ਬਲੌਂਗੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆ ਵਿੱਚ ਖੜ੍ਹਾ ਹੈ ਪਾਣੀ, ਲੋਕ ਹੋ ਰਹੇ ਹਨ ਪਰੇਸ਼ਾਨ

ਬਲੌਂਗੀ, 9 ਜੁਲਾਈ (ਪਵਨ ਰਾਵਤ) ਬੀਤੇ ਦਿਨ ਪਈ ਬਰਸਾਤ ਕਾਰਨ ਬਲੌਂਗੀ ਦੀਆਂ ਵੱਖ-ਵੱਖ ਗਲੀਆਂ ਅਤੇ ਸੜਕਾਂ ਵਿੱਚ ਖੜ੍ਹੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਹੁਣੇ ਵੀ ਸੜਕਾਂ ਉੱਤੇ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸਥਾਨਕ ਵਸਨੀਕਾਂ ਮੋਹਿਤ, ਰਾਹੁਲ, ਰਮਨ ਅਤੇ ਹੋਰਨਾਂ ਨੇ ਦੱਸਿਆ ਕਿ ਬਰਸਾਤ ਪੈਣ ਤੋਂ ਬਾਅਦ ਬਲੌਂਗੀ ਦੀਆਂ ਗਲੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਜਿਸਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾ ਕਿਹਾ ਕਿ ਬੀਤੇ ਦਿਨ ਮੀਂਹ ਪੈਣ ਕਾਰਨ ਗਲੀਆਂ ਵਿੱਚ ਪਾਣੀ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਸੀ ਅਤੇ ਸਾਵਣ ਮਹੀਨੇ ਦੀ ਸ਼ੁਰੂਆਤ ਵਿੱਚ ਪੈਣ ਵਾਲੇ ਇਸ ਮੀਂਹ ਨੇ ਪੰਚਾਇਤ ਦੇ ਤਮਾਮ ਦਾਅਵਿਆਂ ਤੇ ਪਾਣੀ ਫੇਰ ਦਿੱਤਾ ਹੈ|
ਉਹਨਾਂ ਕਿਹਾ ਕਿ ਵੋਟਾਂ ਲੈਣ              ਵੇਲੇ ਤਾਂ ਹਰ ਪਾਰਟੀ ਦੇ ਆਗੂਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪ੍ਰੰਤੂ ਵੋਟਾਂ ਤੋਂ ਬਾਅਦ ਕਿਸੇ ਵੀ ਪੰਚ ਜਾਂ ਸਰਪੰਚ ਵੱਲੋਂ ਪਿੰਡ ਦੀ ਸਾਰ ਤੱਕ ਨਹੀਂ ਲਈ ਜਾਂਦੀ| ਉਨ੍ਹਾਂ ਕਿਹਾ ਕਿ ਪਿਛਲੀਆਂ ਵੋਟਾਂ ਦੌਰਾਨ ਜਦੋਂ ਪਿੰਡ ਦੇ ਪੰਚਾਂ ਅਤੇ ਸਰਪੰਚਾਂ ਵਲੋਂ ਲੋਕਾਂ ਦੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ ਸਨ ਉਦੋਂ ਹਰ ਨਿਵਾਸੀ ਦੀ ਇੱਕੋ-ਇੱਕ ਮੰਗ ਸੀ ਕਿ ਹਰ ਸਾਲ ਬਰਸਾਤੀ ਮੌਸਮ ਵਿੱਚ ਗਲੀਆਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰੰਤੂ ਅੱਜ ਤੱਕ ਕਿਸੇ ਵੀ ਪੰਚਾਇਤ ਜਾਂ ਪ੍ਰਸ਼ਾਸ਼ਨ ਵੱਲੋਂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ|
ਉਨ੍ਹਾਂ ਕਿਹਾ ਕਿ ਬਰਸਾਤ ਦੇ                 ਸਮੇਂ ਵਿੱਚ ਬਲੌਂਗੀ ਨਿਵਾਸੀ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ| ਜਿਸ ਕਾਰਨ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ| ਉਨ੍ਹਾਂ ਪ੍ਰਸ਼ਾਸ਼ਨ ਅਤੇ ਪੰਚਾਇਤ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਰਸਾਤੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਸਥਾਨਕ ਨਿਵਾਸੀਆਂ ਦੀ ਸੱਮਸਿਆ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *