ਬਹਾਦਰਗੜ੍ਹ ਵਿਖੇ ਸੜਕ ਹਾਦਸੇ ਵਿੱਚ ਤਿੰਨ ਵਾਹਨ ਨੁਕਸਾਨਗ੍ਰਸਤ

ਬਹਾਦਰਗੜ੍ਹ, 6 ਮਈ (ਜਗਮੋਹਨ ਸਿੰਘ) ਅੱਜ ਸਵੇਰੇ ਅੱਠ ਵਜੇ ਪਟਿਆਲਾ -ਰਾਜਪੁਰਾ ਰੋਡ ਉਪਰ ਵਸੇ ਕਸਬੇ ਬਹਾਦਰਗੜ੍ਹ ਵਿਖੇ ਤਿੰਨ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਤਿੰਨੇ ਵਾਹਨ ਕਾਫੀ ਟੁੱਟਭੱਜ ਗਏ ਪਰ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ|
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਦੀ ਇਕ ਬੱਸ ਪਟਿਆਲਾ ਤੋਂ ਮੁਹਾਲੀ ਜਾ ਰਹੀ ਸੀ ਜਦੋਂ ਇਹ ਬੱਸ ਬਹਾਦਰਗੜ੍ਹ ਤੋਂ ਚੱਲੀ ਤਾਂ ਥੋੜੀ ਦੂਰ ਤਕ ਜਾਣ ਉਪਰੰਤ ਹੀ ਇਸ ਬੱਸ ਦ ਅੱਗੇ ਜਾ ਰਹੀ ਜਸਦੇਵ ਸੰਧੂ ਸਕੂਲ ਤੇ ਕਾਲਜ ਦੀ ਬੱਸ ਨੇ ਇਕਦਮ ਬਰੇਕਾਂ ਲਗਾ ਦਿਤੀਆਂ, ਜਿਸ ਕਾਰਨ ਪੀ ਆਰ ਟੀ ਸੀ ਦੀ ਬੱਸ ਨੇ ਵੀ ਬਰੇਕਾਂ ਲਗਾ ਦਿਤੀਆਂ, ਪੀ ਆਰ ਟੀ ਸੀ ਬੱਸ ਦੇ ਪਿੱਛੇ ਆ ਰਿਹਾ ਮਿੰਨੀ ਟਰੱਕ ਤੇਜ ਰਫਤਾਰ ਨਾਲ ਪੀ ਆਰ ਟੀ ਸੀ ਦੀ ਬੱਸ ਦੇ ਪਿਛਲੇ ਪਾਸੇ ਆ ਵਜਿਆ, ਜਿਸ ਕਾਰਨ ਪੀ ਆਰ ਟੀ ਸੀ ਦੀ ਬੱਸ ਆਪਣੇ ਅੱਗੇ ਖੜੀ ਸਕੂਲ ਬੱਸ ਵਿਚ ਜਾ ਟਕਰਾਈ|
ਇਸ ਹਾਦਸੇ ਵਿਚ ਪੀ ਆਰ ਟੀ ਸੀ ਬੱਸ,ਸਕੂਲ ਬੱਸ ਅਤੇ ਮਿੰਨੀ ਟੱਰਕ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਇਹਨਾਂ ਤਿੰਨੇ ਵਾਹਨਾਂ ਦੇ ਸ਼ੀਸ਼ੇ ਟੁੱੱਟ ਗਏ| ਇਸ ਹਾਦਸੇ ਵਿਚ ਕਿਸੇ ਵੀ ਵਿਅਕਤੀ ਦੇ ਸੱਟਾਂ ਤਾਂ ਨਹੀਂ ਲੱਗੀਆਂ ਪਰ ਜੋਰ ਦਾ ਝਟਕਾ ਬੱਸ ਵਿਚ ਬੈਠੀਆਂ ਸਾਰੀਆਂ ਹੀ ਸਵਾਰੀਆਂ  ਨੂੰ ਲਗਿਆ| ਇਸ  ਹਾਦਸੇ ਕਾਰਨ ਉਸ ਥਾਂ ਉਪਰ ਲੰਮਾਂ ਜਾਮ ਲੱਗ ਗਿਆ ਅਤੇ ਦੋਵੇਂ ਪਾਸੇ ਕਈ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ| ਹਾਦਸੇ ਵਾਲੀ ਥਾਂ ਉਪਰ ਪੁਲੀਸ ਹਾਦਸੇ ਤੋਂ ਇਕ ਘੰਟਾ ਬਾਅਦ ਪਹੁੰਚੀ ਜਿਸਨੇ ਵਾਹਨਾਂ ਨੂੰ ਪਾਸੇ ਕਰਵਾ ਕੇ ਰਸਤਾ ਖੁਲਵਾਇਆ|
ਹਾਦਸਾਗ੍ਰਸਤ ਪੀ ਆਰ ਟੀ ਸੀ ਦੇ ਡਰਾਈਵਰ ਤੇ ਕੰਡਕਟਰ ਵਲੋਂ ਹਾਦਸੇ ਤੋਂ ਤੁਰੰਤ ਬਾਅਦ ਹਾਦਸੇ ਦੀ ਸੁਚਨਾ ਆਪਣੇ ਉਚ ਅਧਿਕਾਰੀਆਂ ਨੂੰ ਦੇ ਕੇ ਮੌਕੇ ਉਪਰ ਸਵਾਰੀਆਂ ਨੂੰ ਉਹਨਾਂ ਦੀ ਮੰਜਿਲ ਉਪਰ ਪਹੁੰਚਾਉਣ ਲਈ ਬੱਸ ਭੇਜਣ ਬਾਰੇ ਕਿਹਾ ਗਿਆ ਪਰ ਪੀ ਆਰ ਟੀ ਸੀ ਦੀ ਅਗਲੀ ਬੱਸ ਪੂਰੇ ਸਵਾ ਘੰਟੇ ਬਾਅਦ ਪਹੁੰਚੀ| ਬਹਾਦਰਗੜ੍ਹ ਵਿਖੇ ਫਲਾਈਓਵਰ ਦੀ ਉਸਾਰੀ ਹੋਣ ਕਾਰਨ ਰਸਤਾ ਹਮੇਸ਼ਾ ਵਾਂਗ ਹੀ ਜਾਮ ਰਹਿੰਦਾ ਹੈ ਅਤੇ ਉਥੇ ਹਰ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ|

Leave a Reply

Your email address will not be published. Required fields are marked *