ਬਹੁਜਨ ਸਮਾਜ ਪਾਰਟੀ ਵਲੋਂ ਰੋਸ ਪ੍ਰਦਰਸ਼ਨ, ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ

ਐਸ.ਏ.ਐਸ.ਨਗਰ, 4 ਅਗਸਤ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਪੰਜਾਬ ਦੇ ਸਰਹੱਦੀ ਤਿੰਨ ਜਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਜਹਿਰੀਲੀ ਸ਼ਰਾਬ ਪੀਣ ਕਾਰਨ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ  ਪਾਰਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਚਪੜਚਿੜੀ ਦੀ ਅਗਵਾਈ ਹੇਠ ਡੀ ਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ| ਬਾਅਦ ਵਿੱਚ ਪਾਰਟੀ ਆਗੂਆਂ ਦੇ ਇੱਕ ਵਫਦ ਵਲੋਂ ਮੁਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ  ਨੂੰ ਮਿਲ ਕੇ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਨੂੰ ਭੰਗ ਕੀਤਾ ਜਾਵੇ| 
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਹਿਰੀਲੀ ਸ਼ਰਾਬ ਪੀਣ ਕਾਰਨ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦਾ ਅੰਕੜਾ ਹਰ ਰੋਜ ਵੱਧ ਰਿਹਾ ਹੈ ਜਿਸਦੇ ਲਈ ਬਹੁਜਨ ਸਮਾਜ ਪਾਰਟੀ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਮੰਨਦੀ ਹੈ| ਸ਼ਰਾਬ ਨਾਲ ਸੰਬਧਿਤ ਆਬਕਾਰੀ ਵਿਭਾਗ ਸਿੱਧਾ ਮੁੱਖ ਮੰਤਰੀ ਅਧਿਨ ਆਉਂਦਾ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਭ ਦੇ ਬਾਵਜੂਦ ਜਹਿਰੀਲੀ ਸ਼ਰਾਬ ਕਾਰਨ 100 ਤੋਂ ਵੱਧ ਮੌਤਾਂ ਦਾ ਹੋਣਾ ਸ਼ਰਮਨਾਕ ਅਤੇ ਨਿੰਦਣਯੋਗ ਹੈ| 
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੱਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਜੱਦੀ ਜਿਲ੍ਹੇ ਪਟਿਆਲੇ ਵਿੱਚ ਰਾਜਪੁਰਾ, ਘਨੌਰ, ਖੰਨਾ ਅਤੇ ਮੁਹਾਲੀ ਵਿੱਚ ਨਕਲੀ ਸ਼ਰਾਬ ਬਨਾਉਣ ਵਾਲੀਆਂ ਚੱਲਦੀਆਂ ਫੈਕਟਰੀਆਂ ਫੜ੍ਹੇ ਜਾਣ ਦੇ ਬਾਵਜੂਦ ਸਰਕਾਰ ਵਲੋਂ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਗਈ| 
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਜਮਾਤ, ਸਰਕਾਰੀ ਅਫਸਰਾਂ, ਪੁਲੀਸ ਅਤੇ ਅਪਰਾਧੀਆਂ ਦਾ ਗਠਜੋੜ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਘੁਣ ਵਾਂਗ ਪਿੱਛਲੇ ਸਾਢੇ ਤਿੰਨ ਸਾਲਾ ਤੋਂ ਖਾ ਰਿਹਾ ਹੈ ਜਿਸ ਕਾਰਨ ਸੂਬੇ ਤੇ ਕਰਜੇ ਦੀ ਪੰਡ ਲਗਾਤਾਰ ਵੱਧ ਰਹੀ ਹੈ ਅਤੇ ਤਕਰੀਬਨ 2.50 ਲੱਖ ਕਰੋੜ ਰਪਏ ਦਾ ਕਰਜ ਚੜ੍ਹ ਚੁੱਕਾ ਹੈ| ਵਫਦ ਵਿੱਚ ਹੋਰਨਾਂ ਤੋਂ ਇਲਾਵਾ  ਹਰਨੇਕ ਸਿੰਘ ਜੋਨ ਇੰਚਾਰਜ ਆਨੰਦਪੁਰ ਸਾਹਿਬ,ਜਗਤਾਰ ਸਿੰਘ ਇੰਚਾਰਜ ਮੁਹਾਲੀ, ਹਰਬੰਸ ਸਿੰਘ ਹਲਕਾ ਪ੍ਰਧਾਨ ਮੁਹਾਲੀ, ਹਰਨੇਕ ਸਿੰਘ ਖਜਾਂਨਚੀ, ਸਵਰਨ ਸਿੰਘ ਲਾਂਡਰਾ ਮੁਹਾਲੀ ਹਲਕਾ, ਮੋਹਨ ਲਾਲ ਪ੍ਰਧਾਨ ਗੁਰੂ ਨਾਨਕ ਕਲੋਨੀ, ਰਜੀਵ ਕੁਮਾਰ ਪ੍ਰਧਾਨ ਊਧਮ ਸਿੰਘ ਕਾਲੋਨੀ ਅਤੇ ਧਰਮ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *