ਬਲਬੀਰ ਸਿੱਧੂ ਨੇ ਪੂਡਾ ਦੇ ਮੁੱਖ ਪ੍ਰਸ਼ਾਸ਼ਕ ਤੇ ਅਕਾਲੀ-ਭਾਜਪਾ ਗਠਜੋੜ ਦੀ ਮਦਦ ਕਰਨ ਦਾ ਦੋਸ਼ ਲਗਾਇਆ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਦਲੀ ਕਰਨ ਦੀ ਮੰਗ ਕੀਤੀ

ਐਸ.ਏ.ਐਸ.ਨਗਰ, 12 ਜਨਵਰੀ (ਸ.ਬ.) ਹਲਕੇ ਵਿੱਚ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਹੁਣ ਨਿਜੀ ਦੂਸ਼ਣਬਾਜੀ ਅਤੇ ਸ਼ਿਕਾਇਤ ਵੱਲ ਵੱਧਣ ਲੱਗ ਪਿਆ ਹੈ| ਇਸਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਖਿਲਾਫ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਨਾਲ ਹੋਈ ਹੈ| ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜੈਦੀ ਨੂੰ ਭੇਜੀ ਸ਼ਿਕਾਇਤ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪੂਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰ. ਮਨਵੇਸ਼ ਸਿੰਘ ਸਿੱਧੂ ਤੇ ਇਲਜਾਮ ਲਗਾਇਆ ਹੈ ਕਿ ਉਹ ਸਰਕਾਰੀ ਕੁਰਸੀ ਤੇ ਬੈਠ ਕੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਲਈ ਕੰਮ ਕਰ ਰਹੇ ਹਨ ਇਸ ਲਈ ਉਹਨਾਂ ਦੀ ਇੱਥੋਂ ਬਦਲੀ ਕੀਤੀ ਜਾਵੇ|
ਮੁੱਖ ਚੋਣ ਕਮਿਸ਼ਨਰ ਡਾਕਟਰ ਨਸੀਮ ਜੈਦੀ ਨੂੰ ਭੇਜੀ ਸਿਕਾਇਤ ਵਿੱਚ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਨਵੇਸ਼ ਸਿੰਘ ਸਿੱਧੂ ਪੁਡਾ ਦੇ ਸਟਾਫ ਨੂੰ ਬੁਲਾ ਕੇ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦਾ ਦਬਾਅ ਪਾ ਰਹੇ ਹਨ| ਉਹਨਾਂ ਕਿਹਾ ਕਿ ਮਨਵੇਸ਼ ਸਿੰਘ ਸਿੱਧੂ ਆਪਣੇ ਸਰਕਾਰੀ ਦਫਤਰ ਨੂੰ ਸਿਆਸੀ ਕੰਮਾਂ ਲਈ ਵਰਤ ਰਹੇ ਹਨ ਅਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਬਦਲੇ ਪੁਡਾ ਦੇ ਸੀ.ਏ. ਨੂੰ ਤੁਰੰਤ ਪੰਜਾਬ ਤੋਂ ਬਾਹਰ ਬਦਲਿਆ ਜਾਵੇ| ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਡੀ.ਸੀ ਦੇ ਤੌਰ ਤੇ ਕੈਪਟਨ ਸਿੱਧੂ ਨੇ ਮੁਹਾਲੀ ਦੇ ਡੀ.ਸੀ. ਹੁੰਦਿਆਂ ਮੁਹਾਲੀ ਜਿਲ੍ਹੇ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਨਾਕਾਮ ਰਹੇ ਸਨ|
ਸ੍ਰੀ ਬਲਬੀਰ ਸਿਧੂ ਨੇ ਕਿਹਾ ਕਿ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ 2 ਜਨਵਰੀ ਨੂੰ ਅਸਤੀਫਾ ਦੇ ਦਿਤਾ ਸੀ ਪਰ ਉਸ ਤੋਂ ਬਾਅਦ ਵੀ 3 ਜਨਵਰੀ ਨੂੰ ਪਿੰਡ ਦੀ ਫਿਰਨੀ ਦਾ ਉਦਘਾਟਨ ਕੀਤਾ ਅਤੇ 4 ਜਨਵਰੀ ਨੂੰ ਪਿੰਡਾਂ ਵਿੱਚ ਖੇਡ ਕਿਟਾਂ ਵੰਡੀਆਂ| ਉਹਨਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਕਾਂਗਰਸ ਦੀ ਲਹਿਰ ਚਲ ਰਹੀ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਆਮ ਅਦਾਮੀ ਪਾਰਟੀ ਦੇ ਆਗੂ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ| ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੂਰੇ ਹਲਕੇ ਵਿੱਚ ਕਾਂਗਰਸ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਮੁਹਾਲੀ ਸ਼ਹਿਰ ਵਿੱਚ ਕਾਂਗਰਸੀ ਵਰਕਰ ਘਰੋਂ ਘਰੀਂ ਜਾ ਕੇ ਛੋਟੀਆਂ ਛੋਟੀਆਂ ਮੀਟਿੰਗਾਂ ਕਰ ਰਹੇ ਹਨ ਅਤੇ ਨਾਮਜਦਗੀ ਭਰਨ ਤੋਂ ਬਾਅਦ ਉਹ ਮੁਹਾਲੀ ਸ਼ਹਿਰ ਅਤੇ ਪਿੰਡ ਵਿੱਚ ਵੱਡੇ ਇੱਕਠ ਕਰਨਗੇ| ਆਪਣੇ ਕਵਰਿੰਗ ਉਮੀਦਵਾਰ ਬਾਰੇ ਪੁਛੇ ਜਾਣ ਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਬੇਟਾ ਐਡਵੋਕੇਟ ਕੰਵਲਬੀਰ ਸਿੰਘ ਸਿੱਧੂ ਉਹਨਾਂ ਦੇ ਕਵਰਿੰਗ ਉਮੀਦਵਾਰ ਹੋਣਗੇ| ਪ੍ਰੈਸ ਕਾਨਫਰੰਸ ਦੌਰਾਨ ਗੁਰਚਰਨ ਸਿੰਘ ਭੰਬਰਾ ਅਤੇ ਹਰਕੇਸ਼ ਚੰਦ ਮਛਲੀ ਕਲਾਂ ਤੋਂ ਬਿਨ੍ਹਾਂ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਹਾਜ਼ਿਰ ਸਨ|
ਇਸੇ ਦੌਰਾਨ ਸੰਪਰਕ ਕਰਨ ਤੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਕੈਪਟਨ ਤਜਿੰਦਰ ਪਾਲ ਸਿਘ ਨੇ ਕਿਹਾ ਕਿ ਸ੍ਰ. ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ.ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਹੈ ਇਹ ਦੋਸ਼ ਸਿਰਫ ਕਾਂਗਰਸੀ ਉਮੀਦਵਾਰ ਦੀ ਬੁਖਲਾਹਟ ਦਾ ਨਤੀਜਾ ਹੈ|
ਪਿੰਡ ਦੀ ਫਿਰਨੀ ਦੇ ਉਦਘਾਟਨ ਅਤੇ ਖੇਡ ਕਿਟ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਨਾਂ ਦਾ 3 ਜਨਵਰੀ ਨੂੰ ਬਾਅਦ ਦੁਪਹਿਰ ਮੰਜੂਰ ਹੋਇਆ ਅਤੇ 3 ਜਨਵਰੀ ਤੱਕ ਆਪਣੀ ਜਿੰਮੇਵਾਰੀ ਨਿਭਾਉਣਾ ਉਨਾਂ ਦਾ ਫਰਜ਼ ਸੀ| ਉਹਨਾਂ ਕਿਹਾ ਕਿ ਮੈਂ ਡਸਿਪਲਿਨਡ ਫੌਜੀ ਹਾਂ ਅਤੇ ਨਿਯਮਾਂ ਤੋਂ ਬਾਹਰ ਕੋਈ ਕੰਮ ਨਹੀਂ ਕਰਦਾ ਦੂਜੇ ਪਾਸੇ ਆਈ.ਏ.ਐਸ. ਅਧਿਕਾਰੀ ਸ੍ਰ. ਮਨਵੇਸ਼ ਸਿੰਘ ਸਿੱਧੂ ਨੇ ਇਸ ਸੰਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ|

Leave a Reply

Your email address will not be published. Required fields are marked *