ਬਹਾਰ ਚੋਣਾਂ ਨੇ ਰਾਜਨੀਤੀ ਵਿੱਚ ਲਿਆਂਦੀ ਗਰਮੀ ਲਾਲੂ ਅਤੇ ਨਿਤੀਸ਼ ਦਾ ਵਕਾਰ ਦਾਅ ਤੇ, ਕਾਂਗਰਸ ਅਤੇ ਭਾਜਪਾ ਦਾ ਵੀ ਤੈਅ ਹੋਵੇਗਾ ਸਿਆਸੀ ਭਵਿੱਖ


ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਬਿਹਾਰ ਭਾਰਤ ਦਾ ਕੇਂਦਰੀ ਰਾਜ ਹੈ ਜਿਥੇ ਕਿ ਤਿੰਨ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ| ਇਹ ਉਹ ਸੂਬਾ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਜਾਤੀਵਾਦੀ ਰਾਜਨੀਤੀ ਭਾਰੂ ਰਹੀ ਹੈ ਅਤੇ ਵੱਖ ਵੱਖ ਸੀਟਾਂ ਤੇ ਵੱਖੋਂ ਵੱਖਰੀਆਂ ਜਾਤੀਆਂ ਦੀ ਆਬਾਦੀ ਦੇ ਹਿਸਾਬ ਨਾਲ ਹੀ ਚੋਣਾਂ ਦਾ ਹਿਸਾਬ ਕਿਤਾਬ ਲਗਾਇਆ ਜਾਂਦਾ ਹੈ| ਇਸ ਵਾਰ ਦੀ ਬਿਹਾਰ ਚੋਣਾਂ ਦੀ ਚੁਣਾਵੀ ਟੱਕਰ ਮੁੱਖ ਤੌਰ ਤੇ ਯਾਦਵਾਂ ਅਤੇ ਪਿਛੜਿਆਂ ਦੀ ਰਾਜਨੀਤੀ ਕਰਨ ਵਾਲੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਅਤੇ ਸਾਫ ਸੁਥਰੇ ਪ੍ਰਸ਼ਾਸ਼ਨ ਦਾ ਦਾਅਵਾ ਕਰਨ ਵਾਲੇ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਚਲਾਉਣ ਵਾਲੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਇਟਿਡ ਦੇ ਵਿਚਾਲੇ ਹੀ ਕੇਂਦਰਿਤ ਹੈ ਅਤੇ ਪੂਰੇ ਦੇਸ਼ ਦੀਆਂ ਨਜਰਾਂ ਬਿਹਾਰ ਵਿਧਾਨਸਭਾ ਚੋਣਾਂ ਉਪਰ ਲੱਗੀਆਂ ਹੋਈਆਂ ਹਨ| 
ਨਿਤੀਸ਼ ਕੁਮਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਸਾਥ ਹਾਸਿਲ ਹੈ ਜਦੋਂਕਿ ਐਨ ਡੀ ਏ ਵਿੱਚ ਸ਼ਾਮਿਲ ਲੋਕਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨਿਤੀਸ਼ ਕੁਮਾਰ ਦਾ ਵਿਰੋਧ ਕਰ ਰਹੇ ਹਨ| ਦੂਜੇ ਪਾਸੇ ਆਰ ਜੇ ਡੀ ਦੀ ਅਗਵਾਈ ਕਰ ਰਹੇ ਤੇਜਸਵੀ ਯਾਦਵ ਨੂੰ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦਾ ਸਾਥ ਹਾਸਿਲ ਹੈ| 
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ ਪਰੰਤੂ ਮੁੱਖ ਤੌਰ ਤੇ ਟੱਕਰ ਨਿਤੀਸ਼ ਕੁਮਾਰ ਦੇ ਦੁਬਾਰਾ ਮੁੱਖ ਮੰਤਰੀ ਬਣਨ ਜਾਂ ਨਾ ਬਣਨ ਦੇ ਟੀਚੇ ਤਹਿਤ ਹੀ ਲੜੀ ਜਾ ਰਹੀ ਹੈ| ਨਿਤੀਸ਼ ਕੁਮਾਰ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਬਿਹਾਰ ਵਿੱਚ ਮੁੜ ਨਿਤੀਸ਼ ਸਰਕਾਰ ਬਣੇਗੀ ਜਦੋਂਕਿ ਉਹਨਾਂ ਦੇ ਵਿਰੋਧੀ ਕਿਸੇ ਵੀ ਕੀਮਤ ਤੇ ਨਿਤੀਸ਼ ਨੂੰ ਮੁੱਖ ਮੰਤਰੀ ਨਾ ਬਣਨ ਦੇਣ ਦੇ ਚਾਹਵਾਨ ਹਨ| ਦੂਜੇ ਪਾਸੇ ਨਿਤੀਸ਼ ਕੁਮਾਰ ਅਤੇ ਭਾਜਪਾ ਪੂਰੀ ਤਿਆਰੀ ਨਾਲ ਬਿਹਾਰ ਚੋਣਾਂ ਵਿਚ ਕੁੱਦੀਆਂ ਹਨ|
ਬਿਹਾਰ ਭਾਰਤ ਦਾ ਇਕ ਅਜਿਹਾ ਸੂਬਾ ਹੈ, ਜਿਥੇ ਕਿ ਮਜਦੂਰ ਵਰਗ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਮਜਦੂਰਾਂ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਕਰਦੀਆਂ ਹਨ| ਇਹਨਾਂ ਵਿਚੋਂ ਵੱਡੀ ਗਿਣਤੀ ਬਿਹਾਰੀ ਮਜਦੂਰ ਅਜਿਹੇ ਹਨ ਜਿਹੜੇ ਕੋਰੋਨਾ ਦੀ ਮਹਾਮਾਰੀ ਕਾਰਨ ਵਾਪਸ ਆਪੋ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਉਹਨਾਂ ਦੀਆਂ ਵੋਟਾ ਨੇ ਵੀ ਇਸ ਵਾਰ ਅਹਿਮ ਰੋਲ ਨਿਭਾਉਣਾ ਹੈ| 
ਇਹਨਾਂ ਚੋਣਾ ਦੌਰਾਨ ਜਿੱਥੇ ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ ਆਪੋ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਉੱਥੇ ਕੌਮੀ ਪਾਰਟੀਆਂ (ਭਾਜਪਾ ਅਤੇ ਕਾਂਗਰਸ) ਵੀ ਇਸ ਵਿੱਚ ਆਪੋ ਆਪਣਾ ਫਾਇਦਾ ਦੇਖ ਰਹੀਆਂ ਹਨ| ਬਿਹਾਰ ਚੋਣਾਂ ਵਿਚ ਜਿੱਥੇ ਭਾਜਪਾ ਨੂੰ ਆਪਣੀ ਵੱਡੀ ਜਿੱਤ ਦਿਖ ਰਹੀ ਹੈ, ਉਥੇ ਕਾਂਗਰਸ ਵੀ ਇਹਨਾਂ ਚੋਣਾਂ ਨੂੰ ਲੈ ਕੇ ਆਫੀ ਆਸਵੰਦ ਹੈ| 
ਹਾਲਾਂਕਿ ਰਾਜਨੀਤੀ ਵਿਚ ਕਦੋਂ ਕੀ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ| ਬਿਹਾਰ ਵਿੱਚ ਬੀਤੇ ਸਮੇਂ ਦੇ ਕਈ ਦੋਸਤ ਇਸ ਵੇਲੇ ਕੱਟੜ ਦੁਸ਼ਮਣ ਬਣੇ ਹੋਏ ਹਨ ਅਤੇ ਇਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ| ਇਸਤੋਂ ਇਹਨਾਂ ਚੋਣਾਂ ਵਿੱਚ ਇਸ ਸਮੇਂ ਵੱਡੀ ਗਿਣਤੀ ਉਮੀਦਵਾਰ ਆਪਣੀਆਂ ਪਾਰਟੀਆਂ ਤੋਂ ਬਾਗੀ ਹੋ ਕੇ ਵੀ ਚੋਣਾਂ ਲੜ ਰਹੇ ਹਨ ਜੋ ਕਿ ਜਿੱਤ ਹਾਰ ਦਾ ਹਿਸਾਬ ਕਿਤਾਬ ਬਦਲ ਸਕਦੇ ਹਨ| 
ਕੋਰੋਨਾ ਦੀ ਮਹਾਮਾਰੀ ਕਾਰਨ  ਦੇਸ਼ ਵਿੱਚ ਵਧੀ ਬੇਰੁਜਗਾਰੀ ਅਤੇ ਲੋਕਾਂ ਦੀ ਆਰਥਿਕ ਤਬਾਹੀ ਤੋਂ ਬਾਅਦ ਇਹ ਪਹਿਲੀ ਚੋਣ ਹੈ ਜਿਸਨੂੰ ਕੇਂਦਰ ਦੀ ਸੱਤਾ ਤੇ ਕਾਬਿਜ ਮੋਦੀ ਸਰਕਾਰ ਦੀ ਕਾਰਗੁਜਾਰੀ ਤੇ ਲੋਕਾਂ ਦਾ ਪ੍ਰਤੀਕਰਮ ਸਾਮ੍ਹਣੇ ਲਿਆਉਣਾ ਹੈ| ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿਲਾਂ ਦਾ ਪ੍ਰਭਾਵ ਵੀ ਇਹਨਾਂ ਚੋਣਾ ਤੇ ਪੈਂਦਾ ਦਿਖ ਰਿਹਾ ਹੈ ਅਤੇ ਇਹਨਾਂ ਚੋਣਾਂ ਦੇ ਕੌਮੀ ਮਹੱਤਵ ਕਾਰਨ ਇਹਨਾਂ ਚੋਣਾਂ ਨੇ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਗਰਮੀ ਲਿਆ ਦਿੱਤੀ ਹੈ| ਬਿਹਾਰ ਪਹਿਲਾਂ ਵੀ ਪੂਰੇ ਦੇਸ਼ ਦੀ ਰਾਜਨੀਤੀ ਦੀ ਅਗਵਾਈ ਕਰਦਾ ਰਿਹਾ ਹੈ ਅਤੇ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਬਿਹਾਰ ਚੋਣਾਂ ਦੇ ਨਤੀਜੇ ਕੀ ਰੰਗ ਵਿਖਾਉਂਦੇ ਹਨ|

Leave a Reply

Your email address will not be published. Required fields are marked *