ਬਲਵਿੰਦਰ ਕੁੰਭੜਾ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਤੇ ਲੋਕ ਹਿੱਤਾਂ ਦੀ ਅਣਦੇਖੀ ਕਰਨ ਅਤੇ ਲੋੜੀਂਦੀ ਕਾਰਵਾਈ ਤੋਂ ਟਾਲਾ ਵੱਟਣ ਦੇ ਲਾਏ ਇਲਜਾਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਬਾਹਰੀ ਦੱਸਦਿਆਂ ਖੁਦ ਨੂੰ ਦੱਸਿਆ ਹਲਕੇ ਦੀਆਂ ਵੋਟਾਂ ਦਾ ਹੱਕਦਾਰ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਤੇਜਿੰਦਰ ਪਾਲ ਸਿੰਘ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਲੋਕ ਹਿੱਤਾਂ ਦੀ ਅਣਦੇਖੀ ਕਰਨ ਅਤੇ ਮਜਲੂਮਾਂ ਵਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ, ਉੱਥੇ ਉਹਨਾਂ ਨੇ ਪਿਛਲੇ ਦਸ ਸਾਲ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਤੇ ਵੀ ਵਿਧਾਨਸਭਾ ਵਿੱਚ ਵਿਰੋਧੀ ਧਿਰ ਵਿੱਚ ਹੁੰਦਿਆਂ ਲੋਕਾਂ ਦੇ ਹੱਕ ਵਿੱਚ ਆਵਾਜ ਚੁੱਕਣ ਦੀ ਥਾਂ ਅਵੇਸਲੇ ਰਹਿਣ ਦਾ ਇਲਜਾਮ ਲਗਾਇਆ| ਇਸਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਬਾਰੇ ਕਿਹਾ ਕਿ ਉਹ ਹਲਕੇ ਤੋਂ ਬਾਹਰੀ ਉਮੀਦਵਾਰ ਹੋਣ ਕਾਰਨ ਹਲਕੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਕੁੱਝ ਜਾਣਦੇ ਹੀ ਨਹੀਂ ਹਨ ਇਸ ਲਈ ਉਹਨਾਂ ਨੂੰ ਹਲਕੇ ਤੋਂ ਵੋਟਾਂ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ| ਉੁਹਨਾਂ ਦਾਅਵਾ ਕੀਤਾ ਕਿ ਇਸਦੇ ਉਲਟ ਉਹ ਜਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਵਜੋਂ ਪਿਛਲੇ ਕਈ ਸਾਲਾਂ ਤੋਂ ਹਲਕੇ ਦੇ ਲੋਕਾਂ ਨਾਲ ਹੁੰਦੀਆਂ ਜਿਆਦਤੀਆਂ ਅਤੇ ਸੱਤਾਧਾਰੀਆਂ ਦੇ ਜੁਲਮ ਵਿਰੁੱਧ ਆਵਾਜ ਬੁਲੰਦ ਕਰਦੇ ਰਹੇ ਹਨ ਅਤੇ ਇਸ ਕਾਰਨ ਜਿੱਥੇ ਉਹਨਾਂ ਉੱਪਰ ਨਿੱਜੀ ਹਮਲੇ ਵੀ ਹੋਏ ਹਨ ਉੱਥੇ ਉਹਨਾਂ ਨੂੰ ਕਾਫੀ ਨੁਕਸਾਨ ਵੀ ਸਹਿਣਾ ਪਿਆ ਹੈ| ਉਹਨਾਂ ਦਾਅਵਾ ਕੀਤਾ ਕਿ ਉਹ ਵੀ ਹਲਕੇ ਦੇ ਵਸਨੀਕਾਂ ਦੀਆਂ ਵੋਟਾਂ ਦੇ ਅਸਲ ਹੱਕਦਾਰ ਹਨ|
ਅੱਜ ਇੱਥੇ ਜਿਲ੍ਹਾ ਪ੍ਰੈਸ ਕਲੱਬ ਮੁਹਾਲੀ ਵਿੱਚ ਇੱਕ ਪੱਤਰਕਾਰ                  ਸੰਮੇਲਨ ਦੌਰਾਨ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ, ਸੂਬਾ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਜਨਰਲ ਸਕੱਤਰ ਸ੍ਰ. ਹਰਬੰਸ ਸਿੰਘ ਢੋਲੇਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਕੁਲਵਿੰਦਰ ਸਿੰਘ ਅਤੇ ਹੋਰਨਾਂ ਆਗੂਆਂ  ਨੇ ਕਿਹਾ ਕਿ ਅਕਾਲੀ ਦਲ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਜਿਲ੍ਹਾ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਜਦੋਂ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਦੀ ਅਸਿੱਧੇ ਢੰਗ ਨਾਲ ਕੀਤੀ ਜਾਂਦੀ ਲੁੱਟ ਅਤੇ ਪਿੰਡਾ ਵਿੱਚ ਸਰਕਾਰੀ ਸ਼ਹਿ ਤੇ ਹੁੰਦੇ ਨਾਜਾਇਜ ਕਬਜਿਆਂ ਤੇ ਰੋਕ ਨਹੀਂ ਲਗਾ ਸਕੇ ਉਹ ਹੁਣ ਹਲਕੇ ਦਾ ਕੀ ਸਵਾਰਣਗੇ| ਉਹਨਾਂ ਕਿਹਾ ਕਿ ਹੋਰ ਤਾਂ ਹੋਰ ਉਹ ਆਪਣੇ ਕਾਰਜਕਾਲ ਦੌਰਾਨ ਉਹ ਕਿਸਾਨਾਂ ਨੂੰ ਹਲਕੇ ਦੇ ਪਿੰਡਾਂ ਦੀ ਗਮਾਡਾ ਵਲੋਂ ਅਕਵਾਇਰ ਕੀਤੀ ਜਮੀਨ ਦਾ ਰੁਕਿਆ ਮੁਆਵਜਾ ਤਕ ਨਹੀਂ ਦਿਵਾ ਸਕੇ ਅਤੇ ਹੁਣ ਕਿਸਾਨ ਉਹਨਾਂ ਤੋਂ ਕੀ ਆਸ ਕਰਨ| ਸ੍ਰ. ਕੁੰਭੜਾ ਨੇ ਕਿਹ ਕਿ ਸ੍ਰ.                  ਤੇਜਿੰਦਰ ਪਾਲ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਹੁੰਦਿਆਂ ਕੁਰਸੀ ਦਾ ਆਨੰਦ ਤਾਂ ਬਹੁਤ ਮਾਣਿਆ ਪਰੰਤੂ ਉਹ ਲੋਕ ਮਸਲਿਆਂ ਪ੍ਰਤੀ ਲੋੜੀਂਦੀ ਪਹੁੰਚ ਅਪਣਾਉਣ ਅਤੇ ਕਾਰਵਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋਏ|
ਸ੍ਰ. ਕੁੰਭੜਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਜਿਹਨਾਂ ਦੀ ਜਮੀਨ ਮੁਹਾਲੀ ਸ਼ਹਿਰ ਦੀ ਉਸਾਰੀ ਲਈ ਸਰਕਾਰ ਵਲੋਂ ਅਕਵਾਇਰ ਕੀਤੀ ਗਈ ਸੀ, ਉਹਨਾਂ ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾ ਮੁਹਈਆ ਕਰਵਾਉਣ ਲਈ ਗਮਾਡਾ ਵਲੋਂ ਪੰਚਾਇਤੀ ਰਾਜ ਵਿਭਾਗ ਨੂੰ 30 ਕਰੋੜ ਰੁਪਏ ਦਿੱਤੇ ਗਏ ਸਨ ਜਿਹੜੇ ਅਸੂਲਨ ਪੰਚਾਇਤਾਂ ਨੂੰ ਦਿੱਤੇ ਜਾਣੇ ਬਣਦੇ ਸਨ ਤਾਂ ਜੋ ਪੰਚਾਇਤਾਂ ਆਪਣੀ ਲੋੜ ਅਨੁਸਾਰ ਕੰਮ ਕਰਵਾ ਸਕਣ ਪੰਤੂ ਪੰਚਾਇਤੀ ਰਾਜ ਵਿਭਾਗ ਵਲੋਂ ਇਹ ਰਕਮ ਆਪਣੇ ਪੱਧਰ ਤੇ ਖਰਚ ਕਰ ਲਈ ਗਈ| ਉਹਨਾਂ ਇਲਜਾਮ ਲਗਾਇਆ ਕਿ ਇਸ ਰਕਮ ਦਾ ਸਿਰਫ 10 ਤੋਂ 15 ਫੀਸਦੀ ਹਿੱਸਾ ਹੀ ਪਿੰਡਾਂ ਦੇ ਵਿਕਾਸ ਤੇ ਖਰਚ ਕੀਤਾ ਗਿਆ ਅਤੇ ਬਾਕੀ ਦੀ ਰਕਮ ਖੁਰਦਬੁਰਦ ਕਰਕੇ ਖਰਚਾ ਵਿਖਾ ਦਿੱਤਾ ਗਿਆ| ਇਸ ਸੰਬੰਧੀ ਉਹਨਾਂ ਵਲੋਂ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਦਾ ਕੋਈ ਅਸਰ ਨਾ ਹੋਣ ਤੇ ਉਹਨਾਂ ਨੇ ਅਦਾਲਤ ਵਿੱਚ             ਕੇਸ ਪਾਇਆ ਜਿੱਥੋਂ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਹੋਏ ਪਰੰਤੂ ਸੱਤਾਧਾਰੀਆਂ ਦੇ ਦਬਾਓ ਵਿੱਚ ਵਿਜੀਲੈਂਸ ਵੀ ਕੁੱਝ ਨਹੀਂ ਕਰ ਪਾਈ ਜਿਸਤੋਂ ਬਾਅਦ ਉਹਨਾਂ ਵਲੋਂ ਇਸ ਸੰਬੰਧੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਲੂੰ ਲੈ ਕੇ ਹਾਈਕੋਰਟ ਵਿੱਚ ਕੇਸ ਪਾਇਆ ਗਿਆ ਹੈ ਜਿਸਦੀ ਅਗਲੀ ਸੁਣਵਾਈ 1 ਮਈ ਨੂੰ ਹੋਣੀ ਹੈ| ਉਹਨਾਂ ਕਿਹਾ ਕਿ ਮੁਹਾਲੀ ਵਿੱਚ ਉਸਾਰੇ ਗਏ ਵਿਕਾਸ ਭਵਨ ਲਈ ਪੰਜਾਬ ਭਰ ਦੀਆਂ ਪੰਚਾਇਤਾ ਤੋਂ ਫੰਡ ਵਸੂਲਿਆ ਗਿਆ ਪਰੰਤੂ ਇਸ ਭਵਨ ਦੀ ਉਸਾਰੀ ਵਿੱਚ ਵੱਡੇ ਪੱਧਰ ਤੇ ਘਪਲਾ ਹੋਇਆ ਜਿਸਦੀ ਜਾਂਚ ਦੀ ਮੰਗ ਉਹਨਾਂ ਵਲੋਂ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਘਪਲੇ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਇਮਾਰਤ ਦੀ ਸਭਤੋਂ ਉੱਪਰਲੀ ਮੰਜਿਲ ਹੁਣੇ ਉਸਾਰੀ ਹੀ ਨਹੀਂ ਕੀਤੀ ਗਈ ਹੈ ਜਦੋਂਕਿ ਵਿਭਾਗ ਵਲੋਂ ਇਸਦੀ ਉਸਾਰੀ ਦਾ ਬਿਲ ਤਕ ਪਾਸ ਹੋ ਚੁੱਕਿਆ ਹੈ| ਇਸੇ ਤਰ੍ਹਾਂ ਇਮਾਰਤ ਵਿੱਚ ਲਗਾਏ ਗਏ ਕੈਮਰਿਆਂ ਦੀ ਕੀਮਤ 22 ਹਜਾਰ ਰੁਪਏ ਪ੍ਰਤੀ ਕੈਮਰਾ ਵਿਖਾਈ ਗਈ ਹੈ ਜਦੋਂਕਿ ਇਹਨਾਂ ਕੈਮਰਿਆਂ ਦੀ ਅਸਲ ਕੀਮਤ 7 ਹਜਾਰ ਦੇ ਆਸਪਾਸ ਹੈ|
ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸੱਤਾਧਾਰੀਆਂ ਵਲੋਂ ਪਿੰਡਾਂ ਵਿੱਚ ਸਾਂਝੀਆਂ ਗਲੀਆਂ, ਛੱਪੜਾ ਅਤੇ ਹੋਰਨਾਂ ਜਮੀਨਾਂ ਤੇ ਕੀਤੇ ਗਏ ਨਾਜਇਜ ਕਬਜਿਆਂ ਸੰਬੰਧੀ ਉਹਨਾਂ ਵਲੋਂ ਪੰਚਾਇਤ ਯੂਨੀਅਨ ਦਾ ਜਿਲ੍ਹਾ ਪ੍ਰਧਾਨ ਹੋਣ ਦੌਰਾਨ ਸਮੇਂ ਸਮੇਂ ਤੇ ਨਾ ਸਿਰਫ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਤ ਤੋਂ ਤੋਂ ਕਾਰਵਾਈ ਦੀਮੰਗ ਕੀਤੀ ਜਾਂਦੀ ਰਹੀ ਹੈ ਬਲਕਿ ਕਈ ਵਾਰ ਉਹਨਾਂ ਨੂੰ ਸਰਕਾਰ ਦੇ ਖਿਲਾਫ ਧਰਨੇ ਤਕ ਮਾਰਨੇ ਪਏ ਹਨ ਪਰੰਤੂ ਡਿਪਟੀ ਕਮਿਸ਼ਨਰ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਨਾ ਹੀ ਹਲਕਾ ਵਿਧਾਇਕ ਨੇ ਲੋਕਾਂ ਦੀ ਬਾਂਹ ਫੜੀ| ਹੋਰ ਤਾਂ ਹੋਰ ਆਰ ਟੀ ਆਈ ਰਾਂਹੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਵੀ ਜਿੱਥੇ ਉਹ ਅਦਾਲਤਾਂ ਵਿੱਚ ਸਰਕਾਰ ਦੇ ਖਿਲਾਫ ਲੜਾਈ ਲੜਦੇ ਰਹੇ ਹਨ ਉੱਥੇ ਹਲਕਾ ਵਿਧਾਇਕ ਸ੍ਰੀ ਸਿੱਧੂ ਤਕ ਪਹੁੰਚ ਕਰਨ ਵਾਲੇ ਪੀੜਿਤ ਲੋਕ ਸੁਣਵਾਈ ਨਾ ਹੋਣ ਕਾਰਨ ਉਹਨਾਂ ਕੋਲ ਪਹੁੰਚਦੇ ਰਹੇ ਹਨ ਅਤੇ ਉਹ ਆਪਣੀ ਸਮਰਥਾ ਅਨੁਸਾਰ ਉਹਨਾਂ ਲੋਕਾਂ ਦੀ ਲੜਾਈ ਲੜਦੇ ਰਹੇ ਹਨ|
ਉਹਨਾਂ ਦਾਅਵਾ ਕੀਤਾ ਕਿ ਉਹ ਪਿਛਲੇ 10 ਸਾਲਾਂ ਤੋਂ ਹਲਕੇ ਦੇ ਪਿੰਡਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਹ ਸੱਤਾਧਾਰੀਆਂ ਦੇ ਘਪਲਿਆਂ ਦੇ ਖਿਲਾਫ ਆਵਾਜ ਬੁਲੰਦ ਕਰਦੇ ਰਹੇ ਹਨ ਉੱਥੇ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਆਮ ਲੋਕਾਂ ਨਾਲ ਮਿਲ ਕੇ ਸੰਘਰਸ਼ ਵੀ ਕਰਦੇ ਰਹੇ ਹਨ| ਇਹ ਪੁੱਛਣ ਤੇ ਉਹਨਾਂ ਦੀ ਪਾਰਟੀ ਤੇ ਇਹ ਇਲਜਾਮ ਲੱਗਦਾ ਹੈ ਕਿ ਉਸਦੇ ਉਮੀਦਵਾਰ ਸਿਰਫ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਹੀ ਮੈਦਾਨ ਵਿੱਚ ਹਨ, ਪਾਰਟੀ ਦੇ ਸੂਬਾ ਪ੍ਰਧਾਨ ਪ੍ਰੋ ਮਨਜੀਤ ਸਿੰਘ ਨੇ ਕਿਹਾ ਕਿ ਅਜਿਹਾ ਨਹੀਂ ਹੈ ਬਲਕਿ ਪਾਰਟੀ ਇੱਕ ਸੋਚ ਲੈ ਕੇ ਆਈ ਹੈ ਅਤੇ ਉਹਨਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਨਹੀਂ ਬਲਕਿ ਖੁਦ ਜਿੱਤਣ ਲਈ ਲੜ ਰਹੇ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਆਗੂ ਸ੍ਰ. ਬਲਵਿੰਦਰ ਸਿੰਘ ਮਾਣਕਪੁਰ,            ਗੁਰਮੇਲ ਸਿੰਘ ਮੱਕੜਾਂ ਅਤੇ ਸ੍ਰ. ਨਾਗਰ ਸਿੰਘ ਮੱਕੜਾਂ ਵੀ ਹਾਜਿਰ ਸਨ|

Leave a Reply

Your email address will not be published. Required fields are marked *