ਬਲਾਕ ਮਾਜਰੀ ਖੇਤਰ ਵਿੱਚ ਜ਼ਿਆਦਾ ਸਮਰਥਾ ਵਾਲੀਆਂ ਸੜਕਾਂ ਬਣਾਉਣ ਦੀ ਲੋੜ : ਗਰਚਾ

ਮਾਜਰੀ, 24 ਜਨਵਰੀ (ਸ.ਬ.) ਬਲਾਕ ਮਾਜਰੀ ਖੇਤਰ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਜ਼ਿਆਦਾ ਸਮਰਥਾ ਵਾਲੀਆਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਸੜਕਾਂ ਤੋਂ ਰੇਤ, ਬਜਰੀ ਨਾਲ ਭਰੇ ਟਿੱਪਰ ਲੰਘ ਸਕਣ ਅਤੇ ਇਹ ਸੜਕਾਂ ਜਲਦੀ ਨਾ ਟੁੱਟ ਸਕਣ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਪਿੰਡ ਖੇੜਾ ਵਿਖੇ ਚੁਣੇ ਗਏ ਨਵੇਂ ਸਰਪੰਚ ਅਤੇ ਪੰਚਾਂ ਦਾ ਸਨਮਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਉਨ੍ਹਾਂ ਕਿਹਾ ਕਿ ਮਾਜਰੀ ਬਲਾਕ ਦੇ ਪਿੰਡਾਂ ਦੇ ਲੋਕਾਂ ਦੀ ਅਕਸਰ ਸਮੱਸਿਆ ਰਹਿੰਦੀ ਹੈ ਕਿ ਇਸ ਇਲਾਕੇ ਦੀਆਂ ਲਿੰਕ ਸੜਕਾਂ ਟੁੱਟੀਆਂ ਹੀ ਰਹਿੰਦੀਆਂ ਹਨ| ਸੜਕਾਂ ਟੁੱਟਣ ਦਾ ਮੁੱਖ ਕਾਰਨ ਇਨ੍ਹਾਂ ਸੜਕਾਂ ਤੋਂ ਰੇਡ ਬਜਰੀ ਨਾਲ ਭਰੇ ਓਵਰਲੋਡ ਟਰੱਕ ਟਿੱਪਰਾਂ ਦਾ ਲੰਘਣਾ ਮੰਨਿਆ ਜਾਂਦਾ ਹੈ| ਕਈ ਵਾਰ ਪਿੰਡਾਂ ਦੇ ਲੋਕੀਂ ਇਕੱਠੇ ਹੋ ਕੇ ਇਨ੍ਹਾਂ ਸੜਕਾਂ ਤੋਂ ਟਿੱਪਰਾਂ ਦੀ ਆਵਾਜਾਈ ਬੰਦ ਕਰਨ ਦੀ ਮੰਗ ਵੀ ਕਰ ਚੁੱਕੇ ਹਨ ਅਤੇ ਕਈ ਵਾਰ ਟਿੱਪਰਾਂ ਦੇ ਲਾਂਘੇ ਨੂੰ ਲੈ ਕੇ ਝਗੜੇ ਵੀ ਹੁੰਦੇ ਰਹੇ ਹਨ| ਸੜਕਾਂ ਟੁੱਟਣ ਕਾਰਨ ਆਪਣੇ ਦੋਪਹੀਆ ਵਾਹਨਾਂ ਤੇ ਗੁਜ਼ਰਨ ਵਾਲੇ ਲੋਕੀਂ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ|
ਬੀਬੀ ਗਰਚਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਦੇ ਸਬੰਧਿਤ ਮੰਤਰੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਖੇਤਰ ਦੀਆਂ ਸੜਕਾਂ ਜ਼ਿਆਦਾ ਸਮਰੱਥਾ ਵਾਲੀਆਂ ਬਣਾਉਣ ਦੀ ਮੰਗ ਕਰਨਗੇ ਤਾਂ ਜੋ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ|
ਪਿੰਡ ਖੇੜਾ ਵਿਖੇ ਪ੍ਰਧਾਨ ਦਰਸ਼ਨ ਸਿੰਘ ਦੇ ਘਰ ਰੱਖੇ ਗਏ ਇੱਕ ਸਾਦੇ ਸਮਾਗਮ ਦੌਰਾਨ ਬੀਬੀ ਗਰਚਾ ਵੱਲੋਂ ਨਵੇਂ ਚੁਣੇ ਗਏ ਸਰਪੰਚ ਜਗਤਾਰ ਸਿੰਘ ਤਾਰੀ, ਪੰਚ ਭੁਪਿੰਦਰ ਕੌਰ ਅਤੇ ਪੰਚ ਧਰਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਪ੍ਰਧਾਨ ਦਰਸ਼ਨ ਸਿੰਘ ਅਤੇ ਸਰਪੰਚ ਜਗਤਾਰ ਸਿੰਘ ਤਾਰੀ ਨੇ ਬੀਬੀ ਗਰਚਾ ਵੱਲੋਂ ਹਲਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕੀਤੇ ਗਏ ਯਤਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ| ਇਸ ਮੌਕੇ ਸਾਬਕਾ ਪੰਚ ਹਰਨੇਕ ਸਿੰਘ, ਸੂਬੇਦਾਰ ਉਜਾਗਰ ਸਿੰਘ, ਗੁਰਦਾਸ ਸਿੰਘ, ਮੇਜਰ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ|

Leave a Reply

Your email address will not be published. Required fields are marked *