ਬਲੌਂਗੀ ਕਾਲੋਨੀ ਵਿੱਚ ਧੜੱਲੇ ਨਾਲ ਚਲ ਰਿਹਾ ਹੈ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ

ਬਲੌਂਗੀ ਕਾਲੋਨੀ ਵਿੱਚ ਧੜੱਲੇ ਨਾਲ ਚਲ ਰਿਹਾ ਹੈ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ
ਖਤਰਨਾਕ ਢੰਗ ਨਾਲ ਗੈਸ ਭਰਨ ਨਾਲ ਕਦੇ ਵੀ ਵਾਪਰ ਸਕਦਾ ਹੈ ਹਾਦਸਾ
ਬਲੌਂਗੀ, 21ਜਨਵਰੀ (ਪਵਨ ਰਾਵਤ ) ਬਲੌਂਗੀ ਕਾਲੋਨੀ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰਾਂ ਦੀ ਭਰਾਈ ਦਾ ਕੰਮ ਧੜੱਲੇ ਨਾਲ ਚਲ ਰਿਹਾ ਹੈ ਅਤੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪ੍ਰਸ਼ਾਸਨ ਦੀ ਕਾਰਗੁਜਾਰੀ ਉਪਰ ਵੀ ਸਵਾਲ ਖੜੇ ਹੋਣ ਲੱਗ ਪਏ ਹਨ|
ਹਾਲਾਤ ਇਹ ਹਨ ਕਿ ਬਲੌਂਗੀ ਕਾਲੋਨੀ ਵਿੱਚ ਕਰਿਆਨੇ ਦੀਆਂ ਦੁਕਾਨਾਂ ਵਾਲੇ ਅਤੇ ਹੋਰ ਕਿਸਮ ਦੇ ਸਮਾਨ ਦੀਆਂ ਦੁਕਾਨਾਂ ਵਾਲੇ ਵੀ ਸਾਈਡ ਬਿਜਨਿਸ ਦੇ ਤੌਰ ਤੇ ਗੈਸ ਸਿਲੰਡਰਾਂ ਦੀ ਭਰਾਈ ਦਾ ਕੰਮ ਸ਼ਰੇਆਮ ਕਰ ਰਹੇ ਹਨ| ਇਸ ਸਬੰਧੀ ਸਕਾਈ ਹਾਕ ਟਾਈਮਜ ਵਲੋਂ ਪਿਛਲੇ ਸਾਲ (25 ਅਗਸਤ ਨੂੰ) ਪ੍ਰਮੁੱਖਤਾ ਨਾਲ ਇਸ ਮਾਮਲੇ ਨੂੰ ਖਬਰ ਪ੍ਰਕਾਸ਼ਿਤ ਕਰਕੇ ਉਭਾਰਿਆ ਗਿਆ ਸੀ, ਪਰੰਤੂ ਇਸਦੇ ਬਾਅਦ ਵੀ ਪ੍ਰਸ਼ਾਸਨ ਵਲੋਂ ਗੈਰਕਾਨੂੰਨੀ ਤਰੀਕੇ ਨਾਲ ਗੈਸ ਭਰਨ ਦੀ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹਨਾਂ ਦੁਕਾਨਦਾਰਾਂ ਵਲੋਂ ਧੜੱਲੇ ਨਾਲ ਵੱਡੇ ਸਿਲੰਡਰਾਂ ਵਿਚੋਂ ਗੈਸ ਕੱਢਕੇ ਛੋਟੇ ਸਿਲੰਡਰਾਂ ਵਿੱਚ ਭਰ ਕੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ|
ਇਲਾਕਾ ਵਾਸੀ ਰਵੀ ਸ਼ੰਕਰ, ਰਾਹੁਲ, ਅਜੀਤ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਬਲਂੌਗੀ ਕਾਲੋਨੀ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਗੈਸ ਭਰਨ ਵਾਲੇ ਰੋਜਾਨਾ ਸ਼ਰੇਆਮ ਇੱਕ ਸਿਲੰਡਰ ਵਿਚੋਂ ਦੂਜੇ ਸਿਲੰਡਰ ਵਿੱਚ ਗੈਸ ਭਰਦੇ ਰਹਿੰਦ ੇਹਨ| ਉਹਨਾਂ ਕਿਹਾ ਕਿ ਇਹਨਾਂ ਦੇ ਇਸ ਤਰ੍ਹਾਂ ਗੈਸ ਭਰਨ ਦਾ ਢੰਗ ਕਾਫੀ ਖਤਰਨਾਕ ਹੈ ਅਤੇ ਅਜਿਹਾ ਕਰਕੇ ਇਹ ਖੁਦ ਆਪਣੀ ਜਾਨ ਤਾਂ ਜੋਖਮ ਵਿੱਚ ਪਾਉਂਦੇ ਹੀ ਹਨ, ਹੋਰਨਾਂ ਲੋਕਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਹਨ| ਉਹਨਾਂ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹਨਾਂ ਦੁਕਾਨਦਾਰਾਂ ਕੋਲ ਗੈਸ ਭਰਕੇ ਵੇਚਣ ਲਈ ਇੰਨੀ ਭਾਰੀ ਗਿਣਤੀ ਵਿੱਚ ਗੈਸ ਦੇ ਭਰੇ ਸਿਲੰਡਰ ਕਿਥੋਂ ਆਉਂਦੇ ਹਨ| ਉਹਨਾਂ ਮੰਗ ਕੀਤੀ ਕਿ ਗੈਰਕਾਨੂੰਨੀ ਤਰੀਕੇ ਅਤੇ ਖਤਰਨਾਕ ਢੰਗ ਨਾਲ ਗੈਸ ਭਰ ਕੇ ਵੇਚਣ ਵਾਲਿਆਂ ਦੁਕਾਨਦਾਰਾਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਥੇ ਕੋਈ ਗੰਭੀਰ ਹਾਦਸਾ ਵਾਪਰਨ ਤੋਂ ਰੋਕਿਆ ਜਾ ਸਕੇ|
ਸੰਪਰਕ ਕਰਨ ਤੇ ਜਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਸ੍ਰ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ| ਉਹਨਾਂ ਕਿਹਾ ਕਿ ਅੱਜ ਉਹ ਕਿਤੇ ਬਾਹਰ ਹਨ ਅਤੇ ਇੱਕ ਦੋ ਦਿਨਾਂ ਵਿੱਚ ਇਸ ਸੰਬੰਧੀ ਕਾਰਵਾਈ ਕਰਕੇ ਇਸ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ|

Leave a Reply

Your email address will not be published. Required fields are marked *