ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਜੋਰਾਂ ਤੇ, ਸਾਰੇ ਉਮੀਦਵਾਰ ਲਗਾ ਰਹੇ ਹਨ ਪੂਰਾ ਜੋਰ

ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਜੋਰਾਂ ਤੇ, ਸਾਰੇ ਉਮੀਦਵਾਰ ਲਗਾ ਰਹੇ ਹਨ ਪੂਰਾ ਜੋਰ
ਮੁਹਾਲੀ ਅਤੇ ਖਰੜ ਵਿੱਚ ਕਾਂਗਰਸ ਅੱਗੇ, ਡੇਰਾਬਸੀ ਵਿੱਚ ਸਖਤ ਮੁਕਾਬਲਾ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 15 ਸਤੰਬਰ

19 ਸਤੰਬਰ ਨੂੰ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਪੂਰਾ ਜੋਰ ਫੜ ਗਿਆ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਤੇਜ ਕਰਦਿਆਂ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਗਿਆ ਹੈ| ਇਸ ਦੌਰਾਨ ਮੁਹਾਲੀ ਜਿਲ੍ਹੇ ਵਿੱਚ ਪੈਂਦੀਆਂ ਤਿੰਨ ਬਲਾਕ ਸੰਮਤੀਆਂ ਅਤੇ ਇੱਕ ਜਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਉਮੀਦਵਾਰ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ| ਇਹਨਾਂ ਚੋਣਾਂ ਵਿੱਚ ਮੁਹਾਲੀ ਜਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨਸਭਾ ਹਲਕਿਆਂ ਦੇ ਆਗੂਆਂ ਦਾ ਵਕਾਰ ਵੀ ਦਾਅ ਤੇ ਲੱਗਾ ਹੋਇਆ ਹੈ|
ਮੁਹਾਲੀ ਹਲਕੇ ਦੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ (ਜੋ ਕਿ ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਹੋਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਵੀ ਹਨ) ਵਲੋਂ ਮੁਹਾਲੀ ਵਿਧਾਨਸਭਾ ਹਲਕੇ ਅਧੀਨ ਪੈਂਦੀਆਂ ਖਰੜ ਬਲਾਕ ਸੰਮਤੀ ਦੀਆਂ 13, ਮਾਜਰੀ ਬਲਾਕ ਸੰਮਤੀ ਦੀ ਇੱਕ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਦੋ ਸੀਟਾਂ ਲਈ ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲੀ ਜਾ ਰਹੀ ਹੈ ਅਤੇ ਉਹ ਪਿੰਡ ਪਿੰਡ ਘੁੰਮ ਕੇ ਪ੍ਰਚਾਰ ਵਿੱਚ ਲੱਗੇ ਹੋJ ਹਨ| ਸਵੇਰੇ ਤੜਕਸਾਰ ਸ਼ੁਰੂ ਹੋਣ ਵਾਲਾ ਇਹ ਚੋਣ ਪ੍ਰਚਾਰ ਦੇਰ ਸ਼ਾਮ ਤਕ ਚਲਦਾ ਹੈ ਅਤੇ ਇਸ ਦੌਰਾਨ ਸ੍ਰ੍ਰ. ਸਿੱਧੂ ਵਲੋਂ ਅਕਾਲੀ ਭਾਜਪਾ ਗਠਜੋੜ ਤੇ ਤਿੱਖਾ ਹਮਲਾ ਕਰਦਿਆਂ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ| ਦੂਜੇ ਪਾਸੇ ਅਕਾਲੀ ਦਲ ਵਲੋਂ ਵੀ ਭਾਵੇਂ ਪ੍ਰਚਾਰ ਭਖਾਇਆ ਹੋਇਆ ਹੈ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਵਲੋਂ ਪ੍ਰਚਾਰ ਦੌਰਾਨ ਪਾਰਟੀ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰੰਤੂ (ਹਾਲ ਦੀ ਘੜੀ) ਬਾਜੀ ਅਕਾਲੀ ਦਲ ਦੇ ਹੱਥੋਂ ਨਿਕਲਦੀ ਦਿਖ ਰਹੀ ਹੈ| ਅਕਾਲੀ ਦਲ ਦੀ ਆਪਸੀ ਗੁੱਟ ਬਾਜੀ ਅਤੇ ਬਰਗਾੜੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਪ੍ਰਤੀ ਸਿੱਖ ਹਲਕਿਆਂ ਵਿੱਚ ਚਲ ਰਹੀ ਗੁੱਸੇ ਦੀ ਲਹਿਰ ਕਾਰਨ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਮੁਹਾਲੀ ਹਲਕੇ ਵਿੱਚ ਕਾਂਗਰਸ ਦੀ ਹਾਲਤ ਬਿਹਤਰ ਦਿਖ ਰਹੀ ਹੈ|
ਹਾਲਾਂਕਿ ਡੇਰਾਬਸੀ ਹਲਕੇ ਵਿੱਚ ਅਕਾਲੀ ਦਲ ਬਿਹਤਰ ਹਾਲਤ ਵਿੱਚ ਦਿਖ ਰਿਹਾ ਹੈ| ਡੇਰਾਬਸੀ ਦੇ ਅਕਾਲੀ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਵਲੋਂ ਪਿੰਡ ਪਿੰਡ ਜਾ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਸੱਤਾਧਾਰੀ ਪਾਰਟੀ ਨੂੰ ਤਕੜੀ ਟੱਕਰ ਦੇ ਰਹੇ ਹਨ| ਸ੍ਰੀ ਐਨ ਕੇ ਸ਼ਰਮਾ ਵਲੋਂ ਪੂਰੀ ਤਰ੍ਹਾਂ ਵਿਊਤਬੱਧ ਤਰੀਕੇ ਨਾਲ ਚੋਣ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਖੁਦ ਸਾਰਾ ਦਿਨ ਪਿੰਡ ਪਿੰਡ ਘੁੰਮ ਕੇ ਪ੍ਰਚਾਰ ਕਰ ਰਹ ਹਨ| ਇਸ ਦੌਰਾਨ ਉਹ ਕਾਂਗਰਸ ਸਰਕਾਰ ਦੀਆਂ ਨਾਕਮੀਆਂ ਗਿਣਵਾ ਕੇ ਅਤੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਦੇ ਨਾਮ ਤੇ ਵੋਟਾਂ ਮੰਗ ਰਹੇ ਹਨ| ਡੇਰਾਬਸੀ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਕਮਾਨ ਇੱਥੋਂ ਵਿਧਾਇਕ ਦੀ ਚੋਣ ਲੜਣ ਵਾਲੇ ਸ੍ਰ. ਦੀਪਇੰਦਰ ਸਿੰਘ ਢਿੱਲੋਂ ਦੇ ਹੱਥ ਵਿੱਚ ਹੈ ਅਤੇ ਉਹਨਾਂ ਵਲੋਂ ਵੀ ਪਿੰਡ ਪਿੰਡ ਘੁੰਮ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ| ਸ੍ਰ. ਢਿਲੋਂ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਮੁਖੀ ਕਾਰਜਾਂ ਦਾ ਵੇਰਵਾ ਦੇਣ ਦੇ ਨਾਲ ਨਾਲ ਅਕਾਲੀ ਭਾਜਪਾ ਗਠਜੋੜ ਦੇ ਖਿਲਾਫ ਤਕੜੇ ਹਮਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀਆਂ ਮੀਟਿੰਗਾਂ ਵਿੱਚ ਵੀ ਵੱਡੀ ਗਿਣਤੀ ਲੋਕ ਜੁੜ ਰਹੇ ਹਨ| ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਵਾਰਾਂ ਵਿੱਚ ਤਕੜੀ ਟੱਕਰ ਹੈ ਅਤੇ ਪਲੜਾ ਕਿਸੇ ਪਾਸੇ ਵੀ ਝੁਕ ਸਕਦਾ ਹੈ|
ਖਰੜ ਵਿਧਾਨਸਭਾ ਸੀਟ ਵਿੱਚ ਜਿੱਥੇ ਖਰੜ ਬਲਾਕ ਸੰਮਤੀ ਦੀਆਂ ਕਾਫੀ ਸੀਟਾਂ ਹਨ ਉੱਥੇ ਮਾਜਰੀ ਬਲਾਕ ਸੰਮਤੀ ਦੀਆਂ ਜਿਆਦਾਤਰ ਸੀਟਾਂ ਵੀ ਇਸੇ ਹਲਕੇ ਦੇ ਖਤਰ ਵਿੱਚ ਪੈਂਦੀਆਂ ਹਨ| ਇਸ ਹਲਕੇ ਤੋਂ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਕੰਵਰ ਸੰਧੂ ਇਸ ਚੋਣ ਮੈਦਾਨ ਤੋਂ ਪੂਰੀ ਤਰ੍ਹਾਂ ਗਾਇਬ ਹਨ ਅਤੇ ਇੱਥੇ ਵੀ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਹੀ ਹੈ| ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਦੀ ਕਮਾਨ ਪਿਛਲੀ ਵਾਰ ਇੱਥੋਂ ਚੋਣ ਹਾਰੇ ਸਾਬਕਾ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਦੇ ਹੱਥਾਂ ਵਿੱਚ ਹੈ ਅਤੇ ਅਕਾਲੀ ਦਲ ਦੀ ਚੋਣ ਮੁਹਿੰਮ ਦੀ ਅਗਵਾਈ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ. ਰਣਜੀਤ ਸਿੰਘ ਗਿਲ ਸੰਭਾਲ ਰਹੇ ਹਨ| ਦੋਵਾਂ ਹੀ ਧਿਰਾਂ ਵਲੋਂ ਆਪਣਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ| ਇਸ ਹਲਕੇ ਵਿੱਚ ਵੀ ਅਕਾਲੀ ਦਲ ਵਲੋਂ ਕਾਂਗਰਸ ਨੂੰ ਤਕੜੀ ਟੱਕਰ ਦਿੱਤੀ ਜਾ ਰਹੀ ਹੈ ਅਤੇ ਇੱਥੇ ਵੀ ਹਾਲਾਤ ਕਿਸੇ ਵੀ ਕਰਵਟ ਬੈਠ ਸਕਦੇ ਹਨ|
ਕੁਲ ਮਿਲਾ ਕੇ ਐਸ ਏ ਐਸ ਨਗਰ ਜਿਲ੍ਹੇ ਵਿੱਚ ਕਾਂਗਰਸ ਅਕਾਲੀ ਦਲ ਦੇ ਮੁਕਾਬਲੇ ਥੋੜੀ ਬਿਹਤਰ ਸਥਿਤੀ ਵਿੱਚ ਦਿਖ ਰਹੀ ਹੈ ਪਰੰਤੂ ਵੋਟਰਾਂ ਦੇ ਦਿਲ ਵਿੱਚ ਕੀ ਚਲ ਰਿਹਾ ਹੈ ਇਸਦਾ ਪਤਾ ਤਾਂ 19 ਸਤੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਚਲਣਾ ਹੈ|

Leave a Reply

Your email address will not be published. Required fields are marked *