ਬਸਪਾ ਉਮੀਦਵਾਰ ਪ੍ਰੋ. ਸਰਬਜੀਤ ਸਿੰਘ ਨੇ ਪਿੰਡ ਦਾਊਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਐਸ.ਏ.ਐਸ. ਨਗਰ, 29 ਦਸੰਬਰ (ਸ.ਬ.)  ਪੰਜਾਬ ਉਤੇ ਪਿਛਲੇ ਲਗਭਗ 70 ਸਾਲ ਤੋਂ ਵਾਰੋ ਵਾਰੀ ਰਾਜ ਕਰਦੀਆਂ ਆ ਰਹੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਕੁੱਟਿਆ ਅਤੇ ਪਾੜੋ ਤੇ ਰਾਜਨੀਤੀ ਤਹਿਤ ਲੋਕਾਂ ਉਤੇ ਰਾਜ ਕੀਤਾ| ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਲੋਕਾਂ ਨੂੰ ਭਵਿੱਖਨਿਧੀ ਯੋਜਨਾਵਾਂ ਦੇ ਸਬਜ਼ਬਾਗ ਦਿਖਾ ਕੇ ਫਿਰ ਵੋਟਾਂ ਬਟੋਰਨ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ| ਬਹੁਜਨ ਸਮਾਜ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਪ੍ਰੋ. ਸਰਬਜੀਤ ਸਿੰਘ ਨੇ ਇਹ ਵਿਚਾਰ ਹਲਕਾ ਮੁਹਾਲੀ ਦੇ ਪਿੰਡ ਦਾਊਂ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਉਦਾਹਰਨ ਪਿੰਡ ਦਾਊਂ ਵਿਚੋਂ ਹੀ ਮਿਲ ਸਕਦੀ ਹੈ| ਅਕਾਲੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਏ ਇਸ ਪਿੰਡ ਦਾਊਂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ| ਪਿੰਡ ਵਿੱਚ ਦਲਿਤਾਂ ਦੇ ਮੁਹੱਲੇ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ ਗਲੀਆ ਵਿੱਚ ਗੰਦਾ ਪਾਣੀ ਖੜ੍ਹਨ ਨਾਲ ਕੋਈ ਨਾ ਕੋਈ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ| ਮਹਿਰਾ ਮੁਹੱਲੇ ਵਿੱਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਹਨ| ਇਸ ਤੋਂ ਇਲਾਵਾ ਇਸ ਇਤਿਹਾਸਕ ਪਿੰਡ ਦੇ ਬਾਹਰਲੇ ਪਾਸੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸਫ਼ਾਈ ਦੀ ਬੁਰੀ ਹਾਲਤ ਪਿੰਡ ਦੀ ਅੰਦਰੂਨੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ|
ਇਸ ਮੌਕੇ ਬਸਪਾ ਆਗੂਆਂ ਵਿੱਚ ਪਾਲ ਸਿੰਘ ਰੱਤੂ ਮੰਡਲ  ਕੋਆਰਡੀਨੇਟਰ ਰੋਪੜ ਡਿਵੀਜ਼ਨ, ਸੁਖਦੇਵ ਸਿੰਘ ਚੱਪੜਚਿੜੀ, ਹਰਜੀਤ ਸਿੰਘ ਜ਼ਿਲ੍ਹਾ ਕਿਸਾਨ ਵਿੰਗ ਆਗੂ, ਹਰਮੇਸ਼ ਸਿੰਘ ਦੇਵਪੁਰੀ, ਗੁਲਜ਼ਾਰ ਸਿੰਘ ਬੜੌਦੀ, ਸੁੱਚਾ ਸਿੰਘ ਬਲੌਂਗੀ, ਗੁਰਮੁਖ ਸਿੰਘ ਬਹਿਲੋਲਪੁਰ, ਹਰਬੰਸ ਸਿੰਘ ਵਾਈਸ ਪ੍ਰਧਾਨ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *