ਬਲਬੀਰ ਸਿੱਧੂ ਨੇ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਹਲਕਾ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਆਪਣੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ|
ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਮੁਹਾਲੀ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ| ਸ਼ਹਿਰ ਅੰਦਰ ਜਿਥੇ ਲੜਕੀਆਂ ਵਾਸਤੇ ਸਰਕਾਰੀ ਕਾਲਜ ਖੋਲ੍ਹਿਆ ਜਾਵੇਗਾ, ਉਥੇ ਹੀ ਸਰਕਾਰੀ ਸਕੂਲਾਂ ਵਿਚ ਮਿਆਰੀ ਸਹੂਲਤਾਂ ਅਤੇ ਪੜ੍ਹੇ ਲਿਖੇ ਅਧਿਆਪਕ ਭਰਤੀ ਕੀਤੇ ਜਾਣਗੇ ਤਾਂ ਕਿ ਸਾਡੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਦੀ ਬਜਾਇ ਸਰਕਾਰੀ ਸਕੂਲਾਂ ਵਿਚ ਸਸਤੀਆਂ ਦਰਾਂ ‘ਤੇ ਸਿੱਖਿਆ ਹਾਸਲ ਕਰ ਸਕਣ|
ਉਨ੍ਹਾਂ ਨੇ ਕਿਹਾ ਕਿ ਰਾਜ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਜਿਨ੍ਹਾਂ ‘ਚ ਮੁਹਾਲੀ ਵੀ ਸ਼ਾਮਿਲ ਹੈ, ਅੱਜ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੇ ਹਨ ਕਿਉਂਕਿ ਬੀਤੇ 10 ਸਾਲਾਂ ‘ਚ ਬਾਦਲ ਸਰਕਾਰ ਨੇ ਉਦਯੋਗਾਂ ਦੇ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ| ਨਤੀਜੇ ਇਹ ਹਨ ਕਿ ਰਾਜ ਦਾ ਉਦਯੋਗਿਕ ਵਿਕਾਸ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੈ ਅਤੇ ਰਾਜ ਦੇ ਨੌਜਵਾਨਾਂ ਨੂੰ ਨਵੇਂ ਰੋਜਗਾਰ ਵੀ ਨਹੀਂ ਮਿਲ ਰਹੇ ਹਨ|
ਇਸੇ ਦੌਰਾਨ ਸ. ਬਲਬੀਰ ਸਿੰਘ ਸਿੱਧੂ ਅੱਜ ਨਜ਼ਦੀਕੀ ਪਿੰਡ ਲਾਂਡਰਾਂ ਵਿਖੇ ਸਾਬਕਾ ਸਰਪੰਚ ਹਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਆਯੋਜਿਤ ਇਕ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰਨ ਪਹੁੰਚੇ|
ਇਸ ਮੌਕੇ ਬੋਲਦਿਆਂ ਸ.ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਹਰ ਪੱਖੋਂ ਬੁਰੀ ਤਰ੍ਹਾਂ ਕੰਗਾਲ ਕਰਕੇ ਰੱਖ ਦਿੱਤਾ ਹੈ| ਕਿਸਾਨਾਂ ਨੂੰ ਆਪਣੀਆਂ ਫਸਲਾਂ ਮੰਡੀਆਂ ਵਿਚ ਵੇਚਣ ਲਈ ਹਮੇਸ਼ਾ ਖੱਜਲ ਖੁਆਰ ਹੋਣਾ ਪਿਆ ਹੈ, ਨਸ਼ਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ ਹੈ, ਵਪਾਰੀ ਵਰਗ ਕਾਰੋਬਾਰ ਠੱਪ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ ਲਾਂਡਰਾਂ, ਗੁਰਮੁਖ ਸਿੰਘ ਸਰਪੰਚ ਨਿਊ ਲਾਂਡਰਾਂ, ਦਿਲਬਾਗ ਸਿੰਘ ਨੰਬਰਦਾਰ, ਜਗਦੀਸ ਸਿੰਘ, ਗੁਰਵਿੰਦਰ ਸਿੰਘ ਘੋਲਾ, ਗਿਆਨੀ ਭੁਪਿੰਦਰ ਸਿੰਘ, ਸੈਕਟਰੀ ਜਗਜੀਤ ਸਿੰਘ, ਐੱਨ.ਆਰ.ਆਈ. ਓਮਰਾਓ ਸਿੰਘ ਮੌਲੀ ਬੈਦਵਾਣ, ਭੁਪਿੰਦਰ ਸਿੰਘ            ਬਡਹੇੜੀ, ਹਰਿੰਦਰਪਾਲ ਸਿੰਘ ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *