ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ

ਜੰੰਮੂ ਖੇਤਰ ਦੇ ਕਠੂਆ ਜਿਲ੍ਹੇ ਵਿੱਚ ਅੱਠ ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਅਤੇ ਫਿਰ ਉਸਦੀ ਹੱਤਿਆ ਦੇ ਮਾਮਲੇ ਵਿੱਚ ਦਰਜ ਦੋ ਦੋਸ਼ਪੱਤਰਾਂ ਵਿੱਚ ਜੋ ਖੁਲਾਸਾ ਹੋਇਆ ਹੈ, ਉਹ ਸ਼ਰਮਨਾਕ ਹੈ| ਹੋਰ ਵੀ ਦੁਖਦ ਇਹ ਹੈ ਕਿ ਇਸ ਮਾਮਲੇ ਨੂੰ ਹੁਣ ਪੂਰੀ ਤਰ੍ਹਾਂ ਫਿਰਕੂ ਅਤੇ ਰਾਜਨੀਤਕ ਰੰਗ ਦੇ ਦਿੱਤਾ ਗਿਆ ਹੈ| ਹਾਲਾਂਕਿ ਪਹਿਲੀ ਨਜ਼ਰ ਵਿੱਚ ਹੀ ਮਾਮਲਾ ਸਿੱਧਾ – ਸਿੱਧਾ ਪੂਰਵਨਿਯੋਜਿਤ ਅਪਰਾਧ ਦਾ ਹੈ| ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਿੱਚ ਪੁਲੀਸ ਨਾ ਸਿਰਫ ਮੁਲਜਮਾਂ ਦੇ ਨਾਲ ਮਿਲੀ ਰਹੀ, ਸਗੋਂ ਅਪਰਾਧਿਕ ਕੰਮ ਵਿੱਚ ਵੀ ਭਾਗੀਦਾਰ ਬਣੀ| ਘਟਨਾ ਇਸ ਸਾਲ ਦਸ ਜਨਵਰੀ ਦੀ ਹੈ ਜਦੋਂ ਬੱਕਰਵਾਲ ਭਾਈਚਾਰੇ ਦੀ ਅੱਠ ਸਾਲ ਦੀ ਇੱਕ ਕੁੜੀ ਨੂੰ ਕੁੱਝ ਲੋਕਾਂ ਨੇ ਅਗਵਾ ਕਰਕੇ ਇੱਕ ਮੰਦਿਰ ਵਿੱਚ ਲੁਕਾ ਲਿਆ ਸੀ ਅਤੇ ਉੱਥੇ ਉਸਦੇ ਨਾਲ ਕਈ ਵਾਰ ਸਮੂਹਿਕ ਬਲਾਤਕਾਰ ਕੀਤਾ ਗਿਆ| ਇਸ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ| ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ਗਿਆ ਅਤੇ ਉਸਦੇ ਸਿਰ ਨੂੰ ਪੱਥਰ ਨਾਲ ਕੁਚਲ ਦਿੱਤਾ ਗਿਆ| ਇਹ ਸਭ ਫੋਰੈਂਸਿਕ ਜਾਂਚ ਵਿੱਚ ਸਾਬਤ ਹੋ ਚੁੱਕਿਆ ਹੈ| ਦੋਸ਼ਪੱਤਰ ਵਿੱਚ ਪੁਲੀਸ ਨੇ ਕਿਹਾ ਹੈ ਕਿ ਘਟਨਾ ਦਾ ਅਸਲੀ ਸਾਜਿਸ਼ਕਰਤਾ ਮੰਦਿਰ ਦਾ ਪੁਜਾਰੀ ਸੀ, ਜਿਸ ਨੇ ਆਪਣੇ ਬੇਟੇ, ਭਤੀਜੇ, ਪੁਲੀਸ ਦੇ ਇੱਕ ਐਸਪੀਓ (ਵਿਸ਼ੇਸ਼ ਪੁਲੀਸ ਅਧਿਕਾਰੀ) ਅਤੇ ਉਸਦੇ ਦੋਸਤਾਂ ਦੇ ਨਾਲ ਹਫਤੇ ਭਰ ਇਸ ਘਿਣਾਉਣੇ ਅਪਰਾਧ ਨੂੰ ਅੰਜਾਮ ਦਿੱਤਾ| ਇਸ ਤੋਂ ਇਲਾਵਾ, ਦੋ ਪੁਲੀਸਵਾਲਿਆਂ ਨੇ ਪੁਜਾਰੀ ਤੋਂ ਘਟਨਾ ਦੇ ਸਬੂਤ ਨਸ਼ਟ ਕਰਣ ਲਈ ਚਾਰ ਲੱਖ ਰੁਪਏ ਲਏ|
ਇਸ ਘਟਨਾ ਨੇ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਤੂਫਾਨ ਲਿਆ ਦਿੱਤਾ ਹੈ| ਰਾਜ ਸਰਕਾਰ ਵਿੱਚ ਖੇਮੇਬੰਦੀ ਪ੍ਰਗਟ ਹੋ ਗਈ ਹੈ| ਭਾਜਪਾ ਖੁੱਲ ਕੇ ਦੋਸ਼ੀਆਂ ਦੇ ਪੱਖ ਵਿੱਚ ਉੱਤਰ ਆਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪੀੜਿਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਗੱਲ ਕਹਿੰਦੇ ਹੋਏ ਭਰੋਸਾ ਦਿਵਾਇਆ ਹੈ ਕਾਨੂੰਨ ਆਪਣਾ ਕੰਮ ਕਰੇਗਾ| ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਦੋਸ਼ੀਆਂ ਦੇ ਸਮਰਥਨ ਵਿੱਚ ਜੋ ਰੈਲੀ ਕੱਢੀ ਗਈ ਅਤੇ ਬੰਦ ਰੱਖਿਆ ਗਿਆ ਉਸ ਵਿੱਚ ਭਾਜਪਾ ਦੇ ਦੋ ਮੰਤਰੀ ਵੀ ਸ਼ਾਮਿਲ ਹੋਏ| ਘਟਨਾ ਨੂੰ ਅੰਜਾਮ ਦੇਣ ਵਾਲੇ ਡੋਗਰਾ ਭਾਈਚਾਰੇ ਦੇ ਹਨ ਅਤੇ ਹਿੰਦੂਵਾਦੀ ਸੰਗਠਨਾਂ ਨਾਲ ਜੁੜੇ ਹਨ| ਕੁੱਝ ਵਕੀਲਾਂ ਨੇ ਪੁਲੀਸ ਨੂੰ ਦੋਸ਼ਪੱਤਰ ਦਾਖਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ| ਕਠੁਆ ਦੀ ਘਟਨਾ ਜ਼ਮੀਨ ਵਿਵਾਦ ਨੂੰ ਲੈ ਕੇ ਦੱਸੀ ਜਾ ਰਹੀ ਹੈ ਜਿਸ ਨੂੰ ਪੁਜਾਰੀ ਖਾਲੀ ਕਰਾਉਣਾ ਚਾਹੁੰਦਾ ਸੀ| ਇਸ ਲਈ ਉਸਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ| ਬੱਕਰਵਾਲ ਮੁਸਲਿਮ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਹੈ| ਪ੍ਰਦੇਸ਼ ਦੀ ਕੁਲ ਮੁਸਲਿਮ ਆਬਾਦੀ ਵਿੱਚ ਗੁੱਜਰ ਅਤੇ ਬੱਕਰਵਾਲ ਗਿਆਰਾਂ ਫੀਸਦੀ ਹਨ| ਇਹ ਪਸ਼ੂ ਪਾਲਕ ਹਨ ਅਤੇ ਇਨ੍ਹਾਂ ਦਾ ਸਥਾਈ ਠਿਕਾਣਾ ਨਹੀਂ ਹੈ| ਇਹ ਲੰਬੇ ਸਮੇਂ ਤੋਂ ਕੇਂਦਰੀ ਜੰਗਲਾਤ ਕਾਨੂੰਨ- 2006 ਨੂੰ ਜੰਮੂ-ਕਸ਼ਮੀਰ ਵਿੱਚ ਵੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ| ਭਾਜਪਾ ਨੂੰ ਲੱਗ ਰਿਹਾ ਹੈ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਗਿਆ ਅਤੇ ਗੁੱਜਰ- ਬੱਕਰਵਾਲ ਭਾਈਚਾਰੇ ਨੂੰ ਜੰਗਲ ਦੀ ਜ਼ਮੀਨ ਦਾ ਹੱਕ ਦੇਣਾ ਪੈ ਗਿਆ ਤਾਂ ਇਸ ਨਾਲ ਜੰਮੂ ਖੇਤਰ ਵਿੱਚ ‘ਹਿੰਦੂ ਭਾਈਚਾਰਾ ਖਤਰੇ ਵਿੱਚ ਪੈ ਜਾਵੇਗਾ’| ਜਦੋਂਕਿ ਪੀਡੀਪੀ ਖੇਮਾ ਇਸ ਜਨਜਾਤੀਆਂ ਦੇ ਨਾਲ ਹੈ|
ਕਠੂਆ ਕਾਂਡ ਦਹਲਾ ਦੇਣ ਵਾਲਾ ਹੈ| ਦੋਸ਼ੀਆਂ ਦੇ ਬਚਾਵ ਵਿੱਚ ਜਿਸ ਤਰ੍ਹਾਂ ਨਾਲ ਭਾਜਪਾ ਦੇ ਮੰਤਰੀ ਤੱਕ ਉਤਰ ਆਏ, ਉਸ ਨਾਲ ਸਾਫ ਹੈ ਕਿ ਭਾਜਪਾ ਹਿੰਦੂ-ਮੁਸਲਿਮ ਦਾ ਖੇਡ ਖੇਡਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ| ਕੁੱਝ ਵਕੀਲਾਂ ਦਾ ਦੋਸ਼ੀਆਂ ਦੇ ਪੱਖ ਵਿੱਚ ਉਤਰਨਾ ਵੀ ਚਿੰਤਾਜਨਕ ਹੈ| ਇਸ ਕਾਂਡ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਪ੍ਰਤੀਕਰਿਆਵਾਂ ਹੋ ਰਹੀਆਂ ਹਨ ਉਸ ਨਾਲ ਪ੍ਰਦੇਸ਼ ਦੀ ਰਾਜਨੀਤੀ ਵਿੱਚ ਫਿਰਕੂਪੁਣੇ ਨੂੰ ਹੀ ਬੜਾਵਾ ਮਿਲੇਗਾ| ਅਜਿਹੇ ਵਿੱਚ, ਮੁੱਖ ਮੰਤਰੀ ਕਿਵੇਂ ਇਸ ਹਾਲਾਤ ਨਾਲ ਨਿਪਟਦੇ ਹਨ ਅਤੇ ਪੀੜਿਤ ਪੱਖ ਨੂੰ ਨਿਆਂ ਯਕੀਨੀ ਕਰਾ ਪਾਉਂਦੇ ਹਨ, ਇਹ ਵੱਡੀ ਚੁਣੌਤੀ ਤਾਂ ਹੈ ਹੀ|
ਦੀਪਕ ਮਹਿਤਾ

Leave a Reply

Your email address will not be published. Required fields are marked *