ਬਲੌਂਗੀ ਵਿੱਚ ਲੱਗੇ ਕੂੜੇ ਦੇ ਵੱਡੇ ਢੇਰ ਕਾਰਨ ਵਸਨੀਕ ਪ੍ਰੇਸ਼ਾਨ

ਬਲੌਂਗੀ, 5 ਅਪ੍ਰੈਲ (ਪਵਨ) ਬਲੌਂਗੀ ਪਿੰਡ ਵਿੱਚ ਮੰਡੀ ਵਾਲੀ ਥਾਂ ਨੇੜੇ ਕਈ ਸਾਲਾਂ ਤੋਂ ਕੂੜੇ ਦਾ ਵੱਡਾ ਢੇਰ ਪਿਆ ਹੈ, ਜੋ ਕਿ ਦਿਨੋਂ ਦਿਨ ਹੋਰ ਵੱਡਾ ਹੋ ਰਿਹਾ ਹੈ| ਇਲਾਕਾ ਵਾਸੀ ਸੁਰਿੰਦਰ ਸਿੰਘ ਅਤੇ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਥਾਂ ਉਪਰ ਇਹ ਕੂੜੇ ਦਾ ਢੇਰ ਪਿਛਲੇ ਕਈ ਸਾਲਾਂ ਤੋਂ ਪਿਆ ਹੈ| ਲੋਕਾਂ ਦੇ ਘਰਾਂ ਵਿੱਚੋਂ ਕੂੜਾ ਇਕੱਤਰ ਕਰਨ ਵਾਲੇ ਪ੍ਰਾਈੇਵੇਟ ਸਫਾਈ ਸੇਵਕ ਇਕੱਤਰ ਕੀਤਾ ਕੂੜਾ ਇਸ ਥਾਂ ਉਪਰ ਹੀ ਸੁੱਟਦੇ ਰਹਿੰਦੇ ਹਨ ਜਿਸ ਕਾਰਨ ਇਹ ਕੂੜੇ ਦਾ ਢੇਰ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ| ਬਰਸਾਤ ਦੇ ਦਿਨਾਂ ਦੌਰਾਨ ਅਤੇ ਹਨੇਰੀ ਆਉਣ ਕਾਰਨ ਤਾਂ ਇਸ ਕੂੜੇ ਵਿੱਚ ਦਲਦਲ ਜਿਹੀ ਬਣ ਜਾਂਦੀ ਹੈ ਅਤੇ ਕੂੜਾ ਬਹੁਤ ਦੂਰ ਦੂਰ ਤਕ ਖਿਲਰ ਜਾਂਦਾ ਹੈ| ਇਸ ਕੂੜੇ ਵਿੱਚੋਂ ਬਹੁਤ ਹੀ ਗੰਦੀ ਬਦਬੂ ਵੀ ਉਠਦੀ ਹੈ|
ਉਹਨਾਂ ਕਿਹਾ ਕਿ ਜਿਸ ਥਾਂ ਇਹ ਕੂੜੇ ਦਾ ਢੇਰ ਪਿਆ ਹੈ, ਉਸ ਦੇ ਨੇੜੇ ਹੀ ਆਜਾਦ ਨਗਰ ਦਾ ਰਿਹਾਇਸ਼ੀ ਇਲਾਕਾ ਅਤੇ ਦਸ਼ਮੇਸ਼ ਮਾਰਕੀਟ ਹਨ| ਇਸ ਕੂੜੇ ਕਾਰਨ ਕਦੇ ਵੀ ਇਹਨਾਂ ਇਲਾਕਿਆਂ ਵਿੱਚ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ| ਇਸ ਕੂੜੇ ਕਾਰਨ ਪਹਿਲਾਂ ਹੀ ਇਸ ਇਲਾਕੇ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਬਹੁਤ ਭਰਮਾਰ ਹੋ ਗਈ ਹੈ| ਇਸ ਤੋਂ ਇਲਾਵਾ ਇਸ ਕੂੜੇ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਜਹਿਰੀਲੇ ਜੀਵ ਜੰਤੂ ਇਸ ਇਲਾਕੇ ਵਿੱਚ ਪੈਦਾ ਹੋ ਗਏ ਹਨ| ਇਸ ਕੂੜੇ ਨੂੰ ਆਵਾਰਾ ਡੰਗਰ ਅਤੇ ਆਵਾਰਾ ਕੁੱਤੇ ਵੀ ਫਰੋਲਦੇ ਰਹਿੰਦੇ ਹਨ ਜਿਸ ਕਾਰਨ ਹਰ ਪਾਸੇ ਹੀ ਗੰਦਗੀ ਫੈਲ ਜਾਂਦੀ ਹੈ| ਇਸ ਥਾਂ ਕੂੜਾ ਸੁੱਟਣ ਵਾਲੇ ਵਿਅਕਤੀ ਕੁਝ ਦਿਨ ਬਾਅਦ ਹੀ ਇਸ ਕੂੜੇ ਨੂੰ ਅੱਗ ਵੀ ਲਗਾ ਦਿੰਦੇ ਹਨ, ਜਿਸ ਕਾਰਨ ਹਰ ਪਾਸੇ ਹੀ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ ਇਸ ਧੂੰਏ ਕਾਰਨ ਇਸ ਥਾਂ ਦੇ ਨੇੜਿਓਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਕੂੜੇ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ ਅਤੇ ਇਸ ਥਾਂ ਕੂੜਾ ਸੁੱਟਣ ਉਪਰ ਪਾਬੰਦੀ ਲਗਾਈ ਜਾਵੇ ਤਾਂ ਕਿ ਇਲਾਕੇ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ|

Leave a Reply

Your email address will not be published. Required fields are marked *