ਬਲਵਿੰਦਰ ਕੁੰਭੜਾ ਵੱਲੋ ‘ਆਪ’ ਤੋਂ ਨਰਾਜ਼ ਹੋਏ ਵਾਲੰਟੀਅਰਾਂ ਨੂੰ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜਨ ਦਾ ਸੱਦਾ

ਮੁਹਾਲੀ, 17 ਅਕਤੂਬਰ : ਲੋਕਾਂ ਨੂੰ ਸਵਰਾਜ ਦਾ ਨਾਅਰਾ ਦੇ ਕੇ ਅਤੇ ਇੱਕ ਆਮ ਆਦਮੀ ਦੀ ਪਾਰਟੀ ਦੱਸਣ ਵਾਲੀ ‘ਆਮ ਆਦਮੀ ਪਾਰਟੀ’ ਆਪਣੇ ਮਿਸ਼ਨ ਤੋਂ ਭਟਕ ਕੇ ਭ੍ਰਿਸ਼ਟ ਅਤੇ ਅਮੀਰ ਲੋਕਾਂ ਦੀ ਪਿਛਲੱਗੂ ਬਣ ਕੇ ਰਹਿ ਗਈ ਹੈ| ਇਸ ਪਾਰਟੀ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪੂਰੀ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਆਮ ਆਦਮੀ ਲਈ ਕੋਈ ਥਾਂ ਨਹੀਂ ਰਹੀ| ਇਹ ਵਿਚਾਰ ‘ਆਪ’ ਛੱਡ ਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਵਿੱਚ ਸ਼ਾਮਿਲ ਹੋਏ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਮਾਣਕਪੁਰ ਕੱਲਰ ਵਿਖੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਸਨਮਾਨਿਤ ਕਰਨ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਬਲਵਿੰਦਰ ਸਿੰਘ ਮਾਣਕਪੁਰ ਕੱਲਰ ਦੀ ਅਗਵਾਈ ਵਿੱਚ  ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਵੀ ਹਾਜ਼ਰ ਸਨ|
ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਡੈਮੋਕ੍ਰੇਟਿਕ ਸਵਰਾਜ ਪਾਰਟੀ ਹੀ ਇੱਕ ਅਜਿਹੀ ਪਾਰਟੀ ਰਹਿ ਗਈ ਹੈ ਜੋ ਕਿ ਸਹੀ ਮਾਇਨਿਆਂ ਵਿੱਚ ਸਵਰਾਜ ਦੇ ਨਾਅਰੇ ਨੂੰ ਲੈ ਕੇ ਚੱਲੀ ਹੋਈ ਹੈ| ਪਾਰਟੀ ਦੀ ਸੋਚ ਮੁਤਾਬਕ ਹੁਣ ਹਲਕਾ ਮੋਹਾਲੀ ਦੇ ਸਾਰੇ ਉਹ ਲੋਕ ਜਿਹੜੇ ਕਦੇ ਆਮ ਆਦਮੀ ਪਾਰਟੀ ਨਾਲ ਦਿਨ ਰਾਤ ਇੱਕ ਕਰ ਕੇ ਜੁਟੇ ਹੋਏ ਸਨ, ਹੁਣ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜਦੇ ਜਾ ਰਹੇ ਹਨ| ਇਸ ਮੌਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੀ ਪ੍ਰਚਾਰ ਸਮੱਗਰੀ ਵੀ ਲੋਕਾਂ ਵਿੱਚ ਵੰਡੀ ਗਈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਅਤੇ ਅਮੀਰਾਂ ਦੀ ਪਾਰਟੀ ਬਣ ਚੁਕੀ ਆਮ ਆਦਮੀ ਪਾਰਟੀ ਦਾ ਖਹਿੜਾ ਛੱਡ ਕੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਨਾਲ ਜੁੜਨ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਸ਼ਾਸਨ ਦਿੱਤਾ ਜਾ ਸਕੇ|
ਇਸ ਮੌਕੇ ਗੁਰਮੁਖ ਸਿੰਘ, ਮਾਸਟਰ ਗੁਰਚਰਨ ਸਿੰਘ, ਜਸਪਾਲ ਸਿੰਘ ਰਾਏਪੁਰ ਖੁਰਦ, ਰਣਧੀਰ ਸਿੰਘ ਕੁੰਭੜਾ, ਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਾਲੰਟੀਅਰ ਹਾਜ਼ਰ ਸਨ|

Leave a Reply

Your email address will not be published. Required fields are marked *