ਬਲੌਂਗੀ ਵਿੱਚ ਸ਼ਰੇਆਮ ਲੱਗਦੀ ਹੈ ਸਬਜੀ ਮੰਡੀ

ਬਲੌਂਗੀ, 22 ਸਤੰਬਰ (ਪਵਨ ਰਾਵਤ) ਕੋਰੋਨਾ ਦੀ ਮਹਾਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਭਾਵੇਂ ਪ੍ਰਸ਼ਾਸ਼ਨ ਵਲੋਂ ਵੱਖ ਵੱਖ ਥਾਵਾਂ ਤੇ ਲਗਾਈਆਂ ਜਾਂਦੀਆਂ ਸਬਜੀ ਮੰਡੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਪਰੰਤੂ ਬਲੌਂਗੀ ਵਿੱਚ ਪ੍ਰਸ਼ਾਸਨ ਦੇ ਹੁਕਮਾਂ ਦੇ ਉਲਟ ਸਬਜ਼ੀ ਮੰਡੀ ਲਗਾਈ ਜਾ ਰਹੀ ਹੈ ਅਤੇ ਕੋਰੋਨਾ ਦੀ ਬਿਮਾਰੀ ਸੰਬੰਧੀ ਸਰਕਾਰ ਵਲੋਂ ਜਾਰੀ ਕੀਤੇ ਗਏ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰੰਤੂ ਪ੍ਰਸ਼ਾਸਨ ਬਿਲਕੁਲ ਬੇਖਬਰ ਨਜ਼ਰ ਆ ਰਿਹਾ ਹੈ| 
ਪਿੰਡ ਬਲੌਂਗੀ ਦੇ ਸਮਾਜ ਸੇਵੀ ਆਗੂ ਵੀਰ ਪ੍ਰਤਾਪ ਸਿੰਘ ਬਾਵਾ ਨੇ ਕਿਹਾ ਕਿ ਪਿੰਡ ਬਲੌਂਗੀ ਵਿੱਚ ਪਿਛਲੇ ਦਿਨਾਂ ਵਿੱਚ  ਕਰੋਨਾ ਦੇ ਕਈ ਮਰੀਜ਼ ਆ ਚੁੱਕੇ ਹਨ| ਉਹਨਾਂ ਕਿਹਾ ਕਿ ਬਲੌਗੀ ਇਕ ਸੰਘਣੀ ਆਬਾਦੀ ਵਾਲਾ ਖੇਤਰ ਹੈ ਜਿੱਥੇ ਜ਼ਿਆਦਾਤਰ ਪ੍ਰਵਾਸੀ ਲੋਕ ਇੱਕ-ਇੱਕ ਕਮਰੇ ਵਿਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ| ਉਨ੍ਹਾਂ ਕਿਹਾ ਪਿੰਡ ਬਲੌਂਗੀ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਸਾਮ੍ਹਣੇ ਆਉਣ ਦੇ ਬਾਵਜੂਦ ਰੋਜ਼ਾਨਾ ਸ਼ਾਮ ਨੂੰ ਸਬਜ਼ੀ ਮੰਡੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਦੁਕਾਨਾਂ ਲਗਾਈਆਂ ਜਾ ਰਹੀਆਂ ਹਨ ਜਿੱਥੇ ਦੁਕਾਨਦਾਰਾਂ ਦੇ ਨਾਲ ਨਾਲ ਆਮ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਸਮਾਜਿਕ ਦੂਰੀ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ| 
ਉਨ੍ਹਾਂ ਕਿਹਾ ਕਿ ਇੱਥੇ ਜ਼ਿਆਦਾਤਰ ਦੁਕਾਨਦਾਰ ਬਿਨਾਂ ਮਾਸਕ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਸਾਮਾਨ ਵੇਚਦੇ ਆਮ              ਦੇਖੇ ਜਾ ਸਕਦੇ ਹਨ ਅਤੇ ਇਸ ਕਾਰਨ ਆਉਣ ਵਾਲੇ ਸਮੇਂ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ ਵੱਧ ਸਕਦੇ ਹਨ| ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੰਘਣੀ ਆਬਾਦੀ ਵਾਲੇ ਏਰੀਏ ਵਿੱਚ ਇਸ ਤਰ੍ਹਾਂ ਮੰਡੀ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਨਾ ਹੋ ਸਕੇ| 
ਉਨ੍ਹਾਂ ਕਿਹਾ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕਿਸੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੇ ਉਸ ਨੂੰ ਇਕਾਂਤਵਾਸ ਕੀਤਾ ਜਾਣਾ ਜ਼ਰੂਰੀ ਹੁੰਦੀ ਹੈ ਪ੍ਰੰਤੂ ਪਿੰਡ ਬਲੌਂਗੀ ਵਿੱਚ ਵੱਡੀ ਗਿਣਤੀ ਦੇ ਲੋਕ ਇੱਕ ਕਮਰੇ ਵਿੱਚ ਹੀ ਰਹਿੰਦੇ ਹਨ ਜਿਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਕਰਨਾ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਪੈਦਾ                ਕਰੇਗਾ ਅਤੇ ਅਜਿਹੇ ਮਰੀਜਾਂ ਦੇ ਪਰਿਵਾਰ ਵਾਲਿਆਂ ਲਈ ਵੀ ਬਿਮਾਰੀ ਦਾ ਸ਼ਿਕਾਰ ਹੌਣ ਦਾ ਖਤਰਾ ਬਣਿਆ ਰਹੇਗਾ| ਉਹਨਾਂ ਮੰਗ ਕੀਤੀ ਹੈ ਇਸ ਲਈ  ਪ੍ਰਸ਼ਾਸਨ  ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦੇਵੇ ਤਾਂ ਜੋ ਆਉਣ ਵਾਲੇ ਦਿਨਾਂ  ਬਲੌਂਗੀ ਵਿੱਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਨਾ ਹੋ ਸਕੇ|

Leave a Reply

Your email address will not be published. Required fields are marked *