ਬਲੌਂਗੀ ਕਾਲੋਨੀ ਵਿੱਚ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ

ਬਲੌਂਗੀ ਕਾਲੋਨੀ ਵਿੱਚ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ
ਪੰਚ ਲਾਲ ਬਹਾਦਰ ਯਾਦਵ ਵਲੋਂ ਕਾਲੋਨੀ ਵਿੱਚ ਕੂੜੇਦਾਨ ਰੱਖਣ ਦੀ ਮੰਗ
ਬਲੌਂਗੀ, 21 ਜਨਵਰੀ (ਪਵਨ ਰਾਵਤ) ਬਲੌਂਗੀ ਕਾਲੋਨੀ ਵਿੱਂਚ ਥਾਂ ਥਾਂ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ| ਬਲੌਂਗੀ ਕਾਲੋਨੀ ਦੇ ਵਾਰਡ ਨੰਬਰ 10 ਤੋਂ ਪੰਚ ਲਾਲ ਬਹਾਦਰ ਯਾਦਵ ਨੇ ਦੱਸਿਆ ਕਿ ਸਬਜੀ ਮੰਡੀ, ਮੁਰਗੇ ਮੱਛੀ ਦੀ ਮਾਰਕੀਟ ਅਤੇ ਹੋਰਨਾਂ ਥਾਵਾਂ ਤੋਂ ਰੇਹੜੀਆਂ ਅਤੇ ਟਰਾਲੀਆਂ ਵਾਲੇ ਕੂੜਾ ਭਰ ਕੇ ਆਜਾਦ ਨਗਰ ਦੀ ਆਬਾਦੀ ਨੇੜੇ ਪਈ ਖਾਲੀ ਥਾਂ ਵਿੱਚ ਸੁੱਟ ਜਾਂਦੇ ਹਨ| ਉਹਨਾਂ ਦੱਸਿਆ ਕਿ ਇਸ ਗੰਦਗੀ ਕਾਰਨ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਇਲਾਕੇ ਵਿੱਚ ਡੇਂਗੂ ਅਤੇ ਹੈਜਾ ਫੈਲ ਗਿਆ ਸੀ ਅਤੇ ਹੁਣ ਵੀ ਇਸ ਗੰਦਗੀ ਕਾਰਨ ਕਦੇ ਵੀ ਬਿਮਾਰੀ ਫੈਲ ਸਕਦੀ ਹੈ| ਉਹਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਕਦੇ ਵੀ ਇਸ ਗੰਦਗੀ ਨੂੰ ਹਟਾਉਣ ਅਤੇ ਇਸ ਥਾਂ ਉੱਪਰ ਰੇਹੜੀਆਂ ਅਤੇ ਟਰਾਲੀਆਂ ਵਾਲਿਆਂ ਨੂੰ ਕੂੜਾ ਤੇ ਗੰਦਗੀ ਸੁੱਟਣ ਤੋਂ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਉਹਨਾਂ ਨੇ ਇਸ ਇਲਾਕੇ ਵਿਚੋਂ ਗੰਦਗੀ ਚੁਕਵਾਉਣ ਅਤੇ ਬਲੌਂਗੀ ਕਾਲੋਨੀ ਵਿੱਚ ਵੱਖ ਵੱਖ ਥਾਵਾਂ ਉਪਰ ਕੂੜੇਦਾਨ ਰਖਵਾਉਣ ਲਈ ਐਸ ਡੀ ਐਮ ਮੁਹਾਲੀ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਪੱਤਰ ਲਿਖੇ ਸਨ ਪਰ ਫਿਰ ਵੀ ਇਸ ਇਲਾਕੇ ਵਿਚੋਂ ਗੰਦਗੀ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਜੇ ਇਸ ਗੰਦਗੀ ਨਾਲ ਇਲਾਕੇ ਵਿੱਚ ਕੋਈ ਬਿਮਾਰੀ ਫੈਲਦੀ ਹੈ ਤਾਂ ਇਸਦਾ ਜਿੰਮੇਵਾਰ ਪ੍ਰਸ਼ਾਸਨ ਖੁਦ ਹੇਵੇਗਾ| ਉਹਨਾਂ ਮੰਗ ਕੀਤੀ ਕਿ ਬਲੌਂਗੀ ਕਾਲੋਨੀ ਵਿੱਚ ਵੱਖ ਵੱਖ ਥਾਵਾਂ ਉਪਰ ਕੂੜੇਦਾਨ ਰੱਖੇ ਜਾਣ ਅਤੇ ਗੰਦਗੀ ਨੂੰ ਚੁਕਵਾਇਆ ਜਾਵੇ| ਇਸ ਮੌਕੇ ਪਿੰਡ ਵਾਸੀ ਪ੍ਰੇਮ ਪ੍ਰਕਾਸ਼ ਯਾਦਵ, ਅੰਮ੍ਰਿਤ ਲਾਲ, ਰਾਮ ਬਾਬੂ, ਦੀਪ ਨਰਾਇਣ, ਮਹਾਂਵੀਰ, ਹਿਮਾਂਸ਼ੂ, ਬੁੱਧ ਰਾਮ, ਮਾਨ ਸਿੰਘ, ਰਾਮ ਪ੍ਰਕਾਸ਼, ਦਸ਼ਰਥ ਯਾਦਵ, ਹਰਜੀਤ ਸਿੰਘ, ਯਾਦੇਸ਼ਵਰ, ਹਾਕਮ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *