੋਂ ਬਲਦ ਦੌੜਾਂ ਕਰਵਾਈਆਂ ਜਾਂਦੀਆਂ ਸਨ ਤਾਂ ਬਲਦਾਂ ਦੀਆਂ ਦੌੜਾਂ ਵੇਖਣ ਲਈ ਭੀੜਾਂ ਜੁੜ ਜਾਂਦੀਆਂ ਸਨ ਜਦੋਂ ਤੋਂ ਬਲਦਾਂ ਦੀਆਂ ਦੌੜਾਂ ਬੰਦ ਕੀਤੀਆਂ ਗਈਆਂ ਹਨ, ਪੇਂਡੂ ਖੇਡ ਮੇਲਿਆਂ ਦੀ ਸਾਰੀ ਰੌਣਕ ਗਾਇਬ ਹੋ ਗਈ ਹੈ|
ਹੁਣ ਸਰਕਾਰ ਵਲੋਂ ਕਾਨੂੰਨ ਵਿੱਚ ਸੋਧ ਕਰਕੇ ਬਲਦਾਂ, ਕੁਤਿਆਂ, ਖਰਗੋਸ਼ਾਂ ਦੀਆਂ ਦੌੜਾਂ ਮੁੜ ਕਰਵਾਏ ਜਾਣ ਦੇ ਉਪਰਾਲੇ ਨਾਲ ਖੇਡ ਪ੍ਰੇਮੀਆਂ ਨੂੰ ਆਸ ਬਣ ਗਈ ਹੈ ਕਿ ਇਹਨਾਂ ਦੌੜਾਂ ਕਾਰਨ ਪੇਂਡੂ ਖੇਡ ਮੇਲਿਆਂ ਦੀ ਰੌਣਕ ਮੁੜ ਪਰਤ ਆਵੇਗੀ|

Leave a Reply

Your email address will not be published. Required fields are marked *