ਬਲੌਂਗੀ ਪੁਲੀਸ ਵਲੋਂ ਬੱਲੋਮਾਜਰਾ ਵਿੱਚ ਜਾਅਲੀ ਪਨੀਰ ਦੀ ਫੈਕਟ੍ਰੀ ਚਲਾਉਣ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਨਾਮਜਦ, ਅਸ਼ੋਕ ਕੁਮਾਰ ਦਾ ਦੋ ਦਿਨਾਂ ਪੁਲੀਸ ਰਿਮਾਂਡ

ਬਲੌਂਗੀ ਪੁਲੀਸ ਵਲੋਂ ਬੱਲੋਮਾਜਰਾ ਵਿੱਚ ਜਾਅਲੀ ਪਨੀਰ ਦੀ ਫੈਕਟ੍ਰੀ ਚਲਾਉਣ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਨਾਮਜਦ, ਅਸ਼ੋਕ ਕੁਮਾਰ ਦਾ ਦੋ ਦਿਨਾਂ ਪੁਲੀਸ ਰਿਮਾਂਡ
ਜਾਅਲੀ ਸਾਮਾਨ ਖਰੀਦਣ ਵਾਲੇ ਦੁਕਾਨਦਾਰਾਂ ਅਤੇ ਹਲਵਾਈਆਂ ਤੇ ਵੀ ਹੋਵੇਗੀ ਕਾਰਵਾਈ

ਐਸ ਏ ਐਸ ਨਗਰ, 22 ਅਗਸਤ (ਸ.ਬ.) ਬਲੌਂਗੀ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਨੇੜਲੇ ਪਿੰਡ ਬੱਲੋਮਾਜਰਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਜਾਅਲੀ ਪਨੀਰ, ਮੱਖਣ ਅਤੇ ਦੁੱਧ ਦੇ ਹੋਰ ਉਤਪਾਦ ਤਿਆਰ ਕਰਨ ਵਾਲੇ ਅਸ਼ੋਕ ਕੁਮਾਰ ਨੂੰ ਅੱਜ ਪੁਲੀਸ ਵਲੋਂ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਉਸਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ| ਇਸ ਦੌਰਾਨ ਬਲੌਂਗੀ ਪੁਲੀਸ ਵਲੋਂ ਜਾਅਲੀ ਸਾਮਾਨ ਤਿਆਰ ਕਰਨ ਵਾਲੀ ਫੈਕਟ੍ਰੀ ਦੇ ਮਾਲਕ ਅਸ਼ੋਕ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਪਵਨ ਕੁਮਾਰ, ਗੁਲਸ਼ਨ ਕੁਮਾਰ ਅਤੇ ਸਿਪਾਹੀ ਲਾਲ ਨੂੰ ਨਾਮਜਦ ਕੀਤਾ ਹੈ ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ| ਬਲੌਂਗੀ ਦੇ ਐਸ ਐਚ ਓ ਸ੍ਰ. ਮਨਫੂਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਿਲ ਤਿੰਨ ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਹ ਵਿਅਕਤੀ ਜਾਅਲੀ ਪਨੀਰ, ਮੱਖਣ ਅਤੇ ਹੋਰ ਸਾਮਾਨ ਤਿਆਰ ਕਰਕੇ ਇਸ ਖੇਤਰ ਦੀਆਂ ਦੁਕਾਨਾਂ ਅਤੇ ਹਲਵਾਈਆਂ ਨੂੰ ਸਪਲਾਈ ਕਰਦੇ ਸਨ ਅਤੇ ਇਨ੍ਹਾਂ ਤੋਂ ਜਾਅਲੀ ਤਿਆਰ ਕੀਤਾ ਜਾਂਦਾ ਸਾਮਾਨ ਖਰੀਦਣ ਵਾਲੇ ਦੁਕਾਨਦਾਰਾਂ ਅਤੇ ਹਲਵਾਈਆਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ|
ਜਿਕਰਯੋਗ ਹੈ ਕਿ ਬੀਤੇ ਕੱਲ ਡੇਅਰੀ ਵਿਕਾਸ ਬੋਰਡ, ਸਿਹਤ ਵਿਭਾਗ ਤੇ ਪੁਲੀਸ ਵੱਲੋਂ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਦੇ ਸਹਿਯੋਗ ਸਦਕਾ ਨੇੜਲੇ ਪਿੰਡ ਬੱਲੋਮਾਜਰਾ ਵਿਖੇ ਬਿਨਾਂ ਲਾਇਸੰਸ ਤੋਂ ਖਾਧ ਪਦਾਰਥ ਤਿਆਰ ਕਰਨ ਵਾਲੀ ਫੈਕਟਰੀ ਵਿਚ ਛਾਪਾਮਾਰੀ ਕਰਕੇ 2,060 ਕਿਲੋ ਨਕਲੀ ਪਨੀਰ 89 ਕਿਲੋ ਮੱਖਣ,ਦੇਸੀ ਘਿਓ , ਕ੍ਰੀਮ , 3 ਟਨ ਤੋਂ ਵੱਧ ਸਕਿਮ ਮਿਲਕ ਪਾਊਡਰ ਅਤੇ 120 ਲੀਟਰ ਸਲਫਿਊਰਿਕ ਐਸਿਡ ਬਰਾਮਦ ਕਰਕੇ ਇਸ ਗੋਰਖ ਧੰਦੇ ਨੂੰ ਚਲਾਉਣ ਵਾਲੇ ਅਸ਼ੋਕ ਕੁਮਾਰ ਵਾਸੀ ਮੌਲੀ ਜਗਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 272/273 ਅਤੇ 420 ਦਾ ਮਾਮਲਾ ਦਰਜ ਕੀਤਾ ਗਿਆ ਸੀ|
ਪਿੰਡ ਬੱਲੋਮਾਜਰਾ ਵਿਖੇ ਤਿਆਰ ਕੀਤੇ ਜਾਂਦੇ ਨਕਲੀ ਪਨੀਰ, ਘਿਓ ਅਤੇ ਹੋਰ ਖਾਧ ਪਦਾਰਥ ਚੰਡੀਗੜ ਸਮੇਤ ਖਰੜ, ਕੁਰਾਲੀ, ਐਸ.ਏ.ਐਸ. ਨਗਰ, ਡੇਰਾਬਸੀ, ਰਾਜਪੁਰਾ ਅਤੇ ਹੋਰ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਪਲਾਈ ਕੀਤੇ ਜਾਂਦੇ ਸਨ|

Leave a Reply

Your email address will not be published. Required fields are marked *