ਬਲਬੀਰ ਸਿੱਧੂ ਦੇ ਚੋਣ ਦਫਤਰ ਦਾ ਉਦਘਾਟਨ ਹੋਇਆ

ਐਸ ਏ ਐਸ ਨਗਰ, 14 ਜਨਵਰੀ (ਸ.ਬ.) ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਦਾ ਚੋਣ ਦਫਤਰ ਸਥਾਨਕ ਫੇਜ 11 ਵਿੱਚ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਸਮਾਜਸੇਵੀ ਕੁਲਵੰਤ ਸਿੰਘ ਕਲੇਰ ਵੱਲੋਂ ਕੀਤਾ ਗਿਆ| ਕਾਂਗਰਸੀ ਆਗੂ ਗੁਰਚਰਨ ਸਿੰਘ ਦੀ ਦੇਖਰੇਖ ਹੇਠ ਖੋਲ੍ਹੇ ਗਏ ਇਸ ਦਫਤਰ ਦੇ ਉਦਘਾਟਨੀ ਸਮਾਗਮ ਦੌਰਾਨ ਇਕੱਤਰ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਨੂੰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ|
ਆਪਣੇ ਸੰਬੋਧਨ ਦੌਰਾਨ ਸ. ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਸਮੇਂ ਸਿੱਧੀ ਟੱਕਰ ਨਾਲ ਕਾਂਗਰਸ ਪਾਰਟੀ ਨੂੰ ਨਹੀਂ ਹਰਾ ਸਕਦਾ ਅਤੇ ਇਸੇ ਕਰਕੇ ਅਕਾਲੀਆਂ ਨੇ ਅਰਵਿੰਦ ਕੇਜਰੀਵਾਲ ਨਾਲ ਅੰਦਰਖਾਤੇ ਸਮਝੌਤਾ ਕਰਕੇ ਆਪ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤਾਂ ਕਿ ਚੋਣਾਂ ਵਿਚ ਵੋਟਾਂ ਵੰਡੀਆਂ ਜਾਣ ਅਤੇ ਇਸ ਦਾ ਫਾਇਦਾ ਅਕਾਲੀਆਂ ਨੂੰ ਮਿਲ ਸਕੇ| ਉਨ੍ਹਾਂ ਇਸ ਮੌਕੇ ਅਕਾਲੀ ਉਮੀਦਵਾਰ ਕੈਪਟਨ              ਤੇਜਿੰਦਰਪਾਲ ਸਿੰਘ ਸਿੱਧੂ ਤੇ ਝੂਠੀ ਬਿਆਨਬਾਜ਼ੀ ਕਰਨ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਧਾਨ ਸਭਾ ਅੰਦਰ ਹਲਕੇ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨੇ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਹੈ ਅਤੇ ਹਲਕੇ ਦੇ ਹਰੇਕ ਵਿਅਕਤੀ ਨਾਲ ਸਿੱਧਾ ਰਾਬਤਾ ਰੱਖਿਆ ਹੈ| ਜਦਕਿ ਡਿਪਟੀ ਕਮਿਸ਼ਨਰ ਰਹਿੰਦਿਆਂ  ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨਾਲ ਮਿਲਣ ਲਈ ਲੋਕਾਂ ਨੂੰ ਟਾਇਮ ਲੈਣਾ ਪੈਂਦਾ ਸੀ| ਉਨ੍ਹਾਂ ਕਿਹਾ ਕਿ ਅੱਜ ਤੋਂ ਵੀਹ ਦਿਨ ਪਹਿਲਾਂ ਤਾਂ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਕਦੇ ਹਲਕੇ ਦੇ ਵਿਕਾਸ ਕਾਰਜ ਚੇਤੇ ਨਹੀਂ ਸਨ ਆਏ ਅਤੇ ਹੁਣ ਲੋਕਾਂ ਦੀਆਂ ਵੋਟਾਂ ਲੈਣ ਲਈ ਤੇਜਿੰਦਰਪਾਲ ਸਿੰਘ ਸਿੱਧੂ ਵੱਡੀਆਂ ਵੱਡੀਆਂ ਢੀਂਗਾਂ ਮਾਰ ਰਹੇ ਹਨ|
ਇਸ ਮੌਕੇ ਬੋਲਦਿਆਂ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਚੋਣਾਂ ਮਗਰੋਂ ਬਾਕੀ ਅਕਾਲੀ ਉਮੀਦਵਾਰਾਂ ਵਾਂਗ ਹੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਲੋਕਾਂ ਨੂੰ ਨਜ਼ਰ ਵੀ ਨਹੀਂ ਆਉਣਾ| ਇਸ ਲਈ ਹਲਕੇ ਦੇ ਭਲੇ ਤੇ ਬਿਹਤਰੀ ਲਈ ਸ. ਬਲਬੀਰ ਸਿੰਘ ਸਿੱਧੂ ਦੇ ਹੱਥ ਮਜਬੂਤ ਕੀਤੇ ਜਾਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਜਸਬੀਰ ਸਿੰਘ ਮਣਕੂੰ, ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਭੰਵਰਾ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਐੱਸ.ਐੱਸ. ਢਿੱਲੋਂ, ਸੁਰਜੀਤ ਕੌਰ ਸੈਣੀ, ਤੇਜਪਾਲ ਸਿੰਘ ਗੋਚੀ, ਨਿਰਮਲ ਸਿੰਘ ਧੀਮਾਨ, ਹਰਮੀਤ ਸਿੰਘ ਗਿੱਲ, ਨੀਰਜ, ਕਿਰਪਾਲ ਸਿੰਘ ਬੇਦੀ, ਕੁਲਜੀਤ ਸਿੰਘ ਮਾਨ, ਡਾ. ਮਨਜੀਤ ਸਿੰਘ ਵਿਰਦੀ, ਗੁਰਬਖਸ਼ ਸਿੰਘ ਕਟਾਰੀਆ, ਸਵਰਨ ਸਿੰਘ ਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *