ਬਲਾਤਕਾਰ ਦੀਆਂ ਲਗਾਤਾਰ ਵੱਧਦੀਆਂ ਵਾਰਦਾਤਾਂ ਤੇ ਰੋਕ ਲਈ ਸਖਤ ਕਾਰਵਾਈ ਕੀਤੀ ਜਾਣੀ ਜਰੂਰੀ

ਸਾਡੇ ਦੇਸ਼ ਵਿੱਚ ਜਿੱਥੇ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣ ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਔਰਤਾਂ ਖਾਸ ਕਰਕੇ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਬਹੁਤ ਜਿਆਦਾ ਵੱਧ ਗਈਆਂ ਹਨ ਅਤੇ ਰੋਜਾਨਾ ਹੀ ਅਜਿਹੇ ਕਈ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ| ਤ੍ਰਾਸਦੀ ਇਹ ਵੀ ਹੈ ਕਿ ਬਲਾਤਕਾਰ ਦੀਆਂ ਇਹਨਾਂ ਘਟਨਾਵਾਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਬਚਾਉਣ ਲਈ ਰਾਜਨੀਤੀ ਵੀ ਹੋਣ ਲੱਗ ਗਈ ਹੈ| ਪਿਛਲੇ ਦਿਨੀਂ ਯੂ. ਪੀ. ਦੇ ਓਨਾਵ ਵਿੱਚ ਉੱਥੋਂ ਦੀ ਸੱਤਾਧਾਰੀ ਪਾਰਟੀ ਭਾਜਪਾ ਦੇ ਇੱਕ ਵਿਧਾਇਕ ਅਤੇ ਉਸਦੇ ਸਮਰਥਕਾਂ ਵੱਲੋਂ ਇੱਕ ਨੌਜਵਾਨ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਕਈ ਦਿਨਾਂ ਤਕ ਬਲਾਤਕਾਰ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਸੀ| ਇਸ ਮਾਮਲੇ ਵਿੱਚ ਯੂ. ਪੀ ਪੁਲੀਸ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਦੋਸ਼ੀ ਵਿਧਾਇਕ ਨੂੰ ਪਾਕ ਸਾਫ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਅਤੇ ਦੋਸ਼ੀ ਵਿਧਾਇਕ ਦੇ ਖਿਲਾਫ ਸਬੂਤ ਮਿਲਣ ਦੇ ਬਾਵਜੂਦ ਪੁਲੀਸ ਵਲੋਂ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ|
ਇਸੇ ਤਰ੍ਹਾਂ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਕੁੱਝ ਵਿਅਕਤੀਆਂ ਵੱਲੋਂ ਇੱਕ ਅੱਠ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਉਸਨੂੰ ਇੱਕ ਮੰਦਿਰ ਵਿੱਚ ਰਖਿਆ ਗਿਆ ਅਤੇ ਦੋਸ਼ੀਆਂ ਵਲੋਂ ਬੱਚੀ ਨਾਲ ਕਈ ਦਿਨਾਂ ਤਕ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਕਤਲ ਕਰ ਦਿੱਤਾ ਗਿਆ| ਉਸ ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇੱਕ ਗਰੀਬ ਮੁਸਲਮਾਨ ਪਰਿਵਾਰ ਦੀ ਧੀ ਸੀ ਅਤੇ ਮੰਦਰ ਦਾ ਪੁਜਾਰੀ (ਅਤੇ ਉਸਦੇ ਸਾਥੀ) ਉਸ ਦੇ ਪਰਿਵਾਰ ਨੂੰ ਉਸ ਮੁੱਹਲੇ ਵਿਚੋਂ ਕੱਢਣਾ ਚਾਹੁੰਦੇ ਸਨ| ਮੰਦਰ ਦੇ ਪੁਜਾਰੀ ਅਤੇ ਉਸਦੇ ਸਾਥੀਆਂ ਨੇ ਇਸ ਮਾਸੂਮ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਫਿਰ ਉਸਨੂੰ ਕਤਲ ਕਰ ਦਿੱਤਾ| ਇਹਨਾਂ ਵਹਿਸ਼ੀ ਦਰਿੰਦਿਆਂ ਵਲੋਂ ਕੁੜੀ ਨੂੰ ਜੰਗਲ ਵਿੱਚ ਲਿਜਾ ਕੇ ਕਤਲ ਕਰਨ ਤੋਂ ਪਹਿਲਾਂ ਬੱਚੀ ਨਾਲ ਮੁੜ ਵਾਰੀ ਵਾਰੀ ਬਲਾਤਕਾਰ ਕੀਤਾ ਗਿਆ ਅਤੇ ਫਿਰ ਇਸ ਬੱਚੀ ਦੇ ਸਿਰ ਵਿੱਚ ਪੱਥਰ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ| ਇਸ ਘਟਨਾਂ ਦੇ ਦੋਸ਼ੀਆਂ ਨੂੰ ਸਜਾ ਤੋਂ ਬਚਾਉਣ ਲਈ ਜੰਮੂ ਕਸ਼ਮੀਰ ਸਰਕਾਰ ਵਿੱਚ ਸੱਤਾ ਦਾ ਸੁੱਖ ਭੋਗ ਰਹੇ ਭਾਜਪਾ ਆਗੂਆਂ ਵਲੋਂ ਪੂਰੀ ਵਾਹ ਲਗਾਈ ਗਈ| ਇਸ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਅਤੇ ਉੱਥੋਂ ਦੀ ਮੁੱਖ ਮੰਤਰੀ ਵਲੋਂ ਸਖਤ ਰੁੱਖ ਅਪਣਾਏ ਜਾਣ ਕਾਰਨ ਦੋਸ਼ੀਆਂ ਦਾ ਸਮਰਥਨ ਕਰ ਰਹੇ ਭਾਜਪਾ ਦੇ ਦੋ ਮੰਤਰੀਆਂ ਨੂੰ ਅਸਤੀਫਾ ਵੀ ਦੇਣਾ ਪਿਆ ਹੈ|
ਅਸਲੀਅਤ ਇਹੀ ਹੈ ਕਿ ਦੇਸ਼ ਵਿੱਚ ਔਰਤਾਂ ਤਾਂ ਕੀ ਬੱਚੀਆਂ ਵੀ ਸੁਰਖਿਅਤ ਨਹੀਂ ਹਨ| ਮੋਦੀ ਸਰਕਾਰ ਵੱਲੋਂ ਭਾਵੇਂ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਿਸ ਤਰੀਕੇ ਨਾਲ ਭਾਰਤ ਵਿੱਚ ਔਰਤਾਂ ਖਾਸ ਕਰਕੇ ਬੱਚੀਆਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਉਸ ਨਾਲ ਤਾਂ ਲੱਗਦਾ ਹੈ ਕਿ ਭਾਰਤ ਮੁੜ 18ਵੀਂ ਸਦੀ ਦੇ ਸਮੇਂ ਵੱਲ ਵਾਪਸ ਮੁੜ ਗਿਆ ਹੈ| ਕੁੱਝ ਲੋਕ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਅਤੇ ਉਸ ਸਮੇਂ ਅਪਰਾਧੀਆਂ ਵਿੱਚ ਪੁਲੀਸ ਅਤੇ ਕਾਨੂੰਨ ਦਾ ਡਰ ਹੁੰਦਾ ਸੀ ਪਰ ਹੁਣ ਤਾਂ ਸ਼ਰੇਆਮ ਬਲਾਤਕਾਰ ਵਰਗੇ ਅਪਰਾਧ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਬਚਾਉਣ ਲਈ ਵੱਡੇ ਸਿਆਸੀ ਆਗੂ ਅੱਗੇ ਆ ਜਾਂਦੇ ਹਨ ਜਿਵੇਂ ਕਿ ਉਪਰੋਕਤ ਮਾਮਲਿਆਂ ਵਿੱਚ ਹੋਇਆ ਹੈ|
ਔਰਤਾਂ ਅਤੇ ਬੱਚੀਆਂ ਦੀ ਹਾਲਤ ਇਹ ਹੈ ਕਿ ਉਹ ਬੇਗਾਨਿਆਂ ਦੇ ਨਾਲ ਨਾਲ ਆਪਣਿਆਂ ਦੇ ਜੁਲਮ ਦੀਆਂ ਵੀ ਸ਼ਿਕਾਰ ਹੁੰਦੀਆਂ ਹਨ| ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਹਨਾਂ ਵਿੱਚ ਛੋਟੀਆਂ ਬੱਚੀਆਂ ਦੇ ਰਿਸ਼ਤੇਦਾਰਾਂ (ਮਾਮੇ, ਚਾਚੇ, ਤਾਏ, ਮਾਸੜ) ਅਤੇ ਗੁਆਢੀਆਂ ਵਲੋਂ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ| ਛੋਟੀਆਂ ਬੱਚੀਆਂ ਨਾਲ ਬੇਗਾਨਿਆਂ ਦੇ ਨਾਲ ਨਾਲ ਆਪਣਿਆਂ ਵਲੋਂ ਕੀਤੀ ਜਾਂਦੀ ਛੇੜ ਛਾੜ ਅਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਤਾਂ ਕਈ ਵਾਰ ਸਾਹਮਣੇ ਹੀ ਨਹੀਂ ਆਉਂਦੇ| ਕਈ ਵਾਰ ਬੱਚੀਆਂ ਡਰ ਦੇ ਮਾਰੇ ਕਿਸੇ ਨੂੰ ਕੁੱਝ ਵੀ ਨਹੀਂ ਦਸਦੀਆਂ ਅਤੇ ਕਈ ਵਾਰ ਮਾਪੇ ਵੀ ਬਦਨਾਮੀ ਦੇ ਕਾਰਨ ਚੁਪ ਹੋ ਜਾਂਦੇ ਹਨ ਜਿਸ ਨਾਲ ਮੁਜਰਿਮਾਂ ਦਾ ਹੌਂਸਲਾ ਹੋਰ ਵੱਧਦਾ ਹੈ|
ਬਲਾਤਕਾਰ ਦੀਆਂ ਲਗਾਤਾਰ ਵੱਧਦੀਆਂ ਇਹਨਾਂ ਵਾਰਦਾਤਾਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਅਜਿਹੇ ਕੇਸਾਂ ਦਾ ਛੇਤੀ ਨਿਪਟਾਰਾ ਹੋਵੇ ਅਤੇ ਬਲਾਤਕਾਰੀਆਂ ਨੂੰ ਸਖਤ ਸਜਾ ਦਿੱਤੀ ਜਾਵੇ| ਇਸਦੇ ਨਾਲ ਨਾਲ ਔਰਤਾਂ ਦੀ ਸੁਰਖਿਆ ਯਕੀਨੀ ਬਣਾਈ ਜਾਣੀ ਜਰੂਰੀ ਹੈ| ਬਲਾਤਕਾਰ ਵਰਗੀਆਂ ਘਟਨਾਵਾਂ ਕਾਰਨ ਹੀ ਮਾਦਾ ਭਰੂਣ ਹਤਿਆ ਵਰਗੀਆਂ ਬੁਰਾਈਆਂ ਫੈਲਦੀਆਂ ਹਨ| ਇਸ ਲਈ ਸਰਕਾਰਾਂ ਨੂੰ ਨਾਰੀ ਜਾਤੀ ਦੀ ਸੁਰਖਿਆ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *