ਬਲਬੀਰ ਸਿੱਧੂ ਦੇ ਹੱਕ ਵਿਚ ਫੇਜ-11 ਵਿਖੇ ਕਾਂਗਰਸ ਦੀ ਰੈਲੀ, ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕੀਤਾ ਸੰਬੋਧਨ

ਐਸ ਏ ਐਸ ਨਗਰ, 23 ਜਨਵਰੀ (ਸ.ਬ.) : ਸਥਾਨਕ ਫੇਜ-11 ਵਿਖੇ ਨਗਰ ਨਿਗਮ ਦੇ ਸੀ.ਡਿਪਟੀ ਮੇਅਰ ਸ੍ਰੀ ਰਿਸ਼ਭ ਜੈਨ ਦੀ ਅਗਵਾਈ ਵਿੱਚ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਇਕ ਰੈਲੀ ਕੀਤੀ ਗਈ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ  ਅਤੇ ਕਾਂਗਰਸੀ ਆਗੂ ਆਨੰਦ ਸ਼ਰਮਾ ਵਿਸ਼ੇਸ ਤੌਰ ਉਪਰ ਪਹੁੰਚੇ| ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵੀ ਇਸ ਸਮੇਂ ਇਕ ਸਵਾਲ ਬਣੀਆਂ ਹੋਈਆਂ ਹਨ ਕਿ ਹੁਣ ਅੱਗੇ ਕੀ ਹੋਵੇਗਾ|  ਉਹਨਾਂ ਕਿਹਾ ਕਿ ਪਿਛਲੀਆਂ ਦੋ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਲਈ ਠੀਕ ਨਹੀਂ ਸੀ ਰਹੀਆਂ ਭਾਵੇਂ ਕਿ ਮੁਹਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੀ ਜਿੱਤ ਹੁੰਦੀ ਰਹੀ ਪਰ ਪੰਜਾਬ ਵਿਚ ਸਰਕਾਰ ਅਕਾਲੀ ਦਲ ਤੇ ਭਾਜਪਾ ਦੀ ਬਣਦੀ ਰਹੀ|  ਉਹਨਾਂ ਕਿਹਾ ਕਿ  ਅਕਾਲੀ ਸਰਕਾਰ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ|  ਪੰਜਾਬ ਸਾਲ 2002-2007 ਦੇ ਦੌਰਾਨ ਵਿਕਾਸ ਦੇ ਸਾਰੇ ਮੋਰਚਿਆਂ ਤੇ ਨੰਬਰ ਇਕ ਸੀ ਪਰ ਹੁਣ ਇਹ ਹੀ ਪੰਜਾਬ 14ਵੇਂ ਨੰਬਰ ਉਪਰ ਹੈ|  ਉਹਨਾਂ ਕਿਹਾ ਕਿ ਪੰਜਾਬ ਵਿਚ ਬੀਤੇ ਦਸ ਸਾਲਾਂ ਦੌਰਾਨ 23 ਹਜਾਰ ਉਦਯੋਗਾਂ ਨੂੰ ਬੰਦ ਕਰ ਦਿਤਾ ਗਿਆ ਅਤੇ ਇਸ ਸਮੇਂ ਪੰਜਾਬ ਵਿਚ 75 ਲੱਖ ਨਾਲੋਂ ਜਿਆਦਾ ਲੋਕ ਬੇਰੁਜਗਾਰ ਹਨ| ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਅੱਜ ਨਿਰਾਸ਼ ਹੋ ਚੁਕੇ ਹਨ| ਉਹਨਾਂ ਕਿਹਾ ਕਿ ਜਦੋਂ ਉਹ ਕੇਂਦਰੀ ਮੰਤਰੀ ਸਨ ਤਾਂ ਉਹਨਾਂ ਨੇ ਬਾਦਲ ਸਰਕਾਰ ਨੂੰ ਕਿਹਾ ਸੀ ਕਿ ਅਜਿਹੀਆਂ ਯੋਜਨਾਵਾਂ ਬਣਾਓ ਜਿਸ ਨਾਲ ਪੰਜਾਬ ਦਾ ਵਿਕਾਸ ਹੋਵੇ ਅਤੇ ਬੇਰੁਜਗਾਰੀ ਘਟੇ| ਉਹਨਾਂ ਕਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਨੇ ਉਹਨਾਂ ਨੁੰ ਲਿਖ ਕੇ ਵੀ ਦਿਤਾ ਸੀ ਕਿ ਉਹ ਇਸ ਤਰਾਂ ਕਰਨਾ ਚਾਹੁੰਦੇ ਹਨ ਪਰ ਸੁਖਬੀਰ ਬਾਦਲ ਬਾਅਦ ਵਿਚ ਭਾਜਪਾ ਦੇ ਦਬਾਓ ਵਿਚ ਆ ਕੇ ਮੁਕਰ ਗਏ| ਉਹਨਾਂ ਕਿਹਾ ਕਿ ਪਿਛਲੇ ਦਸ ਸਾਲ ਦੌਰਾਨ ਪੰਜਾਬ ਗਰੀਬ ਹੋ ਗਿਆ ਹੈ ਪਰ ਹੁਕਮਰਾਨ ਅਮੀਰ ਹੋ ਗਏ ਹਨ|  ਉਹਨਾਂ ਕਿਹਾ ਕਿ ਅਕਾਲੀ ਵੋਟਾਂ ਦੌਰਾਨ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ|
ਆਮ ਆਦਮੀ ਪਾਰਟੀ ਅਤੇ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿਲੀ ਵਿਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਅਜੇ ਤਕ ਵੀ ਪੂਰਾ ਨਹੀਂ ਕੀਤਾ ਅਤੇ ਦਿਲੀ ਵਾਸੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਉਹ ਪੂਰੀ ਤਰਾਂ ਮੁਕਰ ਗਏ ਹਨ|  ਹੁਣ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਮੂਰਖ ਬਣਾ ਰਹੇ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਬਲਬੀਰ ਸਿਧੂ ਨੇ ਕਿਹਾ ਕਿ ਮੁਹਾਲੀ ਮੇਰਾ ਆਪਣਾ ਘਰ ਹੈ ਅਤੇ ਫੇਜ 11 ਦੇ ਵਸਨੀਕਾਂ ਨੇ ਹਮੇਸਾ ਹੀ ਮੇਰੀ ਬਾਂਹ ਫੜੀ ਹੈ|  ਉਹਨਾਂ ਕਿਹਾ ਕਿ ਮੈਂ ਮੁਹਾਲੀ ਹਲਕੇ ਵਿਚ ਪਿਛਲੇ 20 ਸਾਲਾਂ ਤੋਂ ਸਰਗਰਮ ਹਾਂ ਅਤੇ ਮੈਂ ਜੋ ਕੰਮ ਕੀਤੇ ਹਨ ਉਹਨਾਂ ਬਾਰੇ ਤੁਹਾਨੂੰ ਚੰਗੀ ਤਰਾਂ ਪਤਾ ਹੈ|  ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਉਪਰੰਤ ਪਹਿਲ ਦੇ ਆਧਾਰ ਉਪਰ ਨੀਡ ਬੇਸਟ ਪਾਲਿਸੀ ਬਣਾਈ ਜਾਵੇਗੀ, ਪ੍ਰਾਪਰਟੀ ਟੈਕਸ ਨੂੰ ਖਤਮ ਕੀਤਾ ਜਾਵੇਗਾ, ਬੇਘਰੇ ਲੋਕਾਂ ਨੂੰ ਮਕਾਨ ਬਣਾਂ ਕੇ ਦਿਤੇ ਜਾਣਗੇ|
ਇਸ ਰੈਲੀ ਵਿਚ ਸੀਨੀਅਰ ਕਾਂਗਰਸੀ ਆਗੂ ਜੈ ਵੀਰ ਸ਼ੇਰਗਿਲ ਵੀ ਮੌਜੂਦ ਸਨ|  ਇਸ ਮੌਕੇ ਚੰਡੀਗੜ੍ਹ ਤੋਂ ਕਾਂਗਰਸੀ ਐਮ ਸੀ  ਗੁਰਬਖਸ ਰਾਵਤ, ਜਸਬੀਰ ਸਿੰਘ ਮਣਕੂ, ਅਮਰੀਕ ਸਿੰਘ ਸੋਮਲ, ਰਾਜ ਰਾਣੀ, ਸਾਰੇ ਕੌਂਸਲਰ, ਹਰਚੰਦ ਮੱਛਲੀਕਲਾਂ ਸਕੱਤਰ ਪੰਜਾਬ ਕਾਂਗਰਸ ਵੀ ਮੌਜੂਦ ਸਨ|

Leave a Reply

Your email address will not be published. Required fields are marked *